ਜੇ ਪੰਜਾਬ ਦਾ ਭਵਿੱਖ ਬਣਾਉਣਾ ਹੈ ਤਾਂ ਭਾਜਪਾ ਦੀ ਸਰਕਾਰ ਲੈ ਕੇ ਆਓ- ਕੈਪਟਨ ਅਮਰਿੰਦਰ ਸਿੰਘ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹਨ ਕਿਉਂਕਿ ਉਹ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਹਨ- ਸੁਖਦੇਵ ਸਿੰਘ ਢੀਂਡਸਾ
ਜਲੰਧਰ : ਸੂਬੇ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜਲੰਧਰ ਪਹੁੰਚੇ ਹੋਏ ਹਨ। ਇਸ ਮੌਕੇ ਭਾਜਪਾ ਗਠਜੋੜ ਦੇ ਸਾਰੇ ਆਗੂ ਹਾਜ਼ਰ ਸਨ। ਪ੍ਰਧਾਨ ਮੰਤਰੀ ਮੋਦੀ ਦੀ ਰੈਲੀ 'ਚ ਕੈਪਟਨ ਅਮਰਿੰਦਰ ਸਿੰਘ ਨੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੂੰ ਤਗੜਾ ਇਨਸਾਨ ਦੱਸਿਆ। ਉਨ੍ਹਾਂ ਕਿਹਾ ਕਿ 30 ਸਾਲ ਬਾਅਦ ਪੀ.ਐੱਮ. ਨੂੰ ਜਲੰਧਰ ਦੀ ਧਰਤੀ 'ਤੇ ਮਿਲਿਆ ਹਾਂ। ਇਸ ਤੋਂ ਪਹਿਲਾਂ ਮੈਂ ਅਤੇ ਪ੍ਰਧਾਨ ਮੰਤਰੀ ਪੰਜਾਬ ਕੇਸਰੀ 'ਚ ਹੋਏ ਇਕ ਸਮਾਗਮ ਦੌਰਾਨ ਮਿਲੇ ਸੀ।
ਰਾਸ਼ਟਰਵਾਦ 'ਤੇ ਕੈਪਟਨ ਨੇ ਕਿਹਾ ਕਿ ਇਕ ਪਾਸੇ ਪਾਕਿਸਤਾਨ, ਚੀਨ ਅਤੇ ਤਾਲਿਬਾਨ ਦੇ ਗਠਜੋੜ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗਾ ਤਗੜਾ ਲੀਡਰ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਕ-ਇਕ ਲੋਕ ਬਾਹਰ ਨਿਕਲੋ, ਭਾਜਪਾ ਦੀ ਸਰਕਾਰ ਬਣਾਓ। ਕੈਪਟਨ ਅਮਰਿੰਦਰ ਨੇ ਕਿਹਾ ਕਿ ਜਿੰਨਾ ਸਮਾਂ ਸੂਬਾ ਸਰਕਾਰ ਤੇ ਕੇਂਦਰ ਦੀ ਸਰਕਾਰ ਇਕੱਠੀਆਂ ਨਹੀਂ ਹੋਣਗੀਆਂ ਉਨ੍ਹਾਂ ਚਿਰ ਕੁਝ ਨਹੀਂ ਹੋ ਸਕਦਾ। ਜਨਤਾ ਨੂੰ ਅਪੀਲ ਕਰਦਿਆਂ ਕੈਪਟਨ ਨੇ ਕਿਹਾ ਕੀ ਜੇ ਪੰਜਾਬ ਦਾ ਭਵਿੱਖ ਬਣਾਉਣਾ ਹੈ ਤਾਂ ਭਾਜਪਾ ਦੀ ਸਰਕਾਰ ਲੈ ਕੇ ਆਓ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਦੀ ਆਮਦ 'ਤੇ ਕੈਪਟਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਰਪਾਨ ਭੇਟ ਕੀਤੀ ਅਤੇ ਭਾਜਪਾ ਨੇਤਾ ਨੇ ਉਨ੍ਹਾਂ ਨੂੰ ਚੁੰਨੀ ਵੀ ਭੇਟ ਕੀਤੀ। ਆਪਣੇ ਸੰਬੋਧਨ ਦੌਰਾਨ ਕੈਪਟਨ ਨੇ ਕਾਂਗਰਸ 'ਤੇ ਵੀ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਕਾਂਗਰਸ ਕਹਿੰਦੀ ਹੁੰਦੀ ਸੀ ਕਿ ਮੇਰਾ ਬਹੁਤ ਪਿਆਰ ਹੈ ਪ੍ਰਧਾਨ ਮੰਤਰੀ ਜੀ ਨਾਲ, ਅਮਿਤ ਸ਼ਾਹ ਜੀ ਨਾਲ ਵੀ। ਇਹ ਸੱਚ ਹੈ ਕਿ ਮੇਰਾ ਉਨ੍ਹਾਂ ਨਾਲ ਪਿਆਰ ਹੈ, ਮੈਂ ਕੀ ਕਰ ਸਕਦਾ ਹਾਂ।
ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਅਤੇ ਗਠਜੋੜ ਦੇ ਹਿੱਸੇਦਾਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹਨ ਕਿਉਂਕਿ ਉਹ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਹਨ। ਪੰਜਾਬ ਦੇ ਹਾਲਾਤ ਖ਼ਰਾਬ ਹਨ। ਉਦਯੋਗ ਇਥੋਂ ਜਾ ਰਿਹਾ ਹੈ। ਪੰਜਾਬ ਸਿਰ 5 ਲੱਖ ਕਰੋੜ ਦਾ ਕਰਜ਼ਾ ਚੜ੍ਹਿਆ ਹੋਇਆ ਹੈ। ਸੂਬੇ ਦੀ ਸਥਿਤੀ ਨੂੰ ਠੀਕ ਕਰਨ ਲਈ ਭਾਜਪਾ ਦਾ ਜਿੱਤ ਜ਼ਰੂਰੀ ਹੈ।