ਨੈਸ਼ਨਲ ਕਾਨਫ਼ਰੰਸ ਨੇ ਕਾਂਗਰਸ ਨੂੰ ‘ਸੁਰੱਖਿਅਤ ਸੀਟ’ ਦੇਣ ਤੋਂ ਇਨਕਾਰ ਕੀਤਾ

ਏਜੰਸੀ

ਖ਼ਬਰਾਂ, ਰਾਜਨੀਤੀ

ਕਾਂਗਰਸ ਨੇ ਜੰਮੂ-ਕਸ਼ਮੀਰ ਵਿਚ ਰਾਜ ਸਭਾ ਚੋਣ ਨਾ ਲੜਨ ਦਾ ਫੈਸਲਾ ਕੀਤਾ 

ਨੈਸ਼ਨਲ ਕਾਨਫ਼ਰੰਸ ਨੇ ਕਾਂਗਰਸ ਨੂੰ ‘ਸੁਰੱਖਿਅਤ ਸੀਟ’ ਦੇਣ ਤੋਂ ਇਨਕਾਰ ਕੀਤਾ

ਸ੍ਰੀਨਗਰ : ਜੰਮੂ-ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤਾਰਿਕ ਹਾਮਿਦ ਕੱਰਾ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ 24 ਅਕਤੂਬਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਚਾਰ ਸੀਟਾਂ ਉਤੇ ਹੋਣ ਵਾਲੀਆਂ ਰਾਜ ਸਭਾ ਚੋਣਾਂ ਨਹੀਂ ਲੜੇਗੀ ਕਿਉਂਕਿ ਗਠਜੋੜ ਭਾਈਵਾਲ ਨੈਸ਼ਨਲ ਕਾਨਫਰੰਸ ਵਲੋਂ ਉਸ ਨੂੰ ‘ਸੁਰੱਖਿਅਤ ਸੀਟ’ ਦੇਣ ਤੋਂ ਇਨਕਾਰ ਕਰ ਦਿਤਾ ਗਿਆ ਹੈ।

ਇੱਥੇ ਪਾਰਟੀ ਨੇਤਾਵਾਂ ਦੀ ਲੰਮੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੱਰਾ ਨੇ ਕਿਹਾ ਕਿ ਸਰਬਸੰਮਤੀ ਨਾਲ ਇਸ ਗੱਲ ਉਤੇ ਸਹਿਮਤੀ ਬਣੀ ਹੈ ਕਿ ਕਾਂਗਰਸ ਰਾਜ ਸਭਾ ਚੋਣਾਂ ਨਹੀਂ ਲੜੇਗੀ। 

ਕੱਰਾ ਨੇ ਕਿਹਾ ਕਿ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੇ ਰਾਜ ਸਭਾ ਦੀਆਂ ਦੋ ਸੀਟਾਂ ਵਿਚੋਂ ਇਕ ਸੀਟ ਦੀ ਮੰਗ ਕੀਤੀ ਸੀ, ਜਿੱਥੇ ਵੱਖਰੇ ਤੌਰ ਉਤੇ ਵੋਟਾਂ ਪੈ ਰਹੀਆਂ ਹਨ ਪਰ ਨੈਸ਼ਨਲ ਕਾਨਫਰੰਸ ਨੇ ਪਾਰਟੀ ਨੂੰ ਦੋ ਸੀਟਾਂ ਵਿਚੋਂ ਇਕ ਸੀਟ ਦੀ ਪੇਸ਼ਕਸ਼ ਕੀਤੀ ਹੈ। 

ਨੈਸ਼ਨਲ ਕਾਨਫਰੰਸ ਪਹਿਲਾਂ ਹੀ ਰਾਜ ਸਭਾ ਚੋਣਾਂ ਲਈ ਅਪਣੇ ਤਿੰਨ ਉਮੀਦਵਾਰਾਂ ਦਾ ਨਾਮ ਲੈ ਚੁਕੀ ਹੈ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਉਹ ਵਿਧਾਨ ਸਭਾ ਵਿਚ ਅਪਣੀ ਤਾਕਤ ਦੀ ਵਰਤੋਂ ਤਿੰਨਾਂ ਨੂੰ ਜਿੱਤਣ ਨੂੰ ਯਕੀਨੀ ਬਣਾਉਣ ਲਈ ਕਰੇਗੀ। 

ਹਾਲਾਂਕਿ ਨੈਸ਼ਨਲ ਕਾਨਫਰੰਸ ਦੇ ਤਿੰਨਾਂ ਉਮੀਦਵਾਰਾਂ ਨੂੰ ਗਠਜੋੜ ਭਾਈਵਾਲਾਂ ਦੇ ਸਮਰਥਨ ਤੋਂ ਬਿਨਾਂ ਵੀ ਜਿੱਤ ਦਾ ਭਰੋਸਾ ਹੈ, ਸੱਤਾਧਾਰੀ ਗਠਜੋੜ ਦੇ ਚੌਥੇ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਭਾਜਪਾ ਵਿਰੋਧੀ ਹਰ ਵੋਟ ਦੀ ਜ਼ਰੂਰਤ ਹੋਵੇਗੀ। 

ਚੌਥੀ ਸੀਟ ਉਤੇ ਜਿੱਤ ਯਕੀਨੀ ਬਣਾਉਣ ਲਈ ਪੀ.ਡੀ.ਪੀ. ਦੇ ਤਿੰਨ ਵਿਧਾਇਕਾਂ, ਪੀਪਲਜ਼ ਕਾਨਫਰੰਸ, ਅਵਾਮੀ ਇਤੇਹਾਦ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਇਕ-ਇਕ ਵਿਧਾਇਕਾਂ ਨੂੰ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਦੇਣੀ ਪਵੇਗੀ।