ਕੈਪਟਨ ਨੇ ਪਾਣੀ ਦੀ ਸਮੱਸਿਆ ਦਾ ਚੁੱਕਿਆ ਮੁੱਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਕੀਤੀ ਮੁਲਾਕਾਤ

Captain Amarinder Singh meet Jal Shakti Minister Gajendra Singh Shekhawat

ਦਿੱਲੀ/ਚੰਡੀਗੜ੍ਹ : ਦੇਸ਼ 'ਚ ਪਾਣੀ ਦੀ ਨਿੱਘਰ ਰਹੀ ਸਥਿਤੀ ਨਾਲ ਨਿਪਟਣ ਵਾਸਤੇ ਆਮ ਸਹਿਮਤੀ ਪੈਦਾ ਕਰਨ ਅਤੇ ਰਾਸ਼ਟਰ ਵਿਆਪੀ ਨੀਤੀ ਤਿਆਰ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਸਰਵ-ਪਾਰਟੀ ਮੀਟਿੰਗ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਇਹ ਸੁਝਾਅ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੇ ਨਾਲ ਇੱਕ ਸ਼ਿਸ਼ਟਾਚਾਰ ਮੀਟਿੰਗ ਦੌਰਾਨ ਦਿੱਤਾ।

ਸ਼ੇਖਾਵਤ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਇਕ ਗ਼ੈਰ-ਰਸਮੀ ਗੱਲਬਾਤ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਪਾਣੀ ਇਕ ਰਾਸ਼ਟਰੀ ਸਮੱਸਿਆ ਹੈ ਅਤੇ ਇਸ ਨੂੰ ਰਾਸ਼ਟਰੀ ਪੱਧਰ 'ਤੇ ਵਿਚਾਰੇ ਅਤੇ ਹੱਲ ਕੀਤੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਰਬ ਪਾਰਟੀ ਮੀਟਿੰਗ ਖੇਤਰ ਵਾਰ ਵੀ ਕੀਤੀ ਜਾ ਸਕਦੀ ਹੈ ਤਾਂ ਜੋ ਇਸ ਸਬੰਧੀ ਪ੍ਰਕਿਰਿਆ ਨੂੰ ਵਧੇਰੇ ਪ੍ਰਭਾਵੀ ਅਤੇ ਅਸਰਦਾਇਕ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਹਰੇਕ ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਵੱਲੋਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਦੇਸ਼ ਵਿਚ ਪਾਣੀ ਦੇ ਸੰਕਟ ਦੀ ਨਿੱਘਰਦੀ ਜਾ ਰਹੀ ਸਥਿਤੀ 'ਤੇ ਚਿੰਤਾ ਪ੍ਰਗਟ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਅਨਮੋਲ ਕੁਦਰਤੀ ਸ੍ਰੋਤ ਨੂੰ ਬਚਾਉਣ ਦੇ ਵਾਸਤੇ ਇਹ ਮੀਟਿੰਗਾਂ ਆਮ ਸਹਿਮਤੀ ਪੈਦਾ ਕਰਨ ਵਿੱਚ ਮਦਦਗਾਰ ਹੋਣਗੀਆਂ।

ਇਕ ਸਵਾਲ ਦੇ ਜਵਾਬ 'ਚ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਮੰਤਰੀ ਨਾਲ ਮੀਟਿੰਗ ਦੇ ਦੌਰਾਨ ਐਸ.ਵਾਈ.ਐਲ. ਮੁੱਦੇ 'ਤੇ ਕੋਈ ਵੀ ਵਿਚਾਰ ਨਹੀਂ ਹੋਇਆ ਕਿਉਂਕਿ ਮਾਮਲਾ ਅਦਾਲਤ ਵਿਚ ਵਿਚਾਰਾਧੀਨ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਪੰਜਾਬ ਦੇ ਬੁੱਢੇ ਨਾਲੇ ਦੀ ਸਮੱਸਿਆ ਬਾਰੇ ਵਿਚਾਰ ਕੀਤਾ ਗਿਆ ਅਤੇ ਉਨ੍ਹਾਂ ਨੇ ਸ਼ੇਖਾਵਤ ਨੂੰ ਭਰੋਸਾ ਦਿਵਾਇਆ ਕਿ ਇਸ ਦੀ ਸਫਾਈ ਦੇ ਕੰਮ ਦੀ ਪ੍ਰਕਿਰਿਆ ਚਲ ਰਹੀ ਹੈ। ਸੂਬਾ ਸਰਕਾਰ ਨੇ ਇਸ ਕੰਮ ਵਾਸਤੇ 2 ਸਾਲ ਦੀ ਸਮੇਂ ਸੀਮਾ ਨਿਰਧਾਰਤ ਕੀਤੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਵੱਖ-ਵੱਖ ਉਦਯੋਗਾਂ ਦੇ ਗੰਦੇ ਪਾਣੀ ਨਾਲ ਅੱਗੇ ਹੋਰ ਬੁਢਾ ਨਾਲਾ ਪ੍ਰਭਾਵਤ ਹੋਣ ਤੋਂ ਰੋਕਣ ਨੂੰ ਯਕੀਨੀ ਬਣਾਉਣ ਵਾਸਤੇ ਐਸ.ਟੀ.ਪੀਜ਼ ਨੂੰ ਕਾਰਜ਼ਸ਼ੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰੰਗਾਈ ਉਦਯੋਗ ਇਸ ਸਮੱਸਿਆ ਦਾ ਵੱਡਾ ਕਾਰਨ ਹੈ। ਸ਼ੇਖਾਵਤ ਨੇ 'ਪੰਜਾਬ ਬਿਜਲੀ ਬਚਾਓ, ਪੈਸਾ ਕਮਾਓ' ਸਕੀਮ ਦੀ ਪ੍ਰਸ਼ੰਸਾ ਕੀਤੀ। ਸਿੰਜਾਈ ਮਕਸਦਾਂ ਲਈ 85 ਫ਼ੀਸਦੀ ਪਾਣੀ ਦੀ ਵਰਤੋਂ ਕੀਤੇ ਜਾਣ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਜੇ ਖੇਤੀਬਾੜੀ ਲਈ ਵਰਤੇ ਜਾ ਰਹੇ ਪਾਣੀ ਵਿਚੋਂ 10 ਫ਼ੀਸਦੀ ਪਾਣੀ ਬਚਾ ਲਿਆ ਜਾਵੇ ਤਾਂ ਅਗਲੇ 50 ਸਾਲਾਂ ਵਿਚ ਭਾਰਤ ਦਾ ਪਾਣੀ ਸੰਕਟ ਹੱਲ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਮੁਹਿੰਮ ਦੀ ਅਗਵਾਈ ਕਰਨੀ ਚਾਹੀਦੀ  ਹੈ ਅਤੇ ਪਾਣੀ ਨੂੰ ਬਚਾਉਣ ਵਾਸਤੇ ਲੋਕਾਂ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਨਕਾਰਾ ਹੋ ਚੁੱਕੇ ਟਿਉਬਵੈਲਾਂ ਰਾਹੀਂ ਧਰਤੀ ਹੇਠਲੇ ਪਾਣੀ ਨੂੰ ਰਿਚਾਰਜ ਕਰਨ ਵਾਸਤੇ ਇਕ ਪ੍ਰਮੁੱਖ ਪ੍ਰੋਗਰਾਮ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ।