Bikram Majithia News: ਬਿਕਰਮ ਮਜੀਠੀਆ ਨੇ ਇਕ ਹੋਰ ਮੰਤਰੀ ’ਤੇ ਲਗਾਏ ਇਲਜ਼ਾਮ, ਕਿਹਾ, ‘ਸਿਰਫ਼ ਮੁੱਖ ਮੰਤਰੀ ਨੂੰ ਦਿਖਾਵਾਂਗਾ ਵੀਡੀਉ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਚੰਡੀਗੜ੍ਹ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਚ ਹੋਈ ਪ੍ਰੈਸ ਕਾਨਫ਼ਰੰਸ ਵਿਚ ਬਿਕਰਮ ਮਜੀਠੀਆ ਨੇ ਇਕ ਪੈੱਨ ਡਰਾਈਵ ਦਿਖਾਈ।

Bikram Majithia accused another minister

Bikram Majithia News:  ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਪੰਜਾਬ ਦੇ ਇਕ ਹੋਰ ਮੰਤਰੀ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਚੰਡੀਗੜ੍ਹ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਚ ਹੋਈ ਪ੍ਰੈਸ ਕਾਨਫ਼ਰੰਸ ਵਿਚ ਬਿਕਰਮ ਮਜੀਠੀਆ ਨੇ ਇਕ ਪੈੱਨ ਡਰਾਈਵ ਦਿਖਾਈ। ਮਜੀਠੀਆ ਨੇ ਕਿਹਾ ਕਿ ਉਹ ਇਹ ਪੈੱਨ ਡਰਾਈਵ ਸਿਰਫ਼ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੀ ਦਿਖਾਉਣਗੇ। ਜੇਕਰ ਉਹ ਇਸ 'ਤੇ ਕਾਰਵਾਈ ਨਹੀਂ ਕਰਦੇ ਤਾਂ ਇਸ ਬਾਰੇ ਜਾਣਕਾਰੀ ਜਨਤਕ ਕੀਤੀ ਜਾਵੇਗੀ।

ਬਿਕਰਮ ਮਜੀਠੀਆ ਨੇ ਕਿਹਾ ਕਿ ਇਨ੍ਹਾਂ ਮੰਤਰੀਆਂ ਨਾਲ ਹੱਥ ਵੀ ਨਹੀਂ ਮਿਲਾਉਣਾ ਚਾਹੀਦਾ ਅਤੇ ਦੂਰ ਹੀ ਰਹਿਣਾ ਚਾਹੀਦਾ ਹੈ। ਇਨ੍ਹਾਂ ਮੰਤਰੀਆਂ ਦੇ ਸੰਪਰਕ ਵਿਚ ਆ ਕੇ ਤੁਸੀਂ ਵੀ ਫਸ ਸਕਦੇ ਹੋ। ਮਜੀਠੀਆ ਨੇ ਕਿਹਾ ਕਿ ਉਹ ਖੁਦ ਇਸ ਪੈਨ ਡਰਾਈਵ ਦੀ ਪੂਰੀ ਵੀਡੀਉ ਨਹੀਂ ਦੇਖ ਸਕੇ, ਇਸ ਲਈ ਉਨ੍ਹਾਂ ਨੇ ਇਸ ਨੂੰ ਮੁੱਖ ਮੰਤਰੀ ਕੋਲ ਭੇਜ ਕੇ ਇਸ 'ਤੇ ਕਾਰਵਾਈ ਦੀ ਮੰਗ ਕੀਤੀ ਹੈ। ਇਸ਼ਾਰਾ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਉਹ ਸਿਰਫ ਇੰਨਾ ਹੀ ਕਹਿਣਗੇ, ਇਹ ਵੀਡੀਉ ਮੰਤਰੀ ਕਟਾਰੂਚੱਕ ਤੋਂ ਉਪਰ ਦੀ ਹੈ।

ਮਜੀਠੀਆ ਨੇ ਕਿਹਾ ਕਿ ਇਹ ਵੀਡੀਉ ਚੋਰੀ-ਛੁਪੇ ਨਹੀਂ ਬਣਾਈ ਗਈ। ਜਦੋਂ ਮੰਤਰੀ ਦਾ ਨਾਂਅ ਪੁੱਛਿਆ ਗਿਆ ਤਾਂ ਮਜੀਠੀਆ ਨੇ ਜਵਾਬ ਦਿਤਾ ਕਿ ਉਹ ਮੁੱਖ ਮੰਤਰੀ ਦੇ ਖਾਸ ਮੰਤਰੀ ਹਨ। ਇਸ ਵਿਚ ਕੰਮ ਕਰਵਾਉਣ ਬਦਲੇ ਕਿਸੇ ਦਾ ਸ਼ੋਸ਼ਣ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਦੇ ਇਕ ਆਗੂ ਦਾ ਨਾਂਅ ਲਿਆ ਗਿਆ। ਬਿਕਰਮ ਮਜੀਠੀਆ ਨੇ ਕਿਹਾ ਕਿ ਇਸ ਆਗੂ ਨੇ ਰਾਸ਼ਨ ਕਾਰਡ ਬਣਵਾਉਣ ਲਈ ਕਿਸੇ ਦਾ ਸ਼ੋਸ਼ਣ ਕੀਤਾ ਸੀ।

ਬਿਕਰਮ ਮਜੀਠੀਆ ਨੇ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਅਤੇ ਫਿਰ ਉਨ੍ਹਾਂ ਦੇ ਦਫ਼ਤਰ ਵੀ ਫੋਨ ਲਗਾਇਆ ਪਰ ਮੁੱਖ ਮੰਤਰੀ ਭਗਵੰਤ ਮਾਨ ਨਾਲ ਸੰਪਰਕ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਇਹ ਵੀਡੀਉ ਇੰਨੀ ਸੰਵੇਦਨਸ਼ੀਲ ਹੈ ਕਿ ਉਹ ਇਸ ਨੂੰ ਕਿਸੇ ਹੋਰ ਨੂੰ ਨਹੀਂ ਸੌਂਪ ਸਕਦੇ। ਉਨ੍ਹਾਂ ਕਿਹਾ ਕਿ ਇਕ ਵਾਰ ਮੈਂ ਇਹ ਵੀਡੀਉ ਮੁੱਖ ਮੰਤਰੀ ਨੂੰ ਦੇਵਾਂਗਾ, ਜੇਕਰ ਕਾਰਵਾਈ ਨਾ ਹੋਈ ਤਾਂ ਇਸ ਨੂੰ ਜਨਤਕ ਕਰਨ ਬਾਰੇ ਸੋਚਿਆ ਜਾਵੇਗਾ।

ਬਿਕਰਮ ਮਜੀਠੀਆ ਨੇ ਪ੍ਰੈੱਸ ਕਾਨਫਰੰਸ 'ਚ ਇਹ ਵੀਡੀਉ ਉਨ੍ਹਾਂ ਤਕ ਕਿਵੇਂ ਪਹੁੰਚੀ ਇਸ ਦੀ ਕਹਾਣੀ ਵੀ ਦੱਸੀ। ਬਿਕਰਮ ਮਜੀਠੀਆ ਨੇ ਕਿਹਾ ਕਿ ਉਹ ਇਕ ਪ੍ਰੋਗਰਾਮ ਵਿਚ ਸੀ। ਉਦੋਂ ਇਕ ਵਿਅਕਤੀ ਉਨ੍ਹਾੰ ਦੇ ਨੇੜੇ ਆਇਆ ਅਤੇ ਉਸ ਨੂੰ ਪੈੱਨ ਡਰਾਈਵ ਫੜਾਉਣ ਲੱਗਿਆ। ਜਦੋਂ ਉਨ੍ਹਾਂ ਨੇ ਬਿਨਾਂ ਦੇਖੇ ਪੈੱਨ-ਡਰਾਈਵ ਲੈਣ ਤੋਂ ਇਨਕਾਰ ਕਰ ਦਿਤਾ ਤਾਂ ਉਸ ਨੇ ਕੰਪਿਊਟਰ ਦਾ ਪ੍ਰਬੰਧ ਵੀ ਕਰ ਦਿਤਾ।

ਮਜੀਠੀਆ ਨੇ ਕਿਹਾ ਕਿ ਉਸ ਨੇ ਇਹ ਵੀਡੀਉ ਉਸ ਵਿਅਕਤੀ ਦੇ ਮੋਬਾਈਲ ਅਤੇ ਕੰਪਿਊਟਰ 'ਤੇ ਦੇਖੀ, ਜਿਸ ਨੇ ਉਸ ਨੂੰ ਪੈੱਨ-ਡ੍ਰਾਈਵ ਦਿਤੀ ਸੀ, ਪਰ ਕੁੱਝ ਦੇਰ ਤਕ ਦੇਖਣ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਬੰਦ ਕਰ ਦਿੱਤਾ। ਉਹ ਇਸ ਨੂੰ ਦੇਖ ਵੀ ਨਹੀਂ ਸਕੇ ਪਰ ਹੁਣ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਪੈੱਨ ਡਰਾਈਵ ਮੁੱਖ ਮੰਤਰੀ ਤਕ ਪਹੁੰਚੇ ਅਤੇ ਉਹ ਇਸ 'ਤੇ ਕੋਈ ਕਾਰਵਾਈ ਕਰਨਗੇ।

For more news apart from Bikram Majithia accused another minister, stay tuned to Rozana Spokesman)