‘ਅਗਨੀਵੀਰ’ ਅੰਮ੍ਰਿਤਪਾਲ ਸਿੰਘ ਦਾ ਫੌਜੀ ਸਨਮਾਨਾਂ ਨਾਲ ਸਸਕਾਰ ਨਾ ਕਰਨ ਲਈ ‘ਆਪ’ ਨੇ ਕੇਂਦਰ ਸਰਕਾਰ ’ਤੇ ਚੁੱਕੇ ਸਵਾਲ

ਏਜੰਸੀ

ਖ਼ਬਰਾਂ, ਰਾਜਨੀਤੀ

ਕੀ ਦੁਸ਼ਮਣ ਦੀ ਗੋਲੀ ਲੱਗਣ ਨਾਲ ਮਰਨਾ ਹੀ ਸ਼ਹਾਦਤ ਮੰਨਿਆ ਜਾਂਦਾ ਹੈ? : ਰਾਘਵ ਚੱਢਾ

Raghav Chaddha.

ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਨੇ ਜੰਮੂ-ਕਸ਼ਮੀਰ ਵਿਚ 11 ਅਕਤੂਬਰ ਨੂੰ ਮ੍ਰਿਤਕ ਪਾਏ ਗਏ ‘ਅਗਨੀਵੀਰ’ ਅੰਮ੍ਰਿਤਪਾਲ ਸਿੰਘ ਦਾ ਫੌਜੀ ਸਨਮਾਨਾਂ ਨਾਲ ਸਸਕਾਰ ਨਾ ਕਰਨ ਦਾ ਦੋਸ਼ ਲਾ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਹੈ। ਵਿਰੋਧੀ ਪਾਰਟੀਆਂ ਨੇ ਸ਼ਨਿਚਰਵਾਰ ਨੂੰ ਇਸ ਮਾਮਲੇ ’ਤੇ ਹੈਰਾਨੀ ਜਤਾਈ ਸੀ। ਫੌਜ ਨੇ ਕਿਹਾ ਕਿ ਕਿਉਂਕਿ ਅਮ੍ਰਿਤਪਾਲ ਸਿੰਘ ਦੀ ਮੌਤ ‘ਖ਼ੁਦ ਦੀ ਗੋਲੀ ਲੱਗਣ ਕਾਰਨ ਹੋਈ’ ਇਸ ਲਈ ਮੌਜੂਦਾ ਨੀਤੀ ਅਨੁਸਾਰ ਉਸ ਦਾ ਫੌਜੀ ਸਨਮਾਨਾਂ ਨਾਲ ਸਸਕਾਰ ਨਹੀਂ ਕੀਤਾ ਗਿਆ।

‘ਆਪ’ ਦੇ ਸੀਨੀਅਰ ਆਗੂ ਰਾਘਵ ਚੱਢਾ ਨੇ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਅਮ੍ਰਿਤਪਾਲ ਸਿੰਘ ਦਾ ਪਰਿਵਾਰ ਪੈਨਸ਼ਨ ਦਾ ਹੱਕਦਾਰ ਨਹੀਂ ਹੋਵੇਗਾ ਕਿਉਂਕਿ ਉਸ ਨੂੰ ਸ਼ਹੀਦ ਦਾ ਦਰਜਾ ਨਹੀਂ ਦਿਤਾ ਜਾਵੇਗਾ। ਪੁਣਛ ਸੈਕਟਰ ’ਚ ਫੌਜ ਦੀ ਜੰਮੂ-ਕਸ਼ਮੀਰ ਰਾਈਫਲਜ਼ ਯੂਨਿਟ ਦੀ ਇਕ ਬਟਾਲੀਅਨ ’ਚ ਤੈਨਾਤ ਅਮ੍ਰਿਤਪਾਲ ਸਿੰਘ ਦਾ ਸ਼ੁਕਰਵਾਰ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ’ਚ ਉਸ ਦੇ ਜੱਦੀ ਪਿੰਡ ’ਚ ਸਸਕਾਰ ਕਰ ਦਿਤਾ ਗਿਆ ਸੀ। ਰਾਘਵ ਚੱਢਾ ਨੇ ਕਿਹਾ, ‘‘ਕੋਈ ਵੀ ਫੌਜੀ ਯੂਨਿਟ ਉਸ ਦੀ ਲਾਸ਼ ਸੌਂਪਣ ਨਹੀਂ ਆਈ। ਉਸ ਦੀ ਦੇਹ ਨੂੰ ਇਕ ਨਿੱਜੀ ਐਂਬੂਲੈਂਸ ’ਚ ਲਿਆਂਦਾ ਗਿਆ ਅਤੇ ਉਸ ਨੂੰ ਕੋਈ ਫੌਜੀ ਸਨਮਾਨ ਨਹੀਂ ਦਿਤਾ ਗਿਆ। ਪਰ ਪੁਲਿਸ ਨੇ ਉਸ ਦੇ ਸਸਕਾਰ ਦੌਰਾਨ ਉਸ ਨੂੰ ਸਰਕਾਰੀ ਸਨਮਾਨ ਦਿਤਾ।’’ ਉਨ੍ਹਾਂ ਕਿਹਾ ਕਿ ਇਹ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਨੀਤੀਆਂ ’ਤੇ ਗੰਭੀਰ ਸਵਾਲ ਉਠਦਾ ਹੈ।

ਉਨ੍ਹਾਂ ਕਿਹਾ, ‘‘ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅੰਮ੍ਰਿਤਪਾਲ ਸਿੰਘ ਦੇ ਪ੍ਰਵਾਰ ਨੂੰ 1 ਕਰੋੜ ਰੁਪਏ ਮਾਣ ਭੱਤੇ ਵਜੋਂ ਦੇਵੇਗੀ ਅਤੇ ਉਸ ਨੂੰ ਸ਼ਹੀਦ ਦਾ ਦਰਜਾ ਵੀ ਦੇਵੇਗੀ। ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ’ਚ ਉਨ੍ਹਾਂ ਨਾਲ ਹੈ।’’ ਚੱਢਾ ਨੇ ਹਥਿਆਰਬੰਦ ਬਲਾਂ ’ਚ ਥੋੜ੍ਹੇ ਸਮੇਂ ਲਈ ਭਰਤੀ ਲਈ ‘ਅਗਨੀਵੀਰ’ ਯੋਜਨਾ ’ਤੇ ਕੇਂਦਰ ਨੂੰ ਸਵਾਲ ਕੀਤਾ। ਉਨ੍ਹਾਂ ਪੁਛਿਆ, ‘‘ਕੀ ਸਰਕਾਰ ਜਵਾਨਾਂ ਅਤੇ ਅਗਨੀਵੀਰਾਂ ’ਚ ਫਰਕ ਕਰਦੀ ਹੈ? ਉਨ੍ਹਾਂ ਅਗਨੀਵੀਰਾਂ ਦਾ ਭਵਿੱਖ ਕੀ ਹੋਵੇਗਾ ਜੋ ਡਿਊਟੀ ’ਤੇ ਚਾਰ ਸਾਲ ਪੂਰੇ ਕਰ ਲੈਣਗੇ? ਕੀ ਦੁਸ਼ਮਣ ਦੀ ਗੋਲੀ ਲੱਗਣ ਨਾਲ ਮਰਨਾ ਹੀ ਸ਼ਹਾਦਤ ਮੰਨਿਆ ਜਾਂਦਾ ਹੈ? ਇਕ ਸਿਪਾਹੀ ਦੀ ਡਿਊਟੀ ਦੌਰਾਨ ਕਿਸੇ ਹੋਰ ਕਾਰਨਾਂ ਕਰਨ ਜਾਂ ਹੋਰ ਹਾਲਤਾਂ ’ਚ ਮੌਤ ਹੋ ਸਕਦੀ ਹੈ। ਕੀ ਸਰਕਾਰ ਦੀ ਇਸ ਕਾਰਵਾਈ ਨਾਲ ਫੌਜ ਦੇ ਮਨੋਬਲ ’ਤੇ ਕੋਈ ਅਸਰ ਨਹੀਂ ਪਵੇਗਾ?’’