ਭਾਜਪਾ ਲੋਕਾਂ ਨੂੰ ਡਰ ਦੇ ਮਾਹੌਲ ਵਿਚ ਰਹਿਣ ਲਈ ਮਜਬੂਰ ਕਰ ਰਹੀ ਹੈ: ਸੋਨੀਆ ਗਾਂਧੀ

ਏਜੰਸੀ

ਖ਼ਬਰਾਂ, ਰਾਜਨੀਤੀ

ਉਹਨਾਂ ਕਿਹਾ ਕਿ 'ਨਵ ਸੰਕਲਪ ਚਿੰਤਨ ਸ਼ਿਵਿਰ' ਸਾਨੂੰ ਉਹਨਾਂ ਚੁਣੌਤੀਆਂ 'ਤੇ ਚਰਚਾ ਕਰਨ ਦਾ ਮੌਕਾ ਦਿੰਦਾ ਹੈ, ਜਿਨ੍ਹਾਂ ਦਾ ਸਾਹਮਣਾ ਦੇਸ਼ ਕਰ ਰਿਹਾ ਹੈ।

Sonia Gandhi at Congress Chintan Shivir



ਉਦੈਪੁਰ:  ਰਾਜਸਥਾਨ ਦੇ ਉਦੈਪੁਰ 'ਚ ਕਾਂਗਰਸ ਦੇ ਤਿੰਨ ਰੋਜ਼ਾ ‘ਨਵ ਸੰਕਲਪ ਚਿੰਤਨ ਸ਼ਿਵਿਰ’ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੇਂਦਰ 'ਚ ਸੱਤਾਧਾਰੀ ਭਾਜਪਾ 'ਤੇ ਸ਼ਬਦੀ ਵਾਰ ਕਰਦੇ ਹੋਏ ਕਿਹਾ ਕਿ ਭਾਜਪਾ ਨੇ ਦੇਸ਼ ਵਾਸੀਆਂ ਨੂੰ ਡਰ ਦੇ ਮਾਹੌਲ 'ਚ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ 'ਨਵ ਸੰਕਲਪ ਚਿੰਤਨ ਸ਼ਿਵਿਰ' ਸਾਨੂੰ ਉਹਨਾਂ ਚੁਣੌਤੀਆਂ 'ਤੇ ਚਰਚਾ ਕਰਨ ਦਾ ਮੌਕਾ ਦਿੰਦਾ ਹੈ, ਜਿਨ੍ਹਾਂ ਦਾ ਸਾਹਮਣਾ ਦੇਸ਼ ਭਾਜਪਾ, ਆਰਐਸਐਸ ਅਤੇ ਇਸ ਦੇ ਸਹਿਯੋਗੀਆਂ ਦੀਆਂ ਨੀਤੀਆਂ ਦੇ ਨਤੀਜੇ ਵਜੋਂ ਕਰ ਰਿਹਾ ਹੈ।

Sonia Gandhi at Congress Chintan Shivir

ਕਾਂਗਰਸ ਪ੍ਰਧਾਨ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਇਹ ਹੁਣ ਸਪੱਸ਼ਟ ਹੋ ਗਿਆ ਹੈ ਕਿ ‘ਮੈਕਸੀਮਮ ਗਰਵਨੈਂਸ ਅਤੇ ਮਿਨੀਮਮ ਗਵਰਮੈਂਟ’ ਨਾਲ ਪ੍ਰਧਾਨ ਮੰਤਰੀ ਮੋਦੀ ਅਤੇ ਉਹਨਾਂ ਦੇ ਸਹਿਯੋਗੀਆਂ ਦਾ ਕੀ ਮਤਲਬ ਹੈ। ਇਸ ਦਾ ਮਤਲਬ ਘੱਟ ਗਿਣਤੀਆਂ 'ਤੇ 'ਵਹਿਸ਼ੀ' ਅੱਤਿਆਚਾਰ ਕਰਨਾ ਹੈ।

Sonia Gandhi at Congress Chintan Shivir

ਆਪਣੇ ਸੰਬੋਧਨ ਵਿਚ ਸੋਨੀਆ ਗਾਂਧੀ ਨੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਕਿਹਾ ਕਿ ਇਹ ਪਾਰਟੀ ਅਤੇ ਵਿਅਕਤੀਗਤ ਪੱਧਰ ’ਤੇ ਸਾਡੇ ਸਾਰਿਆਂ ਲਈ ਚਿੰਤਨ ਅਤੇ ਆਤਮ-ਚਿੰਤਨ ਦਾ ਸਮਾਂ ਹੈ। ਉਹਨਾਂ ਕਿਹਾ ਕਿ ਸੰਸਥਾ ਵਿਚ ਬਦਲਾਅ ਸਮੇਂ ਦੀ ਲੋੜ ਹੈ, ਸਾਨੂੰ ਆਪਣੇ ਕੰਮ ਕਰਨ ਦੇ ਢੰਗ ਨੂੰ ਵੀ ਬਦਲਣ ਦੀ ਲੋੜ ਹੈ। ਸੋਨੀਆ ਗਾਂਧੀ ਨੇ ਲੋਕਾਂ ਨੂੰ ਪਾਰਟੀ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਵੀ ਦਿੱਤਾ। ਸੋਨੀਆ ਗਾਂਧੀ ਨੇ ਕਿਹਾ, "ਅਸੀਂ ਵੱਡੇ ਅਤੇ ਠੋਸ ਯਤਨਾਂ ਨਾਲ ਹੀ ਬਦਲਾਅ ਲਿਆ ਸਕਦੇ ਹਾਂ, ਸਾਨੂੰ ਨਿੱਜੀ ਇੱਛਾਵਾਂ ਨੂੰ ਸੰਗਠਨ ਦੀਆਂ ਜ਼ਰੂਰਤਾਂ ਦੇ ਅਧੀਨ ਰੱਖਣਾ ਹੋਵੇਗਾ।"

Sonia Gandhi

ਉਹਨਾਂ ਫਿਰ ਕਿਹਾ, "ਪਾਰਟੀ ਨੇ ਬਹੁਤ ਕੁਝ ਦਿੱਤਾ ਹੈ ਅਤੇ ਹੁਣ ਕਰਜ਼ਾ ਚੁਕਾਉਣ ਦਾ ਸਮਾਂ ਆ ਗਿਆ ਹੈ। ਇਕ ਵਾਰ ਫਿਰ ਹਿੰਮਤ ਦਿਖਾਉਣ ਦੀ ਲੋੜ ਹੈ। ਹਰ ਸੰਸਥਾ ਨੂੰ ਜ਼ਿੰਦਾ ਰਹਿਣ ਲਈ ਬਦਲਾਅ ਲਿਆਉਣ ਦੀ ਲੋੜ ਹੈ। ਸਾਨੂੰ ਸੁਧਾਰਾਂ ਦੀ ਲੋੜ ਹੈ। ਇਸ ਦੀ ਸਖ਼ਤ ਲੋੜ ਹੈ। ਇਹ ਸਭ ਤੋਂ ਬੁਨਿਆਦੀ ਮੁੱਦਾ ਹੈ।" ਸੋਨੀਆ ਗਾਂਧੀ ਨੇ ਕਿਹਾ, ''ਮੈਂ ਪਾਰਟੀ ਦੇ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਸ਼ਿਵਿਰ 'ਚ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕਰਨ ਪਰ ਇਸ ਨਾਲ ਦੇਸ਼ ਨੂੰ ਇਕ ਮਜ਼ਬੂਤ ​​ਪਾਰਟੀ ਅਤੇ ਏਕਤਾ ਦਾ ਸੰਦੇਸ਼ ਜਾਣਾ ਚਾਹੀਦਾ ਹੈ।'