ਕੈਪਟਨ ਸਰਕਾਰ ਤੇ ਪਾਰਟੀ ਸੰਕਟ: ਹਾਈਕਮਾਨ ਦੇ ਸਖ਼ਤ ਸੰਦੇਸ਼ ਬਾਅਦ ਨਾਰਾਜ਼ ਆਗੂਆਂ ਦੇ ਤੇਵਰ ਨਰਮ ਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਕੋਰੋਨਾ ਮਹਾਂਮਾਰੀ ਵਿਚ ਅਨੁਸ਼ਾਸਨ ਰੱਖ ਕੇ ਇਕਜੁਟ ਹੋ ਕੇ ਕੰਮ ਕਰਨ ਲਈ ਕਿਹਾ

Congress

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਪਿਛਲੇ ਕਈ ਦਿਨਾਂ ਤੋਂ ਕੋਟਕਪੂਰਾ ਗੋਲੀ ਕਾਂਡ ਬਾਰੇ ਹਾਈ ਕੋਰਟ ਦੇ ਫ਼ੈਸਲੇ ਨੂੰ ਲੈ ਕੇ ਕੈਪਟਨ ਸਰਕਾਰ ਤੇ ਪੰਜਾਬ ਕਾਂਗਰਸ ਵਿਚ ਨਿਆਂ ਵਿਚ ਦੇਰੀ ਨੂੰ ਲੈ ਕੇ ਨਰਾਜ਼ਗੀਆਂ ਪ੍ਰਗਟ ਕਰਦੇ ਹੋਏ ਕਈ ਮੰਤਰੀਆਂ ਤੇ ਕਾਂਗਰਸੀ ਵਿਧਾਇਕਾਂ ਵਲੋਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਤੇ ਲਾਬਿੰਗ ਦਾ ਸਿਲਸਿਲਾ ਭਾਵੇਂ ਜਾਰੀ ਹੈ ਪਰ ਪਾਰਟੀ ਹਾਈਕਮਾਨ ਤੋਂ ਸਖ਼ਤ ਸੰਦੇਸ਼ ਮਿਲਣ ਬਾਅਦ ਨਾਰਾਜ਼ ਮੰਤਰੀਆਂ ਤੇ ਵਿਧਾਇਕਾਂ ਦੀ ਸੁਰ ਫ਼ਿਲਹਾਲ ਨਰਮ ਹੋ ਗਈ ਹੈ।

10 ਦੇ ਕਰੀਬ ਮੰਤਰੀਆਂ ਤੇ ਬਹੁਤੇ ਵਿਧਾਇਕਾਂ ਵਲੋਂ ਕੈਪਟਨ ਦੇ ਸਮਰਥਨ ਵਿਚ ਆ ਜਾਣ ਨਾਲ ਵੀ ਬਾਗ਼ੀ ਸੁਰ ਅਪਨਾ ਕੇ ਮੀਟਿੰਗਾਂ ਕਰ ਰਹੇ ਆਗੂ ਨਰਮ ਪੈ ਗਏ ਹਨ। ਇਸ ਸਮੇਂ ਨਵੀਂ ਸਿੱਟ ਨੇ ਵੀ ਇਕਦਮ ਗੋਲੀ ਕਾਂਡ ਦੀ ਜਾਂਚ ਤੇਜ਼ ਕਰ ਦਿਤੀ ਹੈ ਜਿਸ ਕਰ ਕੇ ਸ਼ਾਇਦ ਇਹ ਨਰਾਜ਼ ਆਗੂ ਫ਼ਿਲਹਾਲ ਇਕ ਦੋ ਮਹੀਨੇ ਹੋਰ ਦੇਖਣ ਦੇ ਰੋਂਅ ਵਿਚ ਹਨ।

ਦੂਜੇ ਪਾਸੇ ਹੁਣ ਮੁੱਖ ਮੰਤਰੀ ਵਲੋਂ ਮੰਤਰੀ ਮੰਡਲ ਵਿਚ ਫੇਰਬਦਲ ਦੀਆਂ ਅਟਕਲਾਂ ਦਾ ਬਜ਼ਾਰ ਵੀ ਗਰਮ ਹੋ ਚੁੱਕਾ ਹੈ ਅਤੇ ਕੁੱਝ ਮੰਤਰੀਆਂ ਦੀ ਛਾਂਟੀ ਦੀ ਚਰਚਾ ਦੇ ਮੱਦੇਨਜ਼ਰ ਵੀ ਕੈਪਟਨ ਤੋਂ ਵਖਰੀਆਂ ਮੀਟਿੰਗਾਂ ਕਰ ਰਹੇ ਮੰਤਰੀਆਂ ਤੇ ਵਿਧਾਇਕਾਂ ਦੇ ਰੁਖ਼ ਵਿਚ ਤਬਦੀਲੀ ਆਈ ਹੈ। ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਕੈਪਟਨ ਨਾਲ ਖੜੇ ਹਨ ਅਤੇ ਉਹ ਹਾਈਕਮਾਨ ਨੂੰ ਸਾਰੀ ਸਥਿਤੀ ਦੀ ਰੀਪੋਰਟ ਹਰ ਦਿਨ ਦੇ ਰਹੇ ਹਨ।

ਸੂਤਰਾਂ ਦੀ ਮੰਨੀਏ ਤਾਂ ਕੋਰੋਨਾ ਮਹਾਂਮਾਰੀ ਦੇ ਸੰਕਟ ਵਿਚ ਪੰਜਾਬ ਸਰਕਾਰ ਅੰਦਰ ਸ਼ੁਰੂ ਹੋਈਆਂ ਮੀਟਿੰਗਾਂ ਨੂੰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਠੀਕ ਨਹੀਂ ਸਮਝਿਆ। ਉਨ੍ਹਾਂ ਦਾ ਵਿਚਾਰ ਹੈ ਕਿ ਇਸ ਸਮੇਂ ਸਾਨੂੰ ਸੱਭ ਨੂੰ ਇਕਜੁਟ ਹੋ ਕੇ ਕੋਰੋਨਾ ਮਹਾਂਮਾਰੀ ਨਾਲ ਲੜਨਾ ਚਾਹੀਦਾ ਹੈ। ਪਾਰਟੀ ਹਾਈਕਮਾਨ ਵਲੋਂ ਅਮਰਿੰਦਰ ਸਿੰਘ ਨੂੰ ਸੱਭ ਨੂੰ ਇਕਜੁਟ ਰੱਖਣ ਅਤੇ ਪਾਰਟੀ ਅਨੁਸ਼ਾਸਨ ਕਾਇਮ ਰੱਖਣ ਲਈ ਖੁਲ੍ਹ ਦਿਤੀ ਹੈ ਜਿਸ ਕਾਰਨ ਨਰਾਜ਼ਗੀ ਦਿਖਾ ਰਹੇ ਆਗੂ ਫ਼ਿਲਹਾਲ ਨਰਮ ਪੈ ਗਏ ਹਨ।

ਬੇਅਦਬੀ ਤੇ ਗੋਲੀ ਕਾਂਡ ਦੇ ਮੁੱਦੇ ’ਤੇ ਲਏ ਸਟੈਂਡ ’ਤੇ ਕਾਇਮ ਹਾਂ : ਰੰਧਾਵਾ

ਕੈਬਨਿਟ ਮੀਟਿੰਗ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਪੱਸ਼ਟ ਕੀਤਾ ਕਿ ਉਹ ਬੇਅਦਬੀ ਤੇ ਗੋਲੀ ਕਾਂਡ ਬਾਰੇ ਮੁੱਖ ਦੋਸ਼ੀਆਂ ਵਿਰੁਧ ਛੇਤੀ ਕਾਰਵਾਈ ਦਾ ਅਪਣੇ ਪਹਿਲੇ ਸਟੈਂਡ ’ਤੇ ਕਾਇਮ ਹਨ। ਉਨ੍ਹਾਂ ਕਿਹਾ ਕਿ ਉਹ ਪਾਰਟੀ ਵਿਚ ਬਗ਼ਾਵਤ ਨਹੀਂ ਕਰ ਰਹੇ ਪਰ ਮੀਡੀਆ ਵਿਚ ਰੁਟੀਨ ਮੀਟਿੰਗਾਂ ਨੂੰ ਹੋਰ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਟਕਸਾਲੀ ਕਾਂਗਰਸੀ ਹਨ। ਕਾਂਗਰਸ ਵਿਚ ਜਨਮੇ ਤੇ ਕਾਂਗਰਸ ਵਿਚ ਹੀ ਮਰਨਗੇ। ਪਰ ਪਾਰਟੀ ਦੀ ਮਜ਼ਬੂਤੀ ਲਈ ਸੁਝਾਅ ਦੇਣਾ ਉਨ੍ਹਾਂ ਦਾ ਫ਼ਰਜ਼ ਹੈ। ਉਨ੍ਹਾਂ ਨਵਜੋਤ ਸਿੰਘ ਸਿੱਧੂ ਨਾਲ ਮੀਟਿੰਗ ਦੀ ਗੱਲ ਵੀ ਮੰਨੀ। ਉਨ੍ਹਾਂ ਕਿਹਾ ਕਿ ਕਾਂਗਰਸੀ ਮੈਂਬਰ ਪਾਰਟੀ ਹਿੱਤ ਵਿਚ ਬੈਠ ਕੇ ਵਿਚਾਰ ਕਰ ਸਕਦੇ ਹਨ।