ਊਧਵ ਠਾਕਰੇ ਧੋਖੇ ਦਾ ਸ਼ਿਕਾਰ ਹਨ, ਮੋਦੀ ਮੇਰੇ ਦੁਸ਼ਮਣ ਨਹੀਂ : ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ
ਕਿਹਾ, ਜੋ ਧੋਖਾ ਦਿੰਦਾ ਹੈ ਉਹ ਹਿੰਦੂ ਨਹੀਂ ਹੋ ਸਕਦਾ। ਜਿਹੜਾ ਧੋਖਾ ਸਹਿੰਦਾ ਹੈ ਉਹ ਹਿੰਦੂ ਹੈ
ਮੁੰਬਈ: ਉਤਰਾਖੰਡ ਸਥਿਤ ਜੋਤਿਸ਼ ਪੀਠ ਦੇ ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਨੇ ਸੋਮਵਾਰ ਨੂੰ ਕਿਹਾ ਕਿ ਸ਼ਿਵ ਸੈਨਾ ਨੇਤਾ ਊਧਵ ਠਾਕਰੇ ਧੋਖੇ ਦਾ ਸ਼ਿਕਾਰ ਹੋਏ ਹਨ। ਅਵਿਮੁਕਤੇਸ਼ਵਰਾਨੰਦ ਸਰਸਵਤੀ ਨੇ ਇਸ ਸਾਲ ਜਨਵਰੀ ’ਚ ਅਯੁੱਧਿਆ ’ਚ ਨਵੇਂ ਬਣੇ ਰਾਮ ਮੰਦਰ ’ਚ ਰਾਮ ਲਲਾ ਦੇ ਪਵਿੱਤਰ ਸਮਾਰੋਹ ’ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿਤਾ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਦੇ ਮੁੰਬਈ ’ਚ ਰਾਧਿਕਾ ਮਰਚੈਂਟ ਨਾਲ ਵਿਆਹ ਤੋਂ ਬਾਅਦ ਨਵੇਂ ਵਿਆਹੇ ਜੋੜੇ ਨੂੰ ਆਸ਼ੀਰਵਾਦ ਦੇਣ ਲਈ ਕਰਵਾਏ ‘ਸ਼ੁਭ ਆਸ਼ੀਰਵਾਦ’ ਸਮਾਰੋਹ ’ਚ ਸ਼ੰਕਰਾਚਾਰੀਆ ਦਾ ਆਸ਼ੀਰਵਾਦ ਲਿਆ। ਇਸ ’ਤੇ ਉਨ੍ਹਾਂ ਕਿਹਾ ਕਿ ਉਹ ਮੋਦੀ ਦੇ ਸ਼ੁਭਚਿੰਤਕ ਹਨ।
ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਨੇ ਕਿਹਾ, ‘‘ਹਾਂ, ਪ੍ਰਧਾਨ ਮੰਤਰੀ ਮੋਦੀ ਮੇਰੇ ਕੋਲ ਆਏ ਅਤੇ ਅਪਣੇ ਪ੍ਰਣਾਮ ਪੇਸ਼ ਕੀਤੇ। ਸਾਡਾ ਨਿਯਮ ਹੈ ਕਿ ਜੋ ਵੀ ਸਾਡੇ ਕੋਲ ਆਵੇਗਾ, ਅਸੀਂ ਉਸ ਨੂੰ ਅਸ਼ੀਰਵਾਦ ਦੇਵਾਂਗੇ। ਨਰਿੰਦਰ ਮੋਦੀ ਸਾਡੇ ਦੁਸ਼ਮਣ ਨਹੀਂ ਹਨ। ਅਸੀਂ ਉਨ੍ਹਾਂ ਦੇ ਸ਼ੁਭਚਿੰਤਕ ਹਾਂ ਅਤੇ ਹਮੇਸ਼ਾ ਉਨ੍ਹਾਂ ਦੀ ਤੰਦਰੁਸਤੀ ਬਾਰੇ ਗੱਲ ਕਰਦੇ ਹਾਂ। ਜੇ ਉਹ ਕੋਈ ਗਲਤੀ ਕਰਦਾ ਹੈ, ਤਾਂ ਅਸੀਂ ਉਸ ਨੂੰ ਇਹ ਵੀ ਦਸਦੇ ਹਾਂ। ਉਹ ਸਾਡੇ ਦੁਸ਼ਮਣ ਨਹੀਂ ਹਨ।’’
ਮੁੰਬਈ ਦੇ ਬਾਂਦਰਾ ਸਥਿਤ ਠਾਕਰੇ ਦੀ ਰਿਹਾਇਸ਼ ‘ਮਾਤੋਸ਼੍ਰੀ’ ’ਚ ਠਾਕਰੇ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਨੇ ਕਿਹਾ, ‘‘ਊਧਵ ਠਾਕਰੇ ਨਾਲ ਧੋਖਾ ਕੀਤਾ ਗਿਆ ਹੈ ਅਤੇ ਕਈ ਲੋਕ ਇਸ ਤੋਂ ਨਾਰਾਜ਼ ਹਨ। ਮੈਂ ਉਨ੍ਹਾਂ ਦੀ ਬੇਨਤੀ ’ਤੇ ਉਨ੍ਹਾਂ ਨੂੰ ਮਿਲਿਆ ਅਤੇ ਕਿਹਾ ਕਿ ਜਦੋਂ ਤਕ ਉਹ ਦੁਬਾਰਾ ਮੁੱਖ ਮੰਤਰੀ ਨਹੀਂ ਬਣ ਜਾਂਦੇ, ਉਦੋਂ ਤਕ ਲੋਕਾਂ ਦਾ ਦਰਦ ਘੱਟ ਨਹੀਂ ਹੋਵੇਗਾ।’’
ਉਨ੍ਹਾਂ ਕਿਹਾ, ‘‘ਠਾਕਰੇ ਨੇ ਕਿਹਾ ਕਿ ਉਹ ਸਾਡੇ ਆਸ਼ੀਰਵਾਦ ਨਾਲ ਜੋ ਵੀ ਜ਼ਰੂਰੀ ਹੋਵੇਗਾ, ਉਹ ਕਰਨਗੇ। ਵਿਸ਼ਵਾਸਘਾਤ ਸੱਭ ਤੋਂ ਵੱਡਾ ਪਾਪ ਹੈ।’’
ਜੋਤਿਸ਼ ਪੀਠ ਦੇ ਸ਼ੰਕਰਾਚਾਰੀਆ ਨੇ ਕਿਹਾ, ‘‘ਜੋ ਧੋਖਾ ਦਿੰਦਾ ਹੈ ਉਹ ਹਿੰਦੂ ਨਹੀਂ ਹੋ ਸਕਦਾ। ਜਿਹੜਾ ਵਿਸ਼ਵਾਸਘਾਤ ਸਹਿੰਦਾ ਹੈ ਉਹ ਹਿੰਦੂ ਹੁੰਦਾ ਹੈ। ਮਹਾਰਾਸ਼ਟਰ ਦੇ ਸਾਰੇ ਲੋਕ ਇਸ ਧੋਖੇ ਤੋਂ ਨਾਰਾਜ਼ ਹਨ ਅਤੇ ਇਹ ਹਾਲ ਹੀ ਦੀਆਂ ਲੋਕ ਸਭਾ ਚੋਣਾਂ ’ਚ ਨਜ਼ਰ ਆਇਆ।’’ ਉਨ੍ਹਾਂ ਕਿਹਾ, ‘‘ਸਾਡਾ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਪਰ ਅਸੀਂ ਵਿਸ਼ਵਾਸਘਾਤ ਦੀ ਗੱਲ ਕਰ ਰਹੇ ਹਾਂ ਜੋ ਧਰਮ ਅਨੁਸਾਰ ਪਾਪ ਹੈ।’’
ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵਲੋਂ 10 ਜੁਲਾਈ ਨੂੰ ਦਿੱਲੀ ’ਚ ਕੇਦਾਰਨਾਥ ਮੰਦਰ ਦਾ ਨੀਂਹ ਪੱਥਰ ਰੱਖਣ ਦੇ ਸਵਾਲ ’ਤੇ ਸ਼ੰਕਰਾਚਾਰੀਆ ਨੇ ਕਿਹਾ, ‘‘ਜਦੋਂ ਕੇਦਾਰਨਾਥ ਦਾ ਪਤਾ ਹਿਮਾਲਿਆ ਹੈ ਤਾਂ ਇਹ ਦਿੱਲੀ ’ਚ ਕਿਵੇਂ ਹੋ ਸਕਦਾ ਹੈ? ਤੁਸੀਂ ਲੋਕਾਂ ਨੂੰ ਗੁਮਰਾਹ ਕਿਉਂ ਕਰ ਰਹੇ ਹੋ?’’ ਸ਼ੰਕਰਾਚਾਰੀਆ ਨੇ ਮਾਤੋਸ਼੍ਰੀ ਵਿਖੇ ਇਕ ਪੂਜਾ ਸਮਾਰੋਹ ’ਚ ਵੀ ਹਿੱਸਾ ਲਿਆ।