BBC ਦਫ਼ਤਰ 'ਤੇ ਆਮਦਨ ਕਰ ਵਿਭਾਗ ਵਲੋਂ ਕੀਤੀ ਛਾਪੇਮਾਰੀ 'ਤੇ MP ਗੁਰਜੀਤ ਔਜਲਾ ਦੀ ਪ੍ਰਤੀਕਿਰਿਆ
ਕਿਹਾ- ਇਨਕਮ ਟੈਕਸ ਅਡਾਨੀ ਦੇ ਦਫਤਰਾਂ ਦਾ ਰਸਤਾ ਭੁੱਲ ਗਿਆ ਜਾਂ ਇਹ "ਮੋਦੀ ਸਵਾਲ" ਦਾ ਜਵਾਬ ਹੈ?
Gurjeet Singh Aujla (file photo)
ਮੋਹਾਲੀ : ਅੱਜ ਆਮਦਨ ਕਰ ਵਿਭਾਗ ਵਲੋਂ ਬੀਬੀਸੀ ਦੇ ਦਿੱਲੀ ਅਤੇ ਮੁੰਬਈ ਸਥਿਤ ਦਫ਼ਤਰਾਂ 'ਤੇ ਛਾਪੇਮਾਰੀ ਕੀਤੀ ਗਈ। ਉਨ੍ਹਾਂ ਵਲੋਂ ਦਫ਼ਤਰਾਂ ਵਿਚ ਪਏ ਰਿਕਾਰਡ ਖੰਘਾਲੇ ਜਾ ਰਹੇ ਹਨ। ਇਸ ਨੂੰ ਲੈ ਕੇ ਵੱਖ-ਵੱਖ ਸਿਆਸੀ ਆਗੂਆਂ ਵਲੋਂ ਪ੍ਰਤੀਕਿਰਿਆ ਆਈ ਹੈ।
ਇਸ ਤਰ੍ਹਾਂ ਹੀ ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈੱਬਰ ਗੁਰਜੀਤ ਸਿੰਘ ਔਜਲਾ ਨੇ ਵੀ ਆਪਣਾ ਪੱਖ ਰੱਖਿਆ ਹੈ। ਇਸ ਬਾਰੇ ਇੱਕ ਟਵੀਟ ਕਰਦਿਆਂ ਉਨ੍ਹਾਂ ਕਿਹਾ ਕਿ ਐਮਨੈਸਟੀ ਨੇ ਛਾਪਾ ਮਾਰਿਆ ਅਤੇ ਬਾਹਰ ਕੱਢ ਦਿੱਤਾ। ਹੁਣ ਬੀਬੀਸੀ ਦਫ਼ਤਰ 'ਤੇ ਛਾਪਾ ਮਾਰਿਆ, ਕੌਣ ਜਾਣਦਾ ਹੈ ਅੱਗੇ ਕੀ ਹੋਵੇਗਾ।
ਗੁਰਜੀਤ ਔਜਲਾ ਨੇ ਸਵਾਲ ਕਰਦਿਆਂ ਕਿਹਾ, ''ਕੀ ਇਨਕਮ ਟੈਕਸ ਅਡਾਨੀ ਦੇ ਦਫ਼ਤਰਾਂ ਦਾ ਰਸਤਾ ਭੁੱਲ ਗਿਆ ਜਾਂ ਇਹ "ਮੋਦੀ ਸਵਾਲ" ਦਾ ਜਵਾਬ ਹੈ? ਕੀ ਅਸੀਂ ਮਿਹਨਤ ਨਾਲ ਕਮਾਏ ਲੋਕਤੰਤਰ ਤੋਂ ਤਾਨਾਸ਼ਾਹੀ ਵੱਲ ਪਰਿਵਰਤਨ ਨਹੀਂ ਦੇਖ ਰਹੇ ਹਾਂ?''