ਰਸਮੀਂ ਤੌਰ 'ਤੇ ਪੰਜਾਬ ਦੇ ਮੁੱਖ ਮੰਤਰੀ ਬਣੇ ਭਗਵੰਤ ਮਾਨ, ਵਧਾਈਆਂ ਦਾ ਲੱਗਾ ਤਾਂਤਾ
PM ਮੋਦੀ, 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਸਿਆਸੀ ਆਗੂਆਂ ਨੇ ਦਿਤੀ ਮੁਬਾਰਕਬਾਦ
ਖਟਕੜ ਕਲਾਂ : ਅੱਜ ਭਗਵੰਤ ਮਾਨ ਨੇ ਪੰਜਾਬ ਦੇ 17ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ ਤੇ ਉਹਨਾਂ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸਮੇਤ ਪੰਜਾਬ ਦੇ ਕਈ ਲੀਡਰਾਂ ਨੇ ਭਗਵੰਤ ਮਾਨ ਨੂੰ ਵਧਾਈ ਦਿੱਤੀ।
PM ਮੋਦੀ ਨੇ ਦਿੱਤੀ CM ਭਗਵੰਤ ਮਾਨ ਨੂੰ ਮੁਬਾਰਕਬਾਦ
''ਸ਼੍ਰੀ ਭਗਵੰਤ ਮਾਨ ਜੀ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ 'ਤੇ ਮੁਬਾਰਕਬਾਦ। ਪੰਜਾਬ ਦੇ ਵਿਕਾਸ ਅਤੇ ਸੂਬੇ ਦੇ ਲੋਕਾਂ ਦੀ ਭਲਾਈ ਲਈ ਮਿਲ ਕੇ ਕੰਮ ਕਰਾਂਗੇ।''
ਅਰਵਿੰਦ ਕੇਜਰੀਵਾਲ ਨੇ ਕੀਤਾ ਟਵੀਟ
''ਅੱਜ ਪੰਜਾਬ ਲਈ ਬਹੁਤ ਵੱਡਾ ਦਿਨ ਹੈ। ਨਵੀਂ ਉਮੀਦ ਦੀ ਇਸ ਸੁਨਹਿਰੀ ਸਵੇਰ ਵਿਚ ਅੱਜ ਸਾਰਾ ਪੰਜਾਬ ਇੱਕਠਾ ਹੋ ਕੇ ਇੱਕ ਖੁਸ਼ਹਾਲ ਪੰਜਾਬ ਬਣਾਉਣ ਦੀ ਸਹੁੰ ਚੁੱਕੇਗਾ। ਉਸ ਇਤਿਹਾਸਕ ਪਲ ਦਾ ਗਵਾਹ ਬਣਨ ਲਈ ਮੈਂ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਲਈ ਰਵਾਨਾ ਹੋਇਆ ਹਾਂ।''
ਮਨੀਸ਼ ਸਿਸੋਦੀਆ ਨੇ ਕੀਤਾ ਟਵੀਟ
''ਪੰਜਾਬ ਦੇ ਮਾਣ ਭਗਵੰਤ ਮਾਨ ਨੂੰ ਬਹੁਤ-ਬਹੁਤ ਵਧਾਈ। ਇਮਾਨਦਾਰ ਰਾਜਨੀਤੀ ਅਤੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਵਾਲੀ ਸਰਕਾਰ ਦੇਣ ਦਾ ਸੁਪਨਾ ਲੈ ਕੇ ਅਰਵਿੰਦ ਕੇਜਰੀਵਾਲ ਨੇ 10 ਸਾਲ ਪਹਿਲਾਂ ਆਮ ਆਦਮੀ ਪਾਰਟੀ ਦੀ ਨੀਂਹ ਰੱਖੀ ਸੀ। ਅੱਜ ਪੰਜਾਬ ਵਿਚ ਵੀ ਇਹੀ ਸੁਪਨਾ ਸਾਕਾਰ ਹੋਣ ਜਾ ਰਿਹਾ ਹੈ।''
ਰਾਘਵ ਚੱਢਾ ਨੇ ਕੀਤਾ ਟਵੀਟ
''ਅੱਜ ਦਾ ਦਿਨ ਪੰਜਾਬ ਦੇ ਇਤਿਹਾਸ ਦਾ ਅਹਿਮ ਦਿਨ ਹੈ ਕਿਉਂਕਿ 3 ਕਰੋੜ ਪੰਜਾਬੀਆਂ ਨੇ ਭਗਵੰਤ ਮਾਨ ਨਾਲ ਇਕੱਠੇ ਹੋ ਕੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣੀ ਹੈ। ਅੱਜ ਭ੍ਰਿਸ਼ਟ ਸਿਸਟਮ ਨੂੰ ਬਦਲਣ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਡਕਰ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਸਹੁੰ ਚੁੱਕੀ ਜਾਣੀ ਹੈ।''
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਵੀ ਦਿੱਤੀ ਭਗਵੰਤ ਮਾਨ ਨੂੰ ਵਧਾਈ
''ਪੰਜਾਬ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਸਹੁੰ ਚੁੱਕ ਸਮਾਗਮ ਲਈ ਬਹੁਤ-ਬਹੁਤ ਵਧਾਈਆਂ!ਆਸ ਹੈ ਕਿ ਉਨ੍ਹਾਂ ਦੀ ਯੋਗ ਅਗਵਾਈ ਵਿਚ ਪੰਜਾਬ ਵਿਚ ਤਰੱਕੀ, ਭਾਈਚਾਰਕ ਸਾਂਝ ਅਤੇ ਨਵੇਂ ਨਜ਼ਰੀਏ ਦੀਆਂ ਫ਼ਸਲਾਂ ਵਧਣ ਫੁੱਲਣਗੀਆਂ।''
ਭਾਰਤ ਦੇ ਇਤਿਹਾਸ 'ਚ AAP ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਪਾਰਟੀ ਬਣੀ - ਰਾਘਵ ਚੱਡਾ
''ਭਾਰਤੀ ਰਾਜਨੀਤੀ ਦੇ ਇਤਿਹਾਸ ਵਿਚ ਅੱਜ ਵੱਡਾ ਦਿਨ ਹੈ! ਜਿਹੜੀ ਸੱਤਾ ਮਹਿਲਾਂ ਵਿਚ ਬੈਠੇ ਲੀਡਰਾਂ ਕੋਲ ਹੁੰਦੀ ਸੀ, ਅੱਜ ਆਮ ਆਦਮੀ ਪਾਰਟੀ ਜਨਤਾ ਦੇ ਹੱਥਾਂ ਵਿਚ ਦੇ ਰਹੀ ਹੈ। 'ਆਪ' ਭਾਰਤ ਦੇ ਇਤਿਹਾਸ 'ਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਪਾਰਟੀ ਬਣੀ!''
ਸਰਬਜੀਤ ਕੌਰ ਮਾਣੂਕੇ ਨੇ ਕੀਤਾ ਟਵੀਟ
''ਅੱਜ ਦਾ ਦਿਨ ਪੰਜਾਬ ਦੇ ਇਤਿਹਾਸ ਵਿੱਚ ਅਹਿਮ ਦਿਨ ਹੋਵੇਗਾ ਕਿਉਂਕਿ ਅੱਜ ਪੰਜਾਬ ਨੂੰ ਇੱਕ ਇਮਾਨਦਾਰ ਅਤੇ ਮਿਹਨਤੀ ਮੁੱਖ ਮੰਤਰੀ ਮਿਲਣ ਜਾ ਰਹੇ ਹਨ''
ਭਗਵੰਤ ਮਾਨ ਸਾਡੇ ਪੰਜਾਬ ਦੀ ਸ਼ਾਨ ਹੈ- ਗੁਰਦਾਸ ਮਾਨ
“ਹਰ ਕਲਾਕਾਰ ਵਿਚ ਇਕ ਜਜ਼ਬਾ ਹੁੰਦਾ ਹੈ। ਉਹ ਬਹੁਤ ਜਲਦੀ ਜਜ਼ਬਾਤੀ ਹੋ ਜਾਂਦੇ ਹਨ। ਭਗਵੰਤ ਮਾਨ ਦੇ ਅੰਦਰ ਵੀ ਜਜ਼ਬਾਤ ਦਾ ਇਨਕਲਾਬ ਹੈ। ਉਹਨਾਂ ਵਿਚ ਭਗਤ ਸਿੰਘ ਦੀ ਰੂਹ ਵਸਦੀ ਹੈ। ਮਾਸਟਰ ਦਾ ਮੁੰਡਾ ਅੱਜ ਪੰਜਾਬ ਦਾ ਹੈੱਡ ਮਾਸਟਰ ਬਣਨ ਜਾ ਰਿਹਾ, ਭਗਵੰਤ ਮਾਨ ਸਾਡੇ ਪੰਜਾਬ ਦੀ ਸ਼ਾਨ ਹੈ। ਉਹ ਪੰਜਾਬੀਆਂ ਦੇ ਮਸਲੇ ਜ਼ਰੂਰ ਹੱਲ ਕਰਨਗੇ।”
ਮਨੀਸ਼ ਤਿਵਾੜੀ ਨੇ ਸਹੁੰ ਚੁੱਕ ਸਮਾਗਮ ਦੇ ਸੱਦੇ ’ਤੇ ਭਗਵੰਤ ਮਾਨ ਦਾ ਕੀਤਾ ਧੰਨਵਾਦ
'ਮੈਨੂੰ ਸਹੁੰ-ਚੁੱਕ ਸਮਾਗਮ ਵਿੱਚ ਸੱਦਾ ਦੇਣ ਲਈ ਭਗਵੰਤ ਮਾਨ ਦਾ ਧੰਨਵਾਦ ਤੇ ਵਧਾਈ ਪਰ ਮੈਂ ਇਸ ਦਾ ਹਿੱਸਾ ਨਹੀਂ ਬਣ ਸਕਾਂਗਾ ਕਿਉਂਕਿ ਸੰਸਦ ਦਾ ਸੈਸ਼ਨ ਚੱਲ ਰਿਹਾ ਹੈ। ਇਹ ਵਿਅੰਗਾਤਮਕ ਹੈ ਕਿ ਮੈਨੂੰ ਚਰਨਜੀਤ ਸਿੰਘ ਚੰਨੀ ਨੇ ਆਪਣੇ ਸਹੁੰ ਚੁੱਕ ਸਮਾਗਮ ਵਿਚ ਨਹੀਂ ਬੁਲਾਇਆ, ਜਦਕਿ ਉਹ ਮੇਰੇ ਵਿਧਾਇਕਾਂ ਵਿਚੋਂ ਇਕ ਸਨ''
ਰਾਜਾ ਵੜਿੰਗ ਨੇ ਭਗਵੰਤ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਨ 'ਤੇ ਦਿੱਤੀ ਵਧਾਈ
''ਭਗਵੰਤ ਮਾਨ ਜੀ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਨ 'ਤੇ ਬਹੁਤ-ਬਹੁਤ ਮੁਬਾਰਕਾਂ। ਮੈਂ ਆਸ ਕਰਦਾ ਹਾਂ ਕਿ ਤੁਸੀਂ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉਤਰੋਂਗੇ''
ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ CM ਭਗਵੰਤ ਮਾਨ ਦੀ ਪੁਰਾਣੀ ਤਸਵੀਰ ਸਾਂਝੀ ਕਰ ਦਿੱਤੀ ਵਧਾਈ
''ਮਾਣਯੋਗ ਭਗਵੰਤ ਸਿੰਘ ਮਾਨ ਨੂੰ ਪੰਜਾਬ ਦੀ ਵਾਗਡੋਰ ਸੰਭਾਲਣ ਦੀਆਂ ਬਹੁਤ-ਬਹੁਤ ਵਧਾਈਆਂ। ਇਸ ਦਿਨ ਦਾ ਪੰਜਾਬੀ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਪ੍ਰਸ਼ਾਸਨ ਅਤੇ ਜਨਤਾ ਦੇ ਸਹਿਯੋਗ ਸਦਕਾ ਸਾਡੇ ਸੋਹਣੇ ਦੇਸ਼ ਪੰਜਾਬ ਨੂੰ ਮੁੜ ਹੱਸਦਾ-ਵੱਸਦਾ ਕਰਨ ਲਈ ਆਪ ਸਰਕਾਰ ਇਨਕਲਾਬੀ ਕਦਮ ਚੁੱਕੇਗੀ।''