ਮੋਦੀ ਨੇ ਕਾਂਗਰਸ ਦੇ 'ਅਨਿਆਂ' ਲਈ ਨਿਆਂ ਮੰਗਿਆ

ਏਜੰਸੀ

ਖ਼ਬਰਾਂ, ਰਾਜਨੀਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਕਾਂਗਰਸ ਦੇ ਚੋਣ ਵਾਅਦੇ 'ਨਿਆਏ' 'ਤੇ ਨਿਸ਼ਾਨਾ ਲਾਉਂਦਿਆਂ 1984 ਦੇ ਸਿੱਖ ਕਤਲੇਆਮ

Narendra Modi

ਥੇਨੀ (ਤਾਮਿਲਨਾਡੂ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਕਾਂਗਰਸ ਦੇ ਚੋਣ ਵਾਅਦੇ 'ਨਿਆਏ' 'ਤੇ ਨਿਸ਼ਾਨਾ ਲਾਉਂਦਿਆਂ 1984 ਦੇ ਸਿੱਖ ਕਤਲੇਆਮ, ਭੋਪਾਲ ਗੈਸ ਤ੍ਰਾਸਦੀ ਅਤੇ ਦਲਿਤਾਂ ਵਿਰੁਧ ਹਿੰਸਾ ਲਈ ਨਿਆਂ ਦੀ ਮੰਗ ਕੀਤੀ। ਮੋਦੀ ਨੇ ਰਾਮਾਨਾਥਪੁਰਮ 'ਚ ਇਕ ਰੈਲੀ 'ਚ ਦਾਅਵਾ ਕੀਤਾ ਕਿ ਕਾਂਗਰਸ ਦੇ ਰਾਸ 'ਚ ਅਤਿਵਾਦੀ ਹਮਲਿਆਂ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿਤਾ ਸੀ ਪਰ ਐਨ.ਡੀ.ਏ. ਦੀਆਂ ਨੀਤੀਆਂ ਨਾਲ ਇਸ 'ਤੇ ਰੋਕ ਲੱਗੀ ਹੈ।  ਉਨ੍ਹਾਂ ਕਿਹਾ, ''ਹੁਣ ਉਹ ਕਹਿ ਰਹੇ ਹਨ ਕਿ 'ਹੁਣ ਹੋਵੇਗਾ ਨਿਆਏ'।

ਭਾਵੇਂ ਉਹ ਇਸ ਦੀ ਇੱਛਾ ਨਹੀਂ ਪਰ ਉਨ੍ਹਾਂ ਨੇ ਮੰਨ ਲਿਆ ਹੈ ਕਿ 60 ਸਾਲਾਂ ਤਕ ਅਨਿਆਂ ਹੋਇਆ। ਮੈਂ ਕਾਂਗਰਸ ਪਾਰਟੀ ਤੋਂ ਪੁਛਣਾ ਚਾਹੁੰਦਾ ਹਾਂ ਕਿ 1984 ਦੇ ਸਿੱਖ ਕਤਲੇਆਮ 'ਚ ਨਿਆਂ ਕੌਣ ਕਰੇਗਾ? ਕੌਣ ਦਲਿਤ ਵਿਰੋਧ ਦੰਗਿਆਂ ਦੇ ਪੀੜਤਾਂ ਨਾਲ ਨਿਆਂ ਕਰੇਗਾ, ਕੌਣ ਮਹਾਨ ਐਮ.ਜੀ. ਰਾਮਚੰਦਰਨ ਦੀ ਸਰਕਾਰ ਨਾਲ ਨਿਆਂ ਕਰੇਗਾ, ਜਿਸ ਨੂੰ ਕਾਂਗਰਸ ਨੇ ਸਿਰਫ਼ ਇਸ ਲਈ ਬਰਖ਼ਾਸਤ ਕਰ ਦਿਤਾ ਸੀ ਕਿਉਂਕਿ ਇਕ ਪ੍ਰਵਾਰ ਨੂੰ ਇਹ ਆਗੂ ਪਸੰਦ ਨਹੀਂ ਸਨ। ਭੋਪਾਲ ਪੈਸ ਤ੍ਰਾਸਦੀ ਦੇ ਪੀੜਤਾਂ ਨਾਲ ਨਿਆਂ ਕੌਣ ਕਰੇਗਾ ਜੋ ਭਾਰਤ ਦੀ ਸੱਭ ਤੋਂ ਖ਼ਰਾਬ ਵਾਤਾਵਰਣ ਬਿਪਤਾ ਸੀ।''

ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਡੀ.ਐਮ.ਕੇ., ਕਾਂਗਰਸ ਅਤੇ ਮੁਸਲਿਮ ਲੀਗ ਗਠਜੋੜ ਦੇ ਹੱਕ 'ਚ ਵੋਟ ਕਰਨ ਮਤਲਬ ਹੈ ਕਿ ਟੈਕਸ ਜ਼ਿਆਦਾ ਲੱਗੇਗਾ ਅਤੇ ਵਿਕਾਸ ਘੱਟ ਹੋਵਗਾ। ਅਤਿਵਾਦੀਆਂ ਨੂੰ ਖੁੱਲ੍ਹੀ ਛੋਟ ਮਿਲੇਗੀ ਅਤੇ ਸਿਆਸਤ 'ਚ ਅਪਰਾਧਕ ਤੱਤਾਂ ਦਾ ਵਾਧਾ ਹੋਵੇਗਾ। ਉਨ੍ਹਾਂ ਦੋਸ਼ ਲਾਇਆ, ''ਉਹ ਲੋਕ ਜੋ ਭਾਰਤ ਦੀ ਸੁਰੱਖਿਆ ਨਹੀਂ ਕਰ ਸਕਦੇ ਉਹ ਦੇਸ਼ ਦਾ ਕਦੇ ਵਿਕਾਸ ਨਹੀਂ ਕਰ ਸਕਦੇ। ਜਦੋਂ ਕਾਂਗਰਸ ਅਤੇ ਉਨ੍ਹਾਂ ਦੇ ਸਹਿਯੋਗੀ ਸੱਤਾ 'ਚ ਸਨ, ਅਤਿਵਾਦੀ ਦੇਸ਼ 'ਤੇ ਨਿਯਮਤ ਰੂਪ 'ਚ ਹਮਲਾ ਕਰਦੇ ਸਨ। 

ਇਕ ਸ਼ਹਿਰ ਤੋਂ ਬਾਅਦ ਦੂਜੇ ਸ਼ਹਿਰ 'ਚ ਧਮਾਕੇ ਹੁੰਦੇ ਰਹੇ ਅਤੇ ਕਾਂਗਰਸ ਚੁੱਪ ਰਹੀ।'' ਉਨ੍ਹਾਂ ਕਿਹਾ ਕਿ ਪਰ ਹੁਣ ਭਾਰਤ ਕਿਸੇ ਅਤਿਵਾਦੀ ਜਾਂ ਜੇਹਾਦੀ ਨੂੰ ਨਹੀਂ ਛੱਡੇਗਾ। ਉਨ੍ਹਾਂ ਕਿਹਾ, ''ਜੇ ਉਹ ਸਾਡੇ 'ਤੇ ਹਮਲਾ ਕਰਨ ਦੀ ਹਿੰਮਤ ਕਰਦੇ ਹਨ ਤਾਂ ਉਹ ਜਿੱਥੇ ਵੀ ਹੋਣਗੇ ਅਸੀਂ ਉਨ੍ਹਾਂ ਦਾ ਪਤਾ ਲਾ ਕੇ ਉਨ੍ਹਾਂ ਦੀਆਂ ਖ਼ੁਸ਼ੀਆਂ ਨੂੰ ਬਰਬਾਦ ਕਰ ਦਿਆਂਗੇ।''  (ਪੀਟੀਆਈ)