ਪੰਜਾਬ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ -ਅਰਵਿੰਦ ਕੇਜਰੀਵਾਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਪੈਸੇ ਦੇ ਕੇ ਟਿਕਟਾਂ ਦੀ ਵੰਡ ਸਬੰਧੀ ਜੇਕਰ ਕੋਈ ਸਬੂਤ ਸਾਹਮਣੇ ਆਇਆ ਤਾਂ ਛੱਡ ਦੇਵਾਂਗੇ ਸੀਟ -ਅਰਵਿੰਦ ਕੇਜਰੀਵਾਲ

Arvind Kejriwal

ਲੁਧਿਆਣਾ : ਸੂਬੇ ਦੀਆਂ ਵਿਧਾਨ ਸਭਾ ਚੋਣਾਂ ਦੇ ਚਲਦੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ ਬਹੁਤ ਬੁਰੇ ਦੌਰ 'ਚੋਂ ਲੰਘਿਆ ਹੈ, ਇਸ ਲਈ ਸੂਬੇ ਦੀ ਸੁਰੱਖਿਆ ਨੂੰ ਲੈ ਕੇ ਲੋਕ ਬਹੁਤ ਚਿੰਤਤ ਹਨ।

ਉਨ੍ਹਾਂ ਕਿਹਾ ਕਿ ਸੂਬੇ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੇਂਦਰ ਨਾਲ ਮਿਲ ਕੇ ਕੰਮ ਕਰਾਂਗੇ। ਪੰਜਾਬ ਦੇ ਹਰ ਵਰਗ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਪੰਜਾਬ ਦੀ ਸੁਰੱਖਿਆ ਨਾਲ ਨਾ ਕੋਈ ਸਮਝੌਤਾ ਕੀਤਾ ਜਾਵੇਗਾ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਸਿਆਸਤ ਹੋਣ ਦਿਤੀ ਜਾਵੇਗੀ। ਪੰਜਾਬ ਦੀ 'ਆਪ' ਸਰਕਾਰ ਹਰ ਇੱਕ ਪੰਜਾਬੀ ਦੀ ਸੁਰੱਖਿਆ ਯਕੀਨੀ ਬਣਾਵੇਗੀ।

ਕੇਜਰੀਵਾਲ ਨੇ ਕਿਹਾ ਕਿ ਪੰਜਾਬ 'ਚ ਸੁਰੱਖਿਆ ਇਕ ਵੱਡਾ ਮੁੱਦਾ ਹੈ ਅਤੇ ਇਸ ਮੁੱਦੇ 'ਤੇ ਅਸੀਂ ਕੇਂਦਰ ਸਰਕਾਰ ਨਾਲ ਮਿਲ ਕੇ ਕੰਮ ਕਰਾਂਗੇ। ਇਸ ਤੋਂ ਇਲਾਵਾ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ 'ਤੇ ਰੋਕ ਲਗਾਵਾਂਗੇ। ਸਾਡੀ ਸਰਕਾਰ ਆਉਣ 'ਤੇ ਸੂਬੇ ਦੀ ਸੁਰੱਖਿਆ ਵੱਲ ਪੂਰਾ ਧਿਆਨ ਦਿੱਤਾ ਜਾਵੇਗਾ ਅਤੇ ਸੁਰੱਖਿਆ ਦੇ ਮੁੱਦੇ 'ਤੇ ਕਿਸੇ ਤਰ੍ਹਾਂ ਦੀ ਕੋਈ ਸਿਆਸਤ ਨਹੀਂ ਕੀਤੀ ਜਾਵੇਗੀ।

ਕੇਜਰੀਵਾਲ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਇਹੀ ਚਾਹੁੰਦੀਆਂ ਹਨ ਕਿ ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਆਵੇ ਕਿਉਂਕਿ ਫਿਰ ਉਨ੍ਹਾਂ ਦਾ ਸਾਰੀ ਖੇਡ ਖ਼ਰਾਬ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਕ ਈਮਾਨਦਾਰ ਪਾਰਟੀ ਹੈ ਅਤੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਵਾਲੀ ਪਾਰਟੀ ਹੈ।

ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ, ''ਆਮ ਆਦਮੀ ਪਾਰਟੀ ਵਲੋਂ ਪੈਸੇ ਲੈ ਕੇ ਟਿਕਟਾਂ ਦੀ ਵੰਡ ਕਰਨ ਸਬੰਧੀ ਜੇਕਰ ਕੋਈ ਸਬੂਤ ਸਾਹਮਣੇ ਆਉਂਦਾ ਹੈ ਤਾਂ 'ਆਪ' ਵਲੋਂ ਆਪਣਾ ਉਮੀਦਵਾਰ ਵਾਪਸ ਲੈ ਲਿਆ ਜਾਵੇਗਾ।

ਦਿੱਲੀ ਚੋਣਾਂ ਸਮੇਂ ਸਾਡੇ ਇੱਕ ਉਮੀਦਵਾਰ 'ਤੇ ਲੱਗੇ ਇਲਜ਼ਾਮ ਸਾਬਤ ਹੋਏ ਸਨ ਤਾਂ ਅਸੀਂ ਚੋਣਾਂ ਤੋਂ 48 ਘੰਟੇ ਪਹਿਲਾਂ ਉਸ ਦੀ ਉਮੀਦਵਾਰੀ ਰੱਦ ਕਰ ਦਿੱਤੀ ਸੀ ਪਰ ਪੰਜਾਬ ਵਿਚ ਵਿਰੋਧੀਆਂ ਕੋਲ ਕਹਿਣ ਨੂੰ ਕੋਈ ਗੱਲ ਨਹੀਂ ਹੈ ਇਸ ਲਈ ਬੇਤੁਕੀਆਂ ਗੱਲਾਂ ਕਰ ਕੇ ਉਹ ਲੋਕਾਂ ਦਾ ਧਿਆਨ ਭਟਕਾ ਰਹੇ ਹਨ।''