ਪੰਜਾਬ ਸਮੇਤ 5 ਸੂਬਿਆਂ ਦੀਆਂ ਚੋਣਾਂ 'ਚ ਮਿਲੀ ਹਾਰ ਮਗਰੋਂ ਕਾਂਗਰਸ ਨੇ ਇਨ੍ਹਾਂ 5 ਆਗੂਆਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
ਵਿਧਾਨ ਸਭਾ ਚੋਣਾਂ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲੈਣ ਅਤੇ ਸੰਗਠਨਾਤਮਕ ਤਬਦੀਲੀਆਂ ਦਾ ਦੇਣਗੇ ਸੁਝਾਅ
ਨਵੀਂ ਦਿੱਲੀ : ਵਿਧਾਨ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਕਾਂਗਰਸ ਵਲੋਂ ਕਰਨਾ ਦੀ ਸਮੀਖਿਆ ਲਈ ਯਤਨ ਕੀਤੇ ਜਾਂ ਰਹੇ ਹਨ। ਬੁੱਧਵਾਰ ਨੂੰ ਕਾਂਗਰਸ ਪਾਰਟੀ ਨੇ ਪੰਜਾਬ ਸਮੇਤ ਪੰਜਾਂ ਸੂਬਿਆਂ ਲਈ ਵੱਖ ਵੱਖ ਆਗੂਆਂ ਨੂੰ ਜ਼ਿੰਮੇਵਾਰੀ ਸੌਂਪੀ ਹੈ।
ਜਾਣਕਾਰੀ ਅਨੁਸਾਰ ਰਜਨੀ ਪਾਟਿਲ, ਜੈਰਾਮ ਰਮੇਸ਼, ਅਜੇ ਮਾਕਨ, ਜਤਿੰਦਰ ਸਿੰਘ ਅਤੇ ਅਵਿਨਾਸ਼ ਪਾਂਡੇ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਇਨ੍ਹਾਂ ਆਗੂਆਂ ਨੂੰ ਪੰਜ ਰਾਜਾਂ ਵਿੱਚ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲੈਣ ਅਤੇ ਸੰਗਠਨਾਤਮਕ ਤਬਦੀਲੀਆਂ ਦਾ ਸੁਝਾਅ ਦੇਣ ਲਈ ਨਿਯੁਕਤ ਕੀਤਾ ਗਿਆ ਹੈ।
ਕਾਂਗਰਸ ਪਾਰਟੀ ਨੇ ਰਜਨੀ ਪਾਟਿਲ ਨੂੰ ਗੋਆ, ਜੈਰਾਮ ਰਮੇਸ਼ ਨੂੰ ਮਣੀਪੁਰ, ਅਜੈ ਮਾਕਨ ਨੂੰ ਪੰਜਾਬ, ਜਤਿੰਦਰ ਸਿੰਘ ਨੂੰ ਉੱਤਰ ਪ੍ਰਦੇਸ਼ ਅਤੇ ਅਵਿਨਾਸ਼ ਪਾਂਡੇ ਨੂੰ ਉੱਤਰਾਖੰਡ ਦੀ ਜ਼ਿੰਮੇਵਾਰੀ ਦਿੱਤੀ ਹੈ। ਇਹ ਆਗੂ ਆਪੋ-ਆਪਣੇ ਸੂਬਿਆਂ ਵਿਚ ਚੋਣਾਂ ਤੋਂ ਬਾਅਦ ਦੀਆਂ ਸਥਿਤੀਆਂ ਦਾ ਮੁਲਾਂਕਣ ਕਰਨਗੇ ਅਤੇ ਉੱਥੇ ਹੋਣ ਵਾਲੀਆਂ ਤਬਦੀਲੀਆਂ ਦਾ ਸੁਝਾਅ ਦੇਣਗੇ।
ਪੰਜ ਸੂਬਿਆਂ ਵਿਚ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਾਰਟੀ ਪੰਜਾਬ ਦੀ ਸੱਤਾ ਵੀ ਗੁਆ ਚੁੱਕੀ ਹੈ। ਪੰਜ ਸੂਬਿਆਂ ਵਿਚ ਕਾਂਗਰਸ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਹੁਣ ਲੀਡਰਸ਼ਿਪ ਬਦਲਣ ਦੀ ਮੰਗ ਵੀ ਉੱਠਣ ਲੱਗੀ ਹੈ।
ਇਸ ਦੇ ਚਲਦਿਆਂ ਬੁੱਧਵਾਰ ਨੂੰ ਇਕ ਵਾਰ ਫਿਰ ਜੀ-23 ਮੈਂਬਰਾਂ ਨੇ ਗੁਲਾਮ ਨਬੀ ਆਜ਼ਾਦ ਦੇ ਘਰ ਬੈਠਕ ਕੀਤੀ। ਇਸ ਮੀਟਿੰਗ ਵਿਚ ਸ਼ਸ਼ੀ ਥਰੂਰ ਨੇ ਵੀ ਸ਼ਿਰਕਤ ਕੀਤੀ। ਥਰੂਰ ਦੇ ਜੀ-23 ਗਰੁੱਪ 'ਚ ਸ਼ਾਮਲ ਹੋਣ ਨਾਲ ਹਾਈਕਮਾਂਡ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ।