ਸਾਬਕਾ ਵਿਧਾਇਕ ਜੀਤ ਮਹਿੰਦਰ ਸਿੱਧੂ ਨੂੰ ਅਕਾਲੀ ਦਲ ਨੇ ਕੀਤਾ ਮੁਅੱਤਲ

ਏਜੰਸੀ

ਖ਼ਬਰਾਂ, ਰਾਜਨੀਤੀ

ਕਾਰਨ ਦੱਸੋ ਨੋਟਿਸ ਜਾਰੀ ਕਰ ਕੇ 24 ਘੰਟਿਆਂ 'ਚ ਮੰਗਿਆ ਜਵਾਬ

SAD suspends four-time MLA Jeet Mohinder Sidhu

ਚੰਡੀਗੜ੍ਹ (ਸੁਰਜੀਤ ਸਿੰਘ ਸੱਤੀ) : ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਪਾਰਟੀ ਦੇ ਤਲਵੰਡੀ ਸਾਬੋ ਤੋਂ ਆਗੂ ਸਰਦਾਰ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਵਿਚੋਂ ਮੁਅੱਤਲ ਕਰਨ ਦੇ ਹੁਕਮ ਦਿਤੇ ਹਨ ਤੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਪੁਛਿਆ ਹੈ ਕਿ ਕਿਉਂ ਨਾ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢ ਦਿਤਾ ਜਾਵੇ।

ਅੱਜ ਸਾਬਕਾ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਵਾਲੀ ਅਨੁਸ਼ਾਸਨੀ ਕਮੇਟੀ ਨੇ ਹਲਕਾ ਤਲਵੰਡੀ ਸਾਬੋ ਦੇ ਇੰਚਾਰਜ ਸਰਦਾਰ ਜੀਤ ਮਹਿੰਦਰ ਸਿੰਘ ਸਿੱਧੂ ਵਿਰੁਧ ਮਿਲੀ ਸ਼ਿਕਾਇਤ ’ਤੇ ਵਰਚੁਅਲ ਮੀਟਿੰਗ (ਵੀਡੀਉ ਕਾਨਫ਼ਰੰਸ) ਕਰ ਕੇ ਚਰਚਾ ਕੀਤੀ। ਇਹ ਸ਼ਿਕਾਇਤ ਤਲਵੰਡੀ ਸਾਬੋ ਦੇ ਪਾਰਟੀ ਆਗੂਆਂ ਤੇ ਵਰਕਰਾਂ ਨੇ ਪਾਰਟੀ ਦੇ ਬਠਿਡਾ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਨੂੰ ਦਿਤੀ ਸੀ

ਜਿਨ੍ਹਾਂ ਨੇ ਅੱਗੇ ਸ਼ਿਕਾਇਤ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਨੂੰ ਭੇਜੀ। ਪਾਰਟੀ ਦੇ ਬੁਲਾਰੇ ਨੇ ਦਸਿਆ ਕਿ ਅੱਜ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਜਿਸ ਦੀ ਪ੍ਰਧਾਨਗੀ ਕਮੇਟੀ ਦੇ ਚੇਅਰਮੈਨ ਸਾਬਕਾ ਮੰਤਰੀ ਸਰਦਾਰ ਸਿਕੰਦਰ ਸਿੰਘ ਮਲੂਕਾ ਨੇ ਕੀਤੀ। ਇਸ ਵਿਚ ਸਰਦਾਰ ਵਿਰਸਾ ਸਿੰਘ ਵਲਟੋਹਾ, ਸਰਦਾਰ ਸ਼ਰਨਜੀਤ ਸਿੰਘ ਢਿੱਲੋਂ, ਮਨਤਾਰ ਸਿੰਘ ਬਰਾੜ ਤੇ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਸ਼ਮੂਲੀਅਤ ਕੀਤੀ।

ਉਨ੍ਹਾਂ ਦਸਿਆ ਕਿ ਹਲਕੇ ਦੀ ਲੀਡਰਸ਼ਿਪ ਵਲੋਂ ਭੇਜੀ ਸ਼ਿਕਾਇਤ ’ਤੇ ਚਰਚਾ ਮਗਰੋਂ ਫ਼ੈਸਲਾ ਲਿਆ ਗਿਆ ਕਿ ਸ. ਜੀਤ ਮਹਿੰਦਰ ਸਿੰਘ ਸਿੱਧੂ ਨੂੰ ਤੁਰਤ ਪ੍ਰਭਾਵ ਨਾਲ ਸਸਪੈਂਡ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ 24 ਘੰਟੇ ਵਿਚ ਜਵਾਬ ਮੰਗਿਆ ਗਿਆ ਕਿ ਕਿਉਂ ਨਾ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢ ਦਿਤਾ ਜਾਵੇ। ਅਨੁਸ਼ਾਸਨੀ ਕਮੇਟੀ ਨੇ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਪਾਰਟੀ ਵਿਰੁਧ ਅਨੁਸ਼ਾਸਨਹੀਣਤਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਪਾਰਟੀ ਦੇ ਹੁਕਮ ਸੱਭ ਤੋਂ ਸਰਵਉੱਚ ਰਹਿਣਗੇ।