ਜੇ ਕਾਂਗਰਸ ਨੂੰ ਸਚਮੁੱਚ ਹਮਦਰਦੀ ਹੈ ਤਾਂ ਪਾਰਟੀ ਦਾ ਮੁਖੀ ਮੁਸਲਿਮ ਬਣਾਵੇ : ਪ੍ਰਧਾਨ ਮੰਤਰੀ ਮੋਦੀ
ਕਿਹਾ, ਮੁਸਲਮਾਨਾਂ ਨੂੰ 50 ਫ਼ੀ ਸਦੀ ਟਿਕਟਾਂ ਦਿਉ
ਹਿਸਾਰ (ਹਰਿਆਣਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਕਾਂਗਰਸ ਨੂੰ ਸੱਚਮੁੱਚ ਮੁਸਲਮਾਨਾਂ ਪ੍ਰਤੀ ਹਮਦਰਦੀ ਹੈ ਤਾਂ ਉਸ ਨੂੰ ਕਿਸੇ ਮੁਸਲਮਾਨ ਨੂੰ ਅਪਣਾ ਪ੍ਰਧਾਨ ਨਿਯੁਕਤ ਕਰਨਾ ਚਾਹੀਦਾ ਹੈ ਅਤੇ ਭਾਈਚਾਰੇ ਦੇ ਲੋਕਾਂ ਨੂੰ 50 ਫ਼ੀ ਸਦੀ ਟਿਕਟਾਂ ਦੇਣੀ ਚਾਹੀਦੀਆਂ ਹਨ। ਹਿਸਾਰ ਦੇ ਮਹਾਰਾਜਾ ਅਗਰਸੇਨ ਹਵਾਈ ਅੱਡੇ ’ਤੇ ਨਵੀਂ ਟਰਮੀਨਲ ਇਮਾਰਤ ਦਾ ਨੀਂਹ ਪੱਥਰ ਰੱਖਣ ਅਤੇ ਅਯੁੱਧਿਆ ਲਈ ਵਪਾਰਕ ਉਡਾਣ ਨੂੰ ਹਰੀ ਝੰਡੀ ਵਿਖਾਉਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਾਂਗਰਸ ’ਤੇ ਤਿੱਖਾ ਹਮਲਾ ਕੀਤਾ।
ਉਨ੍ਹਾਂ ਕਿਹਾ, ‘‘ਜੇ ਉਨ੍ਹਾਂ (ਕਾਂਗਰਸ) ਨੂੰ ਸੱਚਮੁੱਚ ਮੁਸਲਮਾਨਾਂ ਪ੍ਰਤੀ ਕੁੱਝ ਹਮਦਰਦੀ ਹੈ, ਤਾਂ ਉਨ੍ਹਾਂ ਨੂੰ ਮੁਸਲਿਮ ਭਾਈਚਾਰੇ ਤੋਂ ਅਪਣਾ ਪ੍ਰਧਾਨ ਨਿਯੁਕਤ ਕਰਨਾ ਚਾਹੀਦਾ ਹੈ। ਉਹ ਅਜਿਹਾ ਕਿਉਂ ਨਹੀਂ ਕਰਦੇ?’’ ਉਨ੍ਹਾਂ ਨੇ ਕਾਂਗਰਸ ਨੂੰ ਮੁਸਲਿਮ ਭਾਈਚਾਰੇ ਨਾਲ ਸਬੰਧਤ ਲੋਕਾਂ ਨੂੰ 50 ਫ਼ੀ ਸਦੀ ਚੋਣ ਟਿਕਟਾਂ ਦੇਣ ਲਈ ਵੀ ਕਿਹਾ। ਮੋਦੀ ਨੇ ਕਿਹਾ, ‘‘ਜਿੱਤਣ ਤੋਂ ਬਾਅਦ ਉਹ ਅਪਣੇ ਵਿਚਾਰ ਰਖਣਗੇ। ਪਰ ਉਹ (ਕਾਂਗਰਸ) ਅਜਿਹਾ ਨਹੀਂ ਕਰਨਗੇ। ਉਹ ਕਾਂਗਰਸ ਤੋਂ ਕੁੱਝ ਨਹੀਂ ਦੇਣਗੇ ਪਰ ਨਾਗਰਿਕਾਂ ਦੇ ਅਧਿਕਾਰ ਖੋਹ ਲੈਣਗੇ।’’ ਉਨ੍ਹਾਂ ਕਿਹਾ ਕਿ ਕਾਂਗਰਸ ਦਾ ਕਦੇ ਵੀ ਮੁਸਲਮਾਨਾਂ ਸਮੇਤ ਕਿਸੇ ਦਾ ਭਲਾ ਕਰਨ ਦਾ ਕੋਈ ਇਰਾਦਾ ਨਹੀਂ ਸੀ। ਇਹ ਕਾਂਗਰਸ ਦਾ ਅਸਲ ਸੱਚ ਹੈ।
ਕਾਂਗਰਸ ਦੇ ਸ਼ਾਸਨ ਕਾਲ ’ਚ ਦੇਸ਼ ਅੰਦਰ ਬਲੈਕ ਆਊਟ ਹੋਇਆ ਸੀ, ਹੁਣ ਦੇਸ਼ ਬਿਜਲੀ ਨਿਰਯਾਤ ਕਰ ਰਿਹੈ : ਮੋਦੀ
ਯਮੁਨਾਨਗਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ 2014 ਤੋਂ ਪਹਿਲਾਂ ਜਦੋਂ ਕਾਂਗਰਸ ਸੱਤਾ ’ਚ ਸੀ ਤਾਂ ਬਿਜਲੀ ਸਪਲਾਈ ਠੱਪ ਹੋ ਗਈ ਸੀ ਪਰ ਪਿਛਲੇ ਦਹਾਕੇ ’ਚ ਭਾਰਤ ਦਾ ਬਿਜਲੀ ਉਤਪਾਦਨ ਦੁੱਗਣਾ ਹੋ ਗਿਆ ਹੈ ਅਤੇ ਹੁਣ ਦੇਸ਼ ਉਹ ਬਿਜਲੀ ਨਿਰਯਾਤ ਕਰ ਰਿਹਾ ਹੈ।
ਇੱਥੇ ਦੀਨਬੰਧੂ ਛੋਟੂ ਰਾਮ ਥਰਮਲ ਪਾਵਰ ਪਲਾਂਟ ਵਿਖੇ 800 ਮੈਗਾਵਾਟ ਦੇ ਅਤਿ ਮਹੱਤਵਪੂਰਨ ਆਧੁਨਿਕ ਥਰਮਲ ਪਾਵਰ ਯੂਨਿਟ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰਿਆਣਾ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਡਬਲ ਇੰਜਣ ਵਾਲੀ ਸਰਕਾਰ ਦੀ ਦੁੱਗਣੀ ਰਫਤਾਰ ਵੇਖ ਰਿਹਾ ਹੈ।
233 ਏਕੜ ’ਚ ਫੈਲਿਆ ਅਤੇ ਲਗਭਗ 8,470 ਕਰੋੜ ਰੁਪਏ ਦੀ ਲਾਗਤ ਵਾਲਾ ਥਰਮਲ ਪਾਵਰ ਯੂਨਿਟ ਮਾਰਚ 2029 ਤਕ ਚਾਲੂ ਹੋਣ ਦੀ ਉਮੀਦ ਹੈ। ਇਹ ਹਰਿਆਣਾ ਦੀ ਊਰਜਾ ਸਵੈ-ਨਿਰਭਰਤਾ ਨੂੰ ਮਹੱਤਵਪੂਰਨ ਤੌਰ ’ਤੇ ਵਧਾਏਗਾ ਅਤੇ ਰਾਜ ਭਰ ’ਚ ਨਿਰਵਿਘਨ ਬਿਜਲੀ ਸਪਲਾਈ ਪ੍ਰਦਾਨ ਕਰੇਗਾ। ‘ਗੋਬਰਧਨ’ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦੇ ਹੋਏ ਮੋਦੀ ਨੇ ਇੱਥੇ ਮੁਕਰਬਪੁਰ ’ਚ ਕੰਪ੍ਰੈਸਡ ਬਾਇਓਗੈਸ ਪਲਾਂਟ ਦਾ ਨੀਂਹ ਪੱਥਰ ਵੀ ਰੱਖਿਆ।
ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਪਲਾਂਟ 2027 ਤਕ ਪੂਰਾ ਹੋਣ ਵਾਲਾ ਹੈ ਅਤੇ ਇਸ ਦੀ ਸਾਲਾਨਾ ਉਤਪਾਦਨ ਸਮਰੱਥਾ 2,600 ਮੀਟ੍ਰਿਕ ਟਨ ਹੋਵੇਗੀ ਅਤੇ ਇਹ ਸਵੱਛ ਊਰਜਾ ਉਤਪਾਦਨ ਅਤੇ ਵਾਤਾਵਰਣ ਦੀ ਸੰਭਾਲ ਵਿਚ ਯੋਗਦਾਨ ਪਾਉਂਦੇ ਹੋਏ ਪ੍ਰਭਾਵਸ਼ਾਲੀ ਜੈਵਿਕ ਰਹਿੰਦ-ਖੂੰਹਦ ਪ੍ਰਬੰਧਨ ਵਿਚ ਸਹਾਇਤਾ ਕਰੇਗੀ।
ਮੋਦੀ ਨੇ ਭਾਰਤਮਾਲਾ ਪਰਿਯੋਜਨਾ ਤਹਿਤ ਲਗਭਗ 1,070 ਕਰੋੜ ਰੁਪਏ ਦੀ ਲਾਗਤ ਵਾਲੇ 14.4 ਕਿਲੋਮੀਟਰ ਲੰਮੇ ਰੇਵਾੜੀ ਬਾਈਪਾਸ ਪ੍ਰਾਜੈਕਟ ਦਾ ਡਿਜੀਟਲ ਉਦਘਾਟਨ ਵੀ ਕੀਤਾ। ਇਸ ਨਾਲ ਰੇਵਾੜੀ ਸ਼ਹਿਰ ’ਚ ਭੀੜ ਘੱਟ ਹੋਵੇਗੀ, ਦਿੱਲੀ-ਨਾਰਨੌਲ ਯਾਤਰਾ ਦਾ ਸਮਾਂ ਇਕ ਘੰਟੇ ਤਕ ਘੱਟ ਹੋਵੇਗਾ ਅਤੇ ਖੇਤਰ ’ਚ ਆਰਥਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ।
ਯਮੁਨਾਨਗਰ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ 2014 ਤੋਂ ਪਹਿਲਾਂ ਜਦੋਂ ਕਾਂਗਰਸ ਸੱਤਾ ’ਚ ਸੀ ਤਾਂ ਬਿਜਲੀ ਸਪਲਾਈ ਠੱਪ ਹੋ ਗਈ ਸੀ ਪਰ ਪਿਛਲੇ ਦਹਾਕੇ ’ਚ ਭਾਰਤ ਦਾ ਬਿਜਲੀ ਉਤਪਾਦਨ ਦੁੱਗਣਾ ਹੋ ਗਿਆ ਹੈ ਅਤੇ ਹੁਣ ਉਹ ਬਿਜਲੀ ਨਿਰਯਾਤ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਯਮੁਨਾਨਗਰ ਸਿਰਫ ਇਕ ਸ਼ਹਿਰ ਨਹੀਂ ਹੈ, ਬਲਕਿ ਦੇਸ਼ ਦੇ ਉਦਯੋਗਿਕ ਨਕਸ਼ੇ ਦਾ ਇਕ ਮਹੱਤਵਪੂਰਨ ਹਿੱਸਾ ਵੀ ਹੈ। ਉਨ੍ਹਾਂ ਕਿਹਾ ਕਿ ਪਲਾਈਵੁੱਡ ਤੋਂ ਲੈ ਕੇ ਪਿੱਤਲ ਅਤੇ ਸਟੀਲ ਤਕ ਇਹ ਪੂਰਾ ਖੇਤਰ ਦੇਸ਼ ਦੀ ਆਰਥਕਤਾ ਨੂੰ ਮਜ਼ਬੂਤੀ ਦਿੰਦਾ ਹੈ। ਉਨ੍ਹਾਂ ਯਾਦ ਕੀਤਾ ਕਿ ਉਹ 1990 ਦੇ ਦਹਾਕੇ ’ਚ ਹਰਿਆਣਾ ’ਚ ਪਾਰਟੀ ਇੰਚਾਰਜ ਵਜੋਂ ਅਕਸਰ ਯਮੁਨਾਨਗਰ ਜਾਂਦੇ ਸਨ।
ਆਰ.ਐਸ.ਐਸ. ਕਿਸੇ ਦਲਿਤ, ਮੁਸਲਮਾਨ ਜਾਂ ਔਰਤ ਨੂੰ ਅਪਣਾ ਸਰਸੰਘਚਾਲਕ ਕਦੋਂ ਨਿਯੁਕਤ ਕਰੇਗਾ? : ਕਾਂਗਰਸ ਨੇਤਾ
ਮੁੰਬਈ : ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਹਰਸ਼ਵਰਧਨ ਸਪਕਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਵਿੰਨ੍ਹਦਿਆਂ ਸੋਮਵਾਰ ਨੂੰ ਹੈਰਾਨੀ ਜ਼ਾਹਰ ਕੀਤੀ ਕਿ ਆਰ.ਐਸ.ਐਸ. ਕਿਸੇ ਦਲਿਤ, ਮੁਸਲਿਮ ਜਾਂ ਔਰਤ ਨੂੰ ਅਪਣਾ ਸਰਸੰਘਚਾਲਕ ਕਦੋਂ ਨਿਯੁਕਤ ਕਰੇਗਾ। ਉਹ ਮੋਦੀ ਦੇ ਉਸ ਬਿਆਨ ’ਤੇ ਪ੍ਰਤੀਕਿਰਿਆ ਦੇ ਰਹੇ ਸਨ, ਜਿਸ ’ਚ ਕਾਂਗਰਸ ਨੂੰ ਕਿਹਾ ਗਿਆ ਸੀ ਕਿ ਜੇਕਰ ਮੁਸਲਮਾਨਾਂ ਪ੍ਰਤੀ ਹਮਦਰਦੀ ਸੱਚੀ ਹੈ ਤਾਂ ਉਹ ਕਿਸੇ ਮੁਸਲਮਾਨ ਨੂੰ ਅਪਣਾ ਪ੍ਰਧਾਨ ਨਿਯੁਕਤ ਕਰੇ। ਸਪਕਲ ਨੇ ਪੱਤਰਕਾਰਾਂ ਨੂੰ ਕਿਹਾ, ‘‘ਕਾਂਗਰਸ ਪਾਰਟੀ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਆਨ ਹਾਸੋਹੀਣਾ ਅਤੇ ਅਣਉਚਿਤ ਹੈ ਅਤੇ ਅਸੀਂ ਉਨ੍ਹਾਂ ਦੀ ਟਿਪਣੀ ਦੀ ਨਿੰਦਾ ਕਰਦੇ ਹਾਂ।’’ ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਨੇ ਪਿਛਲੇ 11 ਸਾਲਾਂ ’ਚ ਸਿਰਫ ਭਾਈਚਾਰਿਆਂ ਅਤੇ ਜਾਤਾਂ ’ਚ ਨਫ਼ਰਤ ਫੈਲਾਈ।