ਕੀ ਦੁਬਾਰਾ ਕਾਂਗਰਸ ਪ੍ਰਧਾਨ ਨਹੀਂ ਬਣਨਾ ਚਾਹੁੰਦੇ ਰਾਹੁਲ ਗਾਂਧੀ?

ਏਜੰਸੀ

ਖ਼ਬਰਾਂ, ਰਾਜਨੀਤੀ

ਬਦਲਿਆ ਫੋਨ ਨੰਬਰ

Photo

ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਹਾਲ ਹੀ ਦੇ ਦਿਨਾਂ ਵਿਚ ਅਪਣਾ ਨਿੱਜੀ ਮੋਬਾਇਲ ਨੰਬਰ ਬਦਲ ਲਿਆ ਹੈ। ਖ਼ਾਸ ਗੱਲ ਇਹ ਹੈ ਕਿ ਹੁਣ ਕੁਝ ਹੀ ਲੋਕਾਂ ਨੂੰ ਉਹਨਾਂ ਦੇ ਨਵੇਂ ਨੰਬਰ ਦੀ ਜਾਣਕਾਰੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਾਹੁਲ ਗਾਂਧੀ ਹੁਣ ਸਿਆਸੀ ਮੁੱਦਿਆਂ ‘ਤੇ ਜ਼ਿਆਦਾਤਰ ਸੁਨੇਹਿਆਂ ਦਾ ਜਵਾਬ ਨਹੀਂ ਦਿੰਦੇ।

ਅਜਿਹੇ ਵਿਚ ਕਈ ਲੋਕ ਇਸ ਨੂੰ ਸੰਕੇਤ ਦੇ ਰੂਪ ਵਿਚ ਦੇਖਦੇ ਹਨ ਕਿ ਉਹ ਹੁਣ ਕਾਂਗਰਸ ਪ੍ਰਧਾਨ ਦੇ ਰੂਪ ਵਿਚ ਵਾਪਸੀ ਨਹੀਂ ਕਰਨਾ ਚਾਹੁੰਦੇ ਹਨ। ਹਾਲਾਂਕਿ ਇਹ ਅਨੁਮਾਨ ਲਗਾਉਣਾ ਜਾਰੀ ਹੈ ਕਿ ਕੀ ਰਾਹੁਲ ਇਕ ਵਾਰ ਫਿਰ ਪਾਰਟੀ ਦੀ ਕਮਾਨ ਸੰਭਾਲਣਗੇ ਜਾਂ ਨਹੀਂ ਕਿਉਂਕਿ ਕਾਂਗਰਸ ਦੀ ਹਰ ਪਾਸੇ ਹਾਰ ਹੋ ਰਹੀ ਹੈ।

ਹਾਲ ਹੀ ਵਿਚ ਪਾਟਰੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ ਅਤੇ ਚੋਣਾਂ ਵਿਚ ਕਾਂਗਰਸ ਦਾ ਖਾਤਾ ਵੀ ਨਹੀਂ ਖੁੱਲ ਸਕਿਆ।ਮਹਾਰਾਸ਼ਟਰ ਵਿਚ ਪਾਰਟੀ ਤਕਨੀਕੀ ਰੂਪ ਨਾਲ ਸਰਕਾਰ ਦਾ ਹਿੱਸਾ ਹੈ ਪਰ ਇਹ ਕਾਫੀ ਹੱਦ ਤੱਕ ਢੁੱਕਵਾਂ ਨਹੀਂ ਹੈ। ਪਰ ਐਨਸੀਪੀ ਮੁਖੀ ਸ਼ਰਦ ਪਵਾਰ ਦਾ ਦਾਅਵਾ ਹੈ ਕਿ ਇਹ ਉਹ ਫੈਵੀਕੋਲ ਹੈ ਜੋ ਉਧਵ ਠਾਕਰੇ ਸਰਕਾਰ ਨੂੰ ਇਕੱਠੇ ਰੱਖਦਾ ਹੈ।

ਜ਼ਿਕਰਯੋਗ ਹੈ ਕਿ ਹਾਲ ਹੀ ਦੇ ਦਿਨਾਂ ਵਿਚ ਖ਼ਬਰ ਆਈ ਸੀ ਕਿ ਰਾਹੁਲ ਗਾਂਧੀ ਇਸ ਸਾਲ ਮਾਰਚ ਜਾਂ ਫਿਰ ਅਪ੍ਰੈਲ ਵਿਚ ਫਿਰ ਤੋਂ ਕਾਂਗਰਸ ਪ੍ਰਧਾਨ ਬਣ ਸਕਦੇ ਹਨ। ਪਾਰਟੀ ਹਾਈ ਕਮਾਨ ਵੀ ਉਹਨਾਂ ਨੂੰ ਇਕ ਵਾਰ ਫਿਰ ਲਾਂਚ ਕਰਨ ਦੀ ਤਿਆਰੀ ਕਰ ਚੁੱਕੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਖ਼ਰਾਬ ਸਿਹਤ ਦੇ ਚਲਦੇ ਸਰਗਰਮ ਰਾਜਨੀਤੀ ਤੋਂ ਦੂਰ ਹੈ।

ਅਜਿਹੇ ਵਿਚ ਉਹ ਰਾਹੁਲ ਗਾਂਧੀ ਦੀ ਤਾਜਪੋਸ਼ੀ ਲਈ ਪਾਰਟੀ ਸੈਸ਼ਨ ਬੁਲਾ ਸਕਦੀ ਹੈ। ਸੰਭਾਵਨਾਵਾਂ ਹਨ ਕਿ ਇਸ ਬੈਠਕ ਵਿਚ ਰਾਹੁਲ ਦੇ ਨਾਂਅ ‘ਤੇ ਮੋਹਰ ਲਗਾ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਲੋਕ ਸਭਾ ਚੋਣਾਂ ਵਿਚ ਕਰਾਰੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਪਾਰਟੀ ਦੇ ਨੇਤਾਵਾਂ ਨੇ ਉਹਨਾਂ ਨੂੰ ਮਨਾਉਣ ਦੀਆਂ ਕਾਫੀ ਕੋਸ਼ਿਸ਼ਾਂ ਕੀਤੀਆਂ ਸਨ ਪਰ ਉਹਨਾਂ ਨੇ ਅਪਣਾ ਇਰਾਦਾ ਨਹੀਂ ਬਦਲਿਆ। ਪਿਛਲੇ ਸਾਲ ਤਿੰਨ ਜੁਲਾਈ ਨੂੰ ਉਹਨਾਂ ਨੇ ਅਪਣੇ ਅਸਤੀਫੇ ਦੀ ਚਿੱਠੀ ਟਵਿਟਰ ‘ਤੇ ਪੋਸਟ ਕਰ ਦਿੱਤੀ। ਚਿੱਠੀ ਵਿਚ ਉਨਾਂ ਨੇ ਲਿਖਿਆ ਸੀ, ‘ਪ੍ਰਧਾਨ ਹੋਣ ਦੇ ਨਾਤੇ ਹਾਰ ਲਈ ਮੈਂ ਪੂਰੀ ਤਰ੍ਹਾਂ ਜ਼ਿੰਮੇਵਾਰ ਹਾਂ। ਇਸ ਲਈ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਰਿਹਾ ਹਾਂ’।