ਜੰਮੂ-ਕਸ਼ਮੀਰ ਵਿਧਾਨ ਸਭਾ ’ਚ ਫਿਲਮ ਦੀ ਸ਼ੂਟਿੰਗ ਨੂੰ ਲੈ ਕੇ ਸਿਆਸਤਦਾਨ ਅਤੇ ਫ਼ਿਲਮਕਾਰ ਆਹਮੋ-ਸਾਹਮਣੇ

ਏਜੰਸੀ

ਖ਼ਬਰਾਂ, ਰਾਜਨੀਤੀ

ਉਮਰ ਅਬਦੁੱਲਾ ਨੇ ਕੀਤੀ ਆਲੋਚਨਾ, ਹੰਸਲ ਮਹਿਤਾ ਨੇ ਇਸ ਨੂੰ ਅਪਮਾਨਜਨਕ ਦਸਿਆ

Hansal Mehta and Omar Abdullah
  • ਇਸ ਅਸੁਭਾਵਕ ਰਵੱਈਏ ਕਾਰਨ ਹੀ ਭਾਰਤ ਨੂੰ ਸ਼ੂਟਿੰਗ ਲਈ ਅਨੁਕੂਲ ਸਥਾਨ ਨਹੀਂ ਮੰਨਿਆ ਜਾਂਦਾ ਅਤੇ ਅਸੀਂ ਅਕਸਰ ਵਿਦੇਸ਼ਾਂ ’ਚ ਸ਼ੂਟਿੰਗ ਕਰਨਾ ਪਸੰਦ ਕਰਦੇ ਹਾਂ : ਹੰਸਲ ਮਹਿਤਾ

ਮੁੰਬਈ: ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਕੰਪਲੈਕਸ ’ਚ ਫਿਲਮ ਦੀ ਸ਼ੂਟਿੰਗ ਦੀ ਇਜਾਜ਼ਤ ਦੇਣ ਦੀ ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਵਲੋਂ ਦੀ ਆਲੋਚਨਾ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਨਿਰਦੇਸ਼ਕ ਹੰਸਲ ਮਹਿਤਾ ਨੇ ਕਿਹਾ ਕਿ ਇਸ ਤਰ੍ਹਾਂ ਦੇ ‘ਅਸੁਭਾਵਤ ਰਵੱਈਏ’ ਕਾਰਨ ਭਾਰਤ ਨੂੰ ਫਿਲਮ ਦੀ ਸ਼ੂਟਿੰਗ ਲਈ ਅਨੁਕੂਲ ਸਥਾਨ ਨਹੀਂ ਮੰਨਿਆ ਜਾਂਦਾ। 

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਬਦੁੱਲਾ ਨੇ ਸ਼ੁਕਰਵਾਰ ਨੂੰ ਵਿਧਾਨ ਸਭਾ ਕੰਪਲੈਕਸ ਦੇ ਅੰਦਰ ਹੁਮਾ ਕੁਰੈਸ਼ੀ ਦੀ ਫਿਲਮ ‘ਮਹਾਰਾਣੀ’ ਦੀ ਸ਼ੂਟਿੰਗ ਦੀ ਇਜਾਜ਼ਤ ਦੇਣ ਲਈ ਜੰਮੂ-ਕਸ਼ਮੀਰ ਪ੍ਰਸ਼ਾਸਨ ਦੀ ਆਲੋਚਨਾ ਕੀਤੀ ਸੀ ਅਤੇ ਇਸ ਨੂੰ ‘ਬੇਹੱਦ ਸ਼ਰਮਨਾਕ’ ਕਰਾਰ ਦਿਤਾ ਸੀ। 

‘ਸਕੈਮ 1992’ ਅਤੇ ‘ਸਕੂਪ’ ਵਰਗੀਆਂ ਕਲਾਸਿਕ ਵੈੱਬ ਸੀਰੀਜ਼ ਦੇ ਨਿਰਮਾਤਾ ਹੰਸਲ ਮਹਿਤਾ ਨੇ ਅਬਦੁੱਲਾ ਦੀ ਪੋਸਟ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਇਸ ਨੂੰ ‘ਅਪਮਾਨਜਨਕ’ ਅਤੇ ‘ਪਿਛਾਂਹ ਖਿੱਚਣ ਵਾਲਾ’ ਕਰਾਰ ਦਿਤਾ।

ਹੰਸਲ ਮਹਿਤਾ ਨੇ ਕਿਹਾ, ‘‘ਸ਼ਰਮਿੰਦਾ ਹੋਣ ਦੀ ਕੀ ਗੱਲ ਹੈ? ਫਿਲਮ ਵਿਖਾਉਣਾ ਲੋਕਤੰਤਰ ਜਾਂ ‘ਲੋਕਤੰਤਰ ਦੀ ਮਾਂ’ ਦਾ ਅਪਮਾਨ ਕਿਵੇਂ ਕਰ ਸਕਦਾ ਹੈ? ਫਿਲਮ ਦੇ ਸੈੱਟ ’ਤੇ ਅਦਾਕਾਰਾਂ, ਸਹਾਇਕ ਕਲਾਕਾਰਾਂ ਸਮੇਤ ਹਰ ਕੋਈ ਇਸ ਦੇਸ਼ ਦਾ ਨਾਗਰਿਕ ਹੈ ਅਤੇ ਉਨ੍ਹਾਂ ਨੂੰ ਸਨਮਾਨ ਨਾਲ ਕੰਮ ਕਰਨ ਦਾ ਅਧਿਕਾਰ ਹੈ ਅਤੇ ਉਹ ਸਨਮਾਨ ਦੇ ਹੱਕਦਾਰ ਵੀ ਹਨ।’’

ਮਹਿਤਾ ਨੇ ਕਿਹਾ ਕਿ ਦੁਨੀਆਂ ਭਰ ਦੇ ਦੇਸ਼ਾਂ ਵਿਚ ਫਿਲਮ ਨਿਰਮਾਤਾਵਾਂ ਅਤੇ ਅਦਾਕਾਰਾਂ ਨੂੰ ਫਿਲਮਾਂ ਦੀ ਸ਼ੂਟਿੰਗ ਲਈ ਜਨਤਕ ਥਾਵਾਂ, ਸਰਕਾਰੀ ਇਮਾਰਤਾਂ ਅਤੇ ਹੋਰ ਅਦਾਰਿਆਂ ਦੀ ਵਰਤੋਂ ਕਰਨ ਦੀ ਇਜਾਜ਼ਤ ਹੈ।  

ਫਿਲਮ ਨਿਰਮਾਤਾ ਨੇ ਕਿਹਾ, ‘‘ਇਸ ਅਸੁਭਾਵਕ ਰਵੱਈਏ ਕਾਰਨ ਹੀ ਭਾਰਤ ਨੂੰ ਸ਼ੂਟਿੰਗ ਲਈ ਅਨੁਕੂਲ ਸਥਾਨ ਨਹੀਂ ਮੰਨਿਆ ਜਾਂਦਾ ਅਤੇ ਅਸੀਂ ਅਕਸਰ ਵਿਦੇਸ਼ਾਂ ’ਚ ਸ਼ੂਟਿੰਗ ਕਰਨਾ ਪਸੰਦ ਕਰਦੇ ਹਾਂ। ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ ਹਾਂ ਪਰ ਤੁਹਾਡੀ ਇਹ ਟਿਪਣੀ ਬਹੁਤ ਅਪਮਾਨਜਨਕ ਅਤੇ ਅਦੂਰਦਰਸ਼ੀ ਜਾਪਦੀ ਹੈ।’’

ਅਬਦੁੱਲਾ ਨੇ ‘ਐਕਸ’ ’ਤੇ ਅਪਣੀ ਪੋਸਟ ’ਚ ਕਿਹਾ ਸੀ, ‘‘ਲੋਕਤੰਤਰ ਦੀ ਮਾਂ’ ਦੀ ਅਸਲ ਜਗ੍ਹਾ, ਜਿੱਥੇ ਵੱਖ-ਵੱਖ ਧਰਮਾਂ, ਪਿਛੋਕੜਾਂ ਅਤੇ ਵੱਖ-ਵੱਖ ਵਰਗਾਂ ਦੇ ਚੁਣੇ ਹੋਏ ਨੁਮਾਇੰਦੇ ਅਤੇ ਉਨ੍ਹਾਂ ਦੀਆਂ ਪਾਰਟੀਆਂ ਸੂਬੇ ਦੇ ਲੋਕਾਂ ਨਾਲ ਜੁੜੇ ਮਹੱਤਵਪੂਰਨ ਮਾਮਲਿਆਂ ’ਤੇ ਕਾਨੂੰਨ ਬਣਾਉਂਦੀਆਂ ਹਨ, ਉਸ ਜਗ੍ਹਾ ਨੂੰ ਹੁਣ ਅਦਾਕਾਰਾਂ ਅਤੇ ਹੋਰ ਕਲਾਕਾਰਾਂ ਲਈ ਸੈੱਟ ਵਜੋਂ ਵਰਤਿਆ ਜਾ ਰਿਹਾ ਹੈ।’’

ਉਨ੍ਹਾਂ ਕਿਹਾ ਸੀ ਕਿ ਇਹ ਸ਼ਰਮ ਦੀ ਗੱਲ ਹੈ ਕਿ ਜੰਮੂ-ਕਸ਼ਮੀਰ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਇਸ ਦੁਖਦਾਈ ਸਥਿਤੀ ਵਿਚ ਲੋਕਤੰਤਰ ਦਾ ਪ੍ਰਤੀਕ ਲੈ ਕੇ ਆਈ ਹੈ, ਜਿੱਥੇ ਉਹ ਬੈਠ ਕੇ ਰਾਜ ਕਰਦੇ ਸਨ।