ਗੁਜਰਾਤ 'ਚ ਮੌਦੀ ਦੇ 14 ਸਾਲਾਂ ਸ਼ਾਸਨ ਦੌਰਾਨ ਕੋਈ ਦੰਗਾ ਨਹੀਂ ਹੋਇਆ : ਅਮਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਰਾਜਸਭਾ ਮੈਂਬਰ ਅਮਰ ਸਿੰਘ ਨੇ ਕਿਹਾ ਕਿ ਗੁਜਰਾਤ ਵਿਚ ਜਦ ਨਰਿੰਦਰ ਮੋਦੀ ਮੁਖ ਮੰਤਰੀ ਸਨ ਤਾਂ ਉਨ੍ਹਾਂ ਦੇ ਸ਼ਾਸਨ ਕਾਲ ਦੌਰਾਨ 14 ਸਾਲਾਂ ਵਿਚ ਕੋਈ ਦੰਗਾ ਨਹੀਂ ਹੋਇਆ।

Amar Singh

ਬਿਜਨੌਰ, ( ਭਾਸ਼ਾ ) : ਰਾਜਸਭਾ ਮੈਂਬਰ ਅਮਰ ਸਿੰਘ ਨੇ ਉਤਰ ਪ੍ਰਦੇਸ਼ ਦੀ ਸਾਬਕਾ ਸਮਾਜਵਾਦੀ ਪਾਰਟੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਗੁਜਰਾਤ ਵਿਚ ਜਦ ਨਰਿੰਦਰ ਮੋਦੀ ਮੁਖ ਮੰਤਰੀ ਸਨ ਤਾਂ ਉਨ੍ਹਾਂ ਦੇ ਸ਼ਾਸਨ ਕਾਲ ਦੌਰਾਨ 14 ਸਾਲਾਂ ਵਿਚ ਕੋਈ ਦੰਗਾ ਨਹੀਂ ਹੋਇਆ। ਜਦਕਿ ਉਤਰ ਪ੍ਰਦੇਸ਼ ਵਿਚ ਸਪਾ ਸਰਕਾਰ ਦੌਰਾਨ ਮੁਜਫੱਰਨਗਰ ਵਿਚ ਮੁਸਲਮਾਨ ਮਾਰੇ ਜਾ ਰਹੇ ਸਨ। ਜ਼ਿਕਰਯੋਗ ਹੈ ਕਿ ਮੋਦੀ ਅਗੇਨ ਪੀਐਮ ਮਿਸ਼ਨ ਸਮਾਗਮ ਵਿਚ ਸ਼ਿਰਕਤ ਕਰਨ ਆਏ ਸਿੰਘ ਨੇ ਮੀਡੀਆ ਨਾਲ ਅਪਣੇ ਵਿਚਾਰ ਸਾਂਝੇ ਕਰਦੇ ਹੋਏ ਦਸਿਆ

ਕਿ ਉਨ੍ਹਾਂ ਨੇ ਮੁਲਾਇਮ ਸਿੰਘ ਯਾਦਵ ਨੂੰ ਨਹੀਂ ਛੱਡਿਆ ਸਗੋਂ ਉਨ੍ਹਾਂ ਨੂੰ ਦੋ ਵਾਰ ਪਾਰਟੀ ਵਿਚੋਂ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਮੁਜਫੱਰਨਗਰ ਵਿਚ ਦੰਗਿਆਂ ਵਿਚ ਮੁਸਲਮਾਨ ਮਾਰੇ ਜਾ ਰਹੇ ਸੀ। ਤਾਂ ਯਾਦਵ ਪਰਵਾਰ ਸੈਫੇਈ ਮਹੋਤਸਵ ਵਿਚ ਰੁੱਝਿਆ ਹੋਇਆ ਸੀ। ਜ਼ਿਕਰਯੋਗ ਹੈ ਕਿ ਸਪਾ ਨੇਤਾ ਅਖਿਲੇਸ਼ ਯਾਦਵ ਨੇ ਬੀਤੇ ਦਿਨੀ ਦੋਸ਼ ਲਗਾਇਆ ਹੈ ਕਿ ਦਰਅਸਲ ਅਸਰ ਸਿੰਘ ਭਾਜਪਾ ਦੇ ਇਸ਼ਾਰੇ ਤੇ ਕੰਮ ਕਰ ਰਹੇ ਹਨ। ਇਸਦੇ ਪਿੱਛੇ ਕਾਰਨ ਇਹ ਮੰਨਿਆ ਜਾਂਦਾ ਹੈ ਕਿ

ਅਮਰ ਸਿੰਘ ਦੀਆਂ ਪਿਛਲੇ ਕੁਝ ਮਹੀਨਿਆਂ ਵਿਚ ਯੂਪੀ ਦੇ ਮੁਖ ਮੰਤਰੀ ਯੋਗੀ ਆਦਿੱਤਯਨਾਥ ਨਾਲ ਕਈ ਮੁਲਾਕਾਤਾਂ ਹੋਈਆਂ ਹਨ। ਇਥੇ ਤੱਕ ਕਿ ਯੂਪੀ ਨਿਵੇਸ਼ਕਾਂ ਦੇ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਕ ਰੂਪ ਵਿਚ ਇਸ ਵਿਸ਼ੇ ਤੇ ਚਰਚਾ ਦੌਰਾਨ ਅਮਰ ਸਿੰਘ ਦਾ ਜ਼ਿਕਰ ਕਰ ਦਿਤਾ ਸੀ। ਉਸ ਤੋਂ ਬਾਅਦ ਹੀ ਅਮਰ ਸਿੰਘ ਸਮਾਜਵਾਦੀ ਪਾਰਟੀ ਦੀ ਅਲੋਚਨਾ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ। ਸਿੰਘ ਅਖਿਲੇਸ਼ ਯਾਦਵ ਨੂੰ ਨਮਾਜਵਾਦੀ ਨੇਤਾ ਕਹਿਣ ਲੱਗੇ ਹਨ।

ਇਹੋ ਹੀ ਨਹੀਂ ਸਪਾ ਦੇ ਦੂਜੇ ਵੱਡੇ ਨੇਤਾ ਆਜ਼ਮ ਖਾਨ ਦੇ ਘਰ ਜਾ ਕੇ ਉਸ ਨੂੰ ਚੁਣੌਤੀ ਤੱਕ ਦੇ ਆਏ। ਅਮਰ ਸਿੰਘ ਅਤੇ ਆਜ਼ਮ ਖਾਨ ਲੰਮੇ ਸਮੇਂ ਤੋਂ ਇਕ ਦੂਜੇ ਦੇ ਸਿਆਸੀ ਵਿਰੋਧੀ ਹਨ । ਅਮਰ ਸਿੰਘ ਨੇ ਬੀਤੇ ਦਿਨੀ ਸਪਾ ਅਤੇ ਬਸਪਾ ਗਠਬੰਧਨ ਨੂੰ ਲੈ ਕੇ ਵੱਡਾ ਬਿਆਨ ਦਿਤਾ ਸੀ। ਅਮਰ ਸਿੰਘ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਦੇ ਰਵਾਇਤੀ ਵੋਟਰਾਂ ਲਈ ਹੁਣ ਵੀ ਮੁਲਾਇਮ ਸਿੰਘ ਹੀ ਉਨ੍ਹਾਂ ਦੇ ਨੇਤਾ ਹਨ।

 

ਉਹ ਅਜਿਹੇ ਵੋਟਰ ਹਨ ਜੋ ਨਾ ਤਾ ਭਾਜਪਾ ਨਾਲ ਜਾਣ ਲਈ ਤਿਆਰ ਹਨ ਅਤੇ ਨਾ ਹੀ ਕਾਂਗਰਸ ਨੂੰ ਵੋਟ ਦੇਣਗੇ। ਚੌਣਾਂ ਲਈ ਮਾਇਆਵਾਤੀ ਛੋਟੇ-ਛੋਟੇ ਰਾਜਨੀਤਿਕ ਦਲਾਂ ਨਾਲ ਗਠਬੰਧਨ ਕਰਨ ਲਈ ਤਿਆਰ ਹਨ। ਅਜਿਹੇ ਵਿਚ ਸ਼ਿਵਪਾਲ ਯਾਦਵ ਅਤੇ ਮਾਇਆਵਤੀ ਨੂੰ ਇਕੱਠੇ ਚੋਣ ਲੜਨ ਬਾਰੇ ਸੋਚਣਾ ਚਾਹੀਦਾ ਹੈ।