ਅਸਫ਼ਲ 'ਆਪ' ਸਰਕਾਰ ਦਾ ਇੱਕ ਮਹੀਨਾ ਖ਼ਤਮ - ਵਿਜੇ ਸਾਂਪਲਾ 

ਏਜੰਸੀ

ਖ਼ਬਰਾਂ, ਰਾਜਨੀਤੀ

'ਭਾਜਪਾ ਆਗੂ ਵਿਜੇ ਸਾਂਪਲਾ ਨੇ ਪੰਜਾਬ ਦੀ 'ਆਪ' ਸਰਕਾਰ 'ਤੇ ਤੰਜ਼ ਕੱਸਿਆ ਹੈ'

Vijay Sampla

ਚੰਡੀਗੜ੍ਹ : ਪੰਜਾਬ ਵਿਚ ਆਮ ਆਦਮੀ ਦੀ ਸਰਕਾਰ ਬਣੇ ਨੂੰ ਕੱਲ ਇੱਕ ਮਹੀਨਾ ਪੂਰਾ ਹੋ ਜਾਵੇਗਾ। ਇਸ 'ਤੇ ਕਈਆਂ ਵਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਕੱਲ ਨੂੰ ਪੰਜਾਬ ਦੇ ਲੋਕਾਂ ਲਈ ਕੋਈ ਵੱਡਾ ਐਲਾਨ ਹੋ ਸਕਦਾ ਹੈ, ਉਥੇ ਹੀ ਭਾਜਪਾ ਆਗੂ ਵਿਜੇ ਸਾਂਪਲਾ ਨੇ ਪੰਜਾਬ ਦੀ 'ਆਪ' ਸਰਕਾਰ 'ਤੇ ਤੰਜ਼ ਕੱਸਿਆ ਹੈ।

ਉਨ੍ਹਾਂ ਕਿਹਾ ਕਿ ਅਸਫ਼ਲ 'ਆਪ' ਸਰਕਾਰ ਦਾ ਇੱਕ ਮਹੀਨਾ ਖ਼ਤਮ ਹੋ ਗਿਆ ਹੈ। ਦੱਸ ਦੇਈਏ ਕਿ ਵਿਜੇ ਸਾਂਪਲਾ ਨੇ ਇਸ ਬਾਰੇ ਇੱਕ ਟਵੀਟ ਕਰਦਿਆਂ ਲਿਖਿਆ,  ''ਅਰਾਜਕਤਾ, ਭ੍ਰਿਸ਼ਟਾਚਾਰ, ਗੈਂਗਵਾਰ, ਬੇਰੁਜ਼ਗਾਰ ਅਤੇ ਈਟੀਟੀ ਅਧਿਆਪਕਾਂ ਦਾ ਧਰਨਾ, ਬਿਜਲੀ ਕੱਟ ਨੂੰ ਲੈ ਕੇ ਕਿਸਾਨਾਂ ਦਾ ਧਾਰਨਾ ਪ੍ਰਦਰਸ਼ਨ ਅਤੇ  ਕਿਸਾਨਾਂ 'ਤੇ ਲਾਠੀਚਾਰਜ ਨਾਲ ਆਮ ਆਦਮੀ ਪਾਰਟੀ ਦੀ ਅਸਫ਼ਲ ਸਰਕਾਰ ਦਾ ਪਹਿਲਾ ਅਸਫ਼ਲ ਮਹੀਨਾ ਖ਼ਤਮ ਹੋਇਆ। ਸਰਕਾਰ ਦਾ ਲੱਗਾ ਨਹੀਂ ਭੁੰਜੇ ਪੈਰ, ਜਨਤਾ ਦੀ ਨਹੀਂ ਖ਼ੈਰ!''

ਇਸ ਤੋਂ ਇਲਾਵਾ ਸਾਂਪਲਾ ਨੇ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਖੁਦ ਕੋਈ ਵੀ ਫੈਸਲਾ ਨਾ ਲੈ ਕੇ ਦੂਜੇ ਸੂਬੇ ਦੀ ਸਰਕਾਰ ਯਾਨੀ ਅਰਵਿੰਦ ਕੇਜਰੀਵਾਲ ਦੀ ਕਠਪੁਤਲੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਸਰਕਾਰ ਬਣਨ ਤੋਂ ਬਾਅਦ ਪਹਿਲੀ ਕਲਮ ਮੁਫ਼ਤ ਬਿਜਲੀ ਮਾਫ ਕਰਨ ਲਈ ਚੱਲੇਗੀ ਪਰ ਅਫਸੋਸ ਕੇ ਹੁਣ ਤੱਕ ਕਈ ਕਲਮਾਂ ਚੱਲ ਗਈਆਂ ਪਰ ਅਜੇ ਤੱਕ ਇਹ ਫੈਸਲਾ ਲਾਗੂ ਨਹੀਂ ਹੋ ਸਕਿਆ ਹੈ।

ਭਾਜਪਾ ਆਗੂ ਨੇ ਅੱਗੇ ਬੋਲਦਿਆਂ ਕਿਹਾ ਕਿ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਹੋਰ ਵੀ ਕਈ ਵਾਅਦੇ ਕੀਤੇ ਸਨ ਜੋ ਅਜੇ ਤੱਕ ਪੂਰੇ ਨਹੀਂ ਹੋਏ। ਇਹ ਪਹਿਲੀ ਸਰਕਾਰ ਹੋਵੇਗੀ ਜਿਸ ਨੇ ਸੂਬੇ ਦੀ ਸੱਤਾ ਵਿਚ ਆਉਣ ਤੋਂ ਮਹਿਜ਼ ਤੀਜੇ ਦਿਨ ਹੀ ਵਿਸ਼ਵਾਸ ਗੁਆ ਲਿਆ ਸੀ ਕਿਉਂਕਿ ਜੋ 'ਆਪ' ਵਲੋਂ ਪੀ.ਆਰ.ਟੀ.ਸੀ. ਦੀਆਂ ਬੱਸਾਂ ਦੀ ਵਰਤੋਂ ਕੀਤੀ ਗਈ ਸੀ ਅਜਿਹਾ ਅੱਜ ਤਕ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ।

ਉਨ੍ਹਾਂ ਕਿਹਾ ਕਿ 'ਆਪ' ਨੇ 300 ਯੂਨਿਟ ਮੁਫ਼ਤ ਬਿਜਲੀ ਦਾ ਕੀਤਾ ਵਾਅਦਾ ਤਾਂ ਕੀ ਪੂਰਾ ਕਰਨਾ ਸੀ ਸਗੋਂ ਲੋਕ ਬਿਜਲੀ ਦੇ ਕੱਟਾਂ ਤੋਂ ਬੇਹੱਦ ਪ੍ਰੇਸ਼ਾਨ ਹਨ ਜਿਸ ਦੇ ਚਲਦੇ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਤਰਨਤਾਰਨ ਦੇ ਪਿੰਡ ਬੋਪਾਰਾਏ ਦੇ 66 ਕੇ.ਵੀ. ਸਟੇਸ਼ਨ ਵਿਖੇ ਧਰਨੇ 'ਤੇ ਬੈਠੇ ਹਨ। ਇਸ ਦਾ ਇਹੀ ਮਤਲਬ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਲੋਕਾਂ ਦਾ ਵਿਸ਼ਵਾਸ ਗੁਆ ਚੁੱਕੀ ਹੈ।