ਸੰਗਰੂਰ ਜ਼ਿਮਨੀ ਚੋਣ : ਚੋਣ ਮੈਦਾਨ 'ਚ ਉਤਰੇ ਉਮੀਦਵਾਰਾਂ ਦੇ ਸਿਆਸੀ ਪਿਛੋਕੜ 'ਤੇ ਇੱਕ ਝਾਤ
ਚੋਣ ਮੈਦਾਨ 'ਚ ਹਨ 16 ਉਮੀਦਵਾਰ, ਕਿਸ ਦੇ ਨਾਮ 'ਤੇ ਲੱਗੇਗੀ ਮੋਹਰ?
ਸੰਗਰੂਰ : ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਤਿਆਰੀਆਂ ਜ਼ੋਰਾਂ 'ਤੇ ਹਨ। ਸਾਰੇ ਸਿਆਸੀ ਸਿਆਸੀ ਆਗੂ ਆਪਣੀ ਜਿੱਤ ਪੱਕੀ ਕਰਨ ਲਈ ਪੂਰੀ ਸ਼ਿੱਦਤ ਨਾਲ ਚੋਣ ਪ੍ਰਚਾਰ ਕਰ ਰਹੇ ਹਨ। ਉਂਝ ਤਾਂ ਚੋਣ ਮੈਦਾਨ ਵਿਚ ਕੁੱਲ 16 ਉਮੀਦਵਾਰ ਹਨ ਪਰ ਅਸਲ ਮੁਕਾਬਲਾ ਪੰਜ ਪਾਰਟੀਆਂ ਵਿਚਾਲੇ ਹੀ ਹੋਣ ਦਾ ਕਿਆਸ ਲਗਾਇਆ ਜਾ ਰਿਹਾ ਹੈ।
ਇਨ੍ਹਾਂ ਪੰਜ ਪਾਰਟੀਆਂ ਵਿਚ ਆਮ ਆਦਮੀ ਪਾਰਟੀ, ਕਾਂਗਰਸ, ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲੀ ਦਲ (ਅੰਮ੍ਰਿਤਸਰ) ਮੁੱਖ ਤੌਰ 'ਤੇ ਦੇਖੀਆਂ ਜਾ ਰਹੀਆਂ ਹਨ। ਪੰਜਾਬ ਵਿਚ ਸੱਤਾਧਾਰੀ 'ਆਪ' ਵਲੋਂ ਗੁਰਮੇਲ ਸਿੰਘ ਘਰਾਚੋਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ ਜਦਕਿ ਦਲਵੀਰ ਸਿੰਘ ਗੋਲਡੀ ਕਾਂਗਰਸ ਦੀ ਨੁਮਾਇੰਦਗੀ ਕਰਨਗੇ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ) ਵਲੋਂ ਖੁਦ ਸਿਮਰਨਜੀਤ ਸਿੰਘ ਮਾਨ ਹਨ ਜਿਨ੍ਹਾਂ ਦਾ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕਮਲਦੀਪ ਕੌਰ ਰਾਜੋਆਣਾ ਅਤੇ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨਾਲ ਹੋਵੇਗਾ।
ਗੁਰਮੇਲ ਸਿੰਘ ਘਰਾਚੋਂ (AAP)
ਆਮ ਆਦਮੀ ਪਾਰਟੀ (AAP) ਵੱਲੋਂ ਜ਼ਿਮਨੀ ਚੋਣ ਲਈ ਗੁਰਮੇਲ ਸਿੰਘ ਘਰਾਚੋਂ ਨੂੰ ਉਮੀਦਵਾਰੀ ਦਿਤੀ ਗਈ ਹੈ। ਭਾਵੇਂ ਕਿ ਗੁਰਮੇਲ ਸਿੰਘ ਘਰਾਚੋਂ ਆਪਣੀ ਪਹਿਲੀ ਚੋਣ ਲੜ ਰਹੇ ਹਨ ਪਰ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫ਼ੀ ਕਰੀਬੀ ਮੰਨੇ ਜਾਂਦੇ ਹਨ। ਉਨ੍ਹਾਂ ਨੂੰ ਜਿਤਾਉਣ ਲਈ ਸਾਰੇ ਪਾਰਟੀ ਆਗੂਆਂ ਵਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ।
ਦਲਵੀਰ ਸਿੰਘ ਗੋਲਡੀ (Congress)
ਕਾਂਗਰਸ ਪਾਰਟੀ ਵਲੋਂ ਦਲਵੀਰ ਸਿੰਘ ਗੋਲਡੀ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਲੋਕ ਸਭਾ ਲਈ ਪਹਿਲੀ ਵਾਰ ਕਿਸਮਤ ਅਜ਼ਮਾ ਰਹੇ ਦਲਵੀਰ ਸਿੰਘ ਗੋਲਡੀ ਸਾਲ 2017 'ਚ ਧੂਰੀ ਵਿਧਾਨ ਸਭਾ ਹਲਕੇ ਤੋਂ ਜੇਤੂ ਰਹੇ ਸਨ। ਇਸ ਸਾਲ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਦਾ ਮੁਕਾਬਲਾ 'ਆਪ' ਉਮੀਦਵਾਰ ਭਗਵੰਤ ਮਾਨ ਨਾਲ ਹੋਇਆ ਜਿਸ ਵਿਚ ਉਹ ਆਪਣੀ ਜਿੱਤ ਪੱਕੀ ਨਹੀਂ ਕਰ ਸਕੇ ਅਤੇ ਹਾਰ ਦਾ ਸਾਹਮਣਾ ਕਰਨਾ ਪਿਆ।
ਕਮਲਦੀਪ ਕੌਰ ਰਾਜੋਆਣਾ (SAD)
ਸ਼੍ਰੋਮਣੀ ਅਕਾਲੀ ਦਲ ਵੱਲੋਂ ਕਮਲਦੀਪ ਕੌਰ ਰਾਜੋਆਣਾ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਉਹ ਦੂਜੀ ਵਾਰ ਲੋਕ ਸਭਾ ਚੋਣ ਲੜ ਰਹੇ ਹਨ। ਇਸ ਤੋਂ ਪਹਿਲਾਂ ਸਾਲ 2014 'ਚ ਉਨ੍ਹਾਂ ਨੇ ਲੋਕ ਸਭਾ ਹਲਕਾ ਪਟਿਆਲਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਦੱਸ ਦੇਈਏ ਕਿ ਬੀਬੀ ਰਾਜੋਆਣਾ ਫ਼ਾਂਸੀ ਦੀ ਸਜ਼ਾਯਾਫ਼ਤਾ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਹਨ।
ਕੇਵਲ ਸਿੰਘ ਢਿੱਲੋਂ (BJP)
ਭਾਰਤੀ ਜਨਤਾ ਪਾਰਟੀ ਵੱਲੋਂ ਕੇਵਲ ਸਿੰਘ ਢਿੱਲੋਂ ਨੂੰ ਸੰਗਰੂਰ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨਿਆ ਗਿਆ ਹੈ। ਢਿੱਲੋਂ ਦੂਜੀ ਵਾਰ ਲੋਕ ਸਭਾ ਚੋਣ ਲੜ ਰਹੇ ਹਨ। ਉਨ੍ਹਾਂ ਨੇ ਇਸ ਤੋਂ ਪਹਿਲਾਂ ਸਾਲ 2019 ਦੀ ਲੋਕ ਸਭਾ ਚੋਣ ਕਾਂਗਰਸ ਉਮੀਦਵਾਰ ਵੱਜੋਂ ਲੜੀ ਸੀ ਪਰ 'ਆਪ' ਉਮੀਦਵਾਰ ਭਗਵੰਤ ਮਾਨ ਤੋਂ ਹਾਰ ਗਏ ਸਨ। ਇਸ ਤੋਂ ਇਲਾਵਾ ਕੇਵਲ ਸਿੰਘ ਢਿੱਲੋਂ ਸਾਲ 2007 ਅਤੇ 2012 'ਚ ਕਾਂਗਰਸੀ ਉਮੀਦਵਾਰ ਵਜੋਂ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਜੇਤੂ ਰਹੇ ਹਨ ਪਰ ਇਸ ਸਾਲ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਵੱਲੋਂ ਢਿੱਲੋਂ ਨੂੰ ਟਿਕਟ ਨਹੀਂ ਦਿੱਤੀ ਗਈ। ਹੁਣ BJP 'ਚ ਸ਼ਾਮਲ ਹੁੰਦਿਆਂ ਹੀ ਉਨ੍ਹਾਂ ਨੂੰ ਜ਼ਿਮਨੀ ਚੋਣ ਲਈ ਮੈਦਾਨ 'ਚ ਉਤਾਰਿਆ ਗਿਆ ਹੈ।
ਸਿਮਰਨਜੀਤ ਸਿੰਘ ਮਾਨ (SAD (ਅੰਮ੍ਰਿਤਸਰ))
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਖੁਦ ਸਿਮਰਨਜੀਤ ਸਿੰਘ ਮਾਨ ਚੋਣ ਲੜ ਰਹੇ ਹਨ ਅਤੇ ਸੰਗਰੂਰ ਲੋਕ ਸਭਾ ਹਲਕੇ ਲਈ ਉਹ 7ਵੀਂ ਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਸਿਮਰਨਜੀਤ ਸਿੰਘ ਮਾਨ ਨੇ ਸਾਲ 1999 'ਚ ਲੋਕ ਸਭਾ ਚੋਣ ਜਿੱਤੀ ਸੀ, ਜਦੋਂ ਕਿ 1996, 1998, 2004, 2009 ਅਤੇ 2019 ਦੀਆਂ ਲੋਕ ਸਭਾ ਚੋਣਾਂ 'ਚ ਉਹ ਸਫ਼ਲ ਨਹੀਂ ਹੋ ਸਕੇ। ਇਸ ਤੋਂ ਪਹਿਲਾਂ ਉਨ੍ਹਾਂ ਨੇ 1989 'ਚ ਲੋਕ ਸਭਾ ਹਲਕਾ ਤਰਨਤਾਰਨ ਦੀ ਚੋਣ ਵੀ ਜਿੱਤੀ ਸੀ। ਇਸ ਤੋਂ ਇਲਾਵਾ ਮਾਨ ਨੇ ਇਸ ਸਾਲ ਅਮਰਗੜ੍ਹ ਤੋਂ ਵਿਧਾਨ ਸਭਾ ਚੋਣ ਵੀ ਲੜੀ ਸੀ ਪਰ ਆਪਣੀ ਜਿੱਤ ਦਰਜ ਨਹੀਂ ਕਰ ਸਕੇ।
ਦੱਸਣਯੋਗ ਹੈ ਕਿ ਸੰਗਰੂਰ ਲੋਕ ਸਭਾ ਹਲਕੇ ਅਧੀਨ ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਜ਼ਿਲ੍ਹਿਆਂ ਦੇ 9 ਵਿਧਾਨ ਸਭਾ ਹਲਕੇ ਆਉਂਦੇ ਹਨ। ਇਨ੍ਹਾਂ ਵਿਚ ਲਗਭਗ 15,66,390 ਵੋਟਰ ਹਨ। ਸੰਗਰੂਰ ਜ਼ਿਮਨੀ ਚੋਣ 23 ਜੂਨ ਨੂੰ ਹੋਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਸੰਗਰੂਰ ਦੇ ਲੋਕ ਕਿਸ 'ਤੇ ਆਪਣਾ ਭਰੋਸਾ ਦਿਖਾਉਂਦੇ ਹਨ ਅਤੇ ਕਿਹੜੀ ਪਾਰਟੀ ਦੇ ਉਮੀਦਵਾਰ ਨੂੰ ਆਪਣਾ ਨੁਮਾਇੰਦਾ ਚੁਣਦੇ ਹਨ।