ਤਰਨਤਾਰਨ ਜ਼ਿਮਨੀ ਚੋਣ ਵਿਚ 'ਆਪ' ਦੀ ਵੱਡੀ ਜਿੱਤ, ਹਰਮੀਤ ਸਿੰਘ ਸੰਧੂ ਨੇ ਵੱਡੇ ਫ਼ਰਕ ਨਾਲ ਜਿੱਤੀ ਚੋਣ
ਹਰਮੀਤ ਸਿੰਘ ਸੰਧੂ ਨੇ 42649 ਵੋਟਾਂ ਨਾਲ ਜਿੱਤ ਹਾਸਲ ਕੀਤੀ
Tarn Taran by-election: ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਵੱਡੀ ਲੀਡ (42649 ਵੋਟਾਂ) ਨਾਲ ਜਿੱਤ ਲਈ ਹੈ। ਵੋਟਾਂ ਦੀ ਗਿਣਤੀ ਦੀ ਪ੍ਰਕ੍ਰਿਆ ਸੰਪੰਨ ਹੋਣ ਮਗਰੋਂ ਹਰਮੀਤ ਸਿੰਘ ਸੰਧੂ ਨੇ ਜ਼ਿਲ੍ਹਾ ਚੋਣ ਅਫ਼ਸਰ ਤੋਂ ਜਿੱਤ ਦਾ ਸਰਟੀਫਿਕੇਟ ਹਾਸਲ ਕੀਤਾ।
ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੂਜੇ ਨੰਬਰ 'ਤੇ ਰਹੀ, ਜਿਨ੍ਹਾਂ ਨੇ 30558 ਵੋਟਾਂ ਹਾਸਲ ਕਰਕੇ ਮੁਕਾਬਲੇ ਵਿੱਚ ਆਪਣੀ ਥਾਂ ਬਣਾਈ ਰੱਖੀ। ਤੀਜੇ ਨੰਬਰ 'ਤੇ ਵਾਰਸ ਪੰਜਾਬ ਦੇ (ਆਜ਼ਾਦ ਉਮੀਦਵਾਰ) ਮਨਦੀਪ ਸਿੰਘ ਨੂੰ 19620 ਵੋਟਾਂ ਮਿਲੀਆਂ, ਜਦਕਿ ਚੌਥੇ ਨੰਬਰ 'ਤੇ ਕਾਂਗਰਸ ਦੇ ਉਮੀਦਵਾਰ ਕਰਨਵੀਰ ਸਿੰਘ ਬੁਰਜ ਰਹੇ, ਜਿਨ੍ਹਾਂ ਨੂੰ 15078 ਵੋਟਾਂ ਹੀ ਹਾਸਲ ਹੋ ਸਕੀਆਂ। ਪੰਜਵੇਂ ਨੰਬਰ 'ਤੇ ਭਾਜਪਾ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਮਹਿਜ਼ 6239 ਵੋਟਾਂ ਹੀ ਹਾਸਲ ਕਰ ਸਕੇ। ਦੱਸ ਦੇਈਏ ਕਿ ਕੁੱਲ 16 ਰਾਊਂਡਾਂ 'ਚ ਵੋਟਾਂ ਦੀ ਗਿਣਤੀ ਮੁਕੰਮਲ ਕੀਤੀ ਗਈ।
ਤਰਨਤਾਰਨ ਉਪ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਸੂਬੇ ਦੀ ਰਾਜਨੀਤੀ ਵਿੱਚ ਬਿਆਨਬਾਜ਼ੀ ਤੇਜ਼ ਹੋ ਗਈ ਹੈ। ਜਿੱਤ ਬਾਰੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੋਲਦਿਆਂ ਕਿਹਾ ਕਿ ਤਰਨਤਾਰਨ ਉਪ ਚੋਣ ਵਿੱਚ ਇਸ ਇਤਿਹਾਸਕ ਜਿੱਤ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਕੰਮ ਦੀ ਰਾਜਨੀਤੀ ਅਤੇ ਭਗਵੰਤ ਮਾਨ ਦੀ ਇਮਾਨਦਾਰ ਅਗਵਾਈ ਨੂੰ ਪਸੰਦ ਕਰਦੇ ਹਨ। ਜਦੋਂ ਕਿ ਮਨੀਸ਼ ਸਿਸੋਦੀਆ ਨੇ ਇਸ ਨੂੰ ਲੋਕਾਂ ਦਾ ਵਿਕਾਸ ਅਤੇ ਕੇਜਰੀਵਾਲ ਵਿੱਚ ਵਿਸ਼ਵਾਸ ਦੱਸਿਆ।