ਚੈਤੰਨਿਆ ਬਘੇਲ ਦੀਆਂ 61 ਕਰੋੜ ਦੀਆਂ ਜਾਇਦਾਦਾਂ ਕੁਰਕ
ਛੱਤੀਸਗੜ੍ਹ ਦੇ ਸ਼ਰਾਬ ਘਪਲੇ ਮਾਮਲੇ ਵਿਚ ਈ.ਡੀ. ਨੇ ਕੀਤੀ ਕਾਰਵਾਈ
ਰਾਏਪੁਰ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਛੱਤੀਸਗੜ੍ਹ ਵਿਚ ਸ਼ਰਾਬ ਘੁਟਾਲੇ ਦੀ ਚੱਲ ਰਹੀ ਜਾਂਚ ਦੇ ਸਬੰਧ ਵਿਚ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਪੁੱਤਰ ਚੈਤੰਨਿਆ ਬਘੇਲ ਦੀਆਂ 61.20 ਕਰੋੜ ਰੁਪਏ ਦੀਆਂ ਜਾਇਦਾਦਾਂ ਨੂੰ ਅਸਥਾਈ ਤੌਰ ’ਤੇ ਕੁਰਕ ਕੀਤਾ ਹੈ।
ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਏਜੰਸੀ ਨੇ ਕਿਹਾ ਕਿ ਈਡੀ ਨੇ 59.96 ਕਰੋੜ ਰੁਪਏ ਦੇ 364 ਰਿਹਾਇਸ਼ੀ ਪਲਾਟਾਂ ਅਤੇ ਖੇਤੀਬਾੜੀ ਜ਼ਮੀਨ ਦੇ ਰੂਪ ਵਿਚ ਅਚੱਲ ਜਾਇਦਾਦਾਂ ਜ਼ਬਤ ਕੀਤੀਆਂ ਹਨ, ਇਸ ਤੋਂ ਇਲਾਵਾ ਬੈਂਕ ਬੱਚਤ ਅਤੇ ਫਿਕਸਡ ਡਿਪਾਜ਼ਿਟ ਦੇ ਰੂਪ ਵਿਚ 1.24 ਕਰੋੜ ਰੁਪਏ ਦੀ ਚੱਲ ਜਾਇਦਾਦ ਵੀ ਜ਼ਬਤ ਕੀਤੀ ਹੈ।
ਈਡੀ ਨੇ ਰਾਜ ਵਿਚ ਹੋਏ ਸ਼ਰਾਬ ਘਪਲੇ ਵਿਚ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ/ਆਰਥਿਕ ਅਪਰਾਧ ਜਾਂਚ ਬਿਊਰੋ, ਰਾਏਪੁਰ ਦੁਆਰਾ ਆਈਪੀਸੀ, 1860 ਅਤੇ ਭ੍ਰਿਸ਼ਟਾਚਾਰ ਰੋਕਥਾਮ ਐਕਟ, 1988 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤੀ ਗਈ ਐਫ਼ਆਈਆਰ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ।