ਹਿਮਾਚਲ ਪ੍ਰਦੇਸ਼ ਦੇ ਮੰਡੀ 'ਚ ਭਾਰੀ ਮੀਂਹ ਕਾਰਨ 3 ਵਿਅਕਤੀਆਂ ਦੀ ਹੋਈ ਮੌਤ, 2 ਲਾਪਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਜ਼ਮੀਨ ਖਿਸਕਣ ਕਾਰਨ ਇਕ ਘਰ ਮਲਬੇ ਹੇਠ ਦਬਿਆ, ਬੱਸ ਅੱਡਾ ਵੀ ਆਇਆ ਪਾਣੀ ਲਪੇਟ 'ਚ

3 people died, 2 missing due to heavy rain in Mandi, Himachal Pradesh

ਮੰਡੀ : ਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਔਰੇਂਜ ਅਲਰਟ ਦੇ ਚਲਦਿਆਂ ਬੀਤੀ ਰਾਤ ਭਾਰੀ ਮੀਂਹ ਨੇ ਇਕ ਫਿਰ ਤੋਂ ਸੂਬੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਭਾਰੀ ਮੀਂਹ ਨਾਲ ਮੰਡੀ ਜ਼ਿਲ੍ਹੇ ਦੇ ਨਿਹਰੀ ਅਤੇ ਧਰਮਪੁਰ ’ਚ ਭਾਰੀ ਤਬਾਹੀ ਹੋਈ। ਨਿਹਰੀ ’ਚ ਜ਼ਮੀਨ ਖਿਸਕਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਧਰਮਪੁਰਾ ’ਚ ਦੋ ਵਿਅਕਤੀ ਲਾਪਤਾ ਹਨ।

ਮੰਡੀ ਜ਼ਿਲ੍ਹੇ ਦੇ ਧਰਮਪੁਰ ’ਚ ਬੀਤੀ ਰਾਤ ਪਏ ਭਾਰੀ ਮੀਂਹ  ਨਾਲ ਸੋਨ ਖੱਡ ਅਤੇ ਨਾਲੇ ਉਫਾਨ ’ਤੇ ਆ ਗਏ। ਖੱਡ ਦੇ ਪਾਣੀ ਦਾ ਪੱਧਰ ਦੇਖਦੇ ਹੀ ਦੇਖਦੇ ਇੰਨਾ ਵਧ ਗਿਆ ਅਤੇ ਉਸ ਨੇ ਖਤਰਨਾਕ ਰੂਪ ਧਾਰ ਲਿਆ, ਜਿਸ ਤੋਂ ਬਾਅਦ ਧਰਮਪੁਰ ਬੱਸ ਅੱਡਾ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਿਆ। ਖੱਡ ਦੇ ਪਾਣੀ ਨੇ ਬੱਸ ਅੱਡੇ ’ਚ ਖੜ੍ਹੀਆਂ ਕਈ ਬੱਸਾਂ ਅਤੇ ਵਾਹਨਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਜਦਕਿ ਕੁੱਝ ਵਾਹਨ ਪਾਣੀ ਦੇ ਤੇਜ਼ ਵਹਾਅ ਕਾਰਨ ਖੱਡ ਵਿਚ ਜਾ ਡਿੱਗੇ। ਇਸ ਦੌਰਾਨ ਇਲਾਕੇ ਵਿਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਅਤੇ ਲੋਕਾਂ ਨੇ ਘਰਾਂ ਦੀਆਂ ਛੱਤਾਂ ’ਤੇ ਚੜ੍ਹ ਕੇ ਆਪਣੀ ਜਾਨ ਬਚਾਈ।

ਧਰਮਪੁਰ ਦੇ ਡੀਐਸਪੀ ਸੰਜੀਵ ਸੂਦ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਧਰਮਪੁਰ ਬੱਸ ਅੱਡੇ ’ਚ ਭਾਰੀ ਤਬਾਹੀ ਹੋਈ ਹੈ। ਕੁੱਝ ਬੱਸਾਂ ਪਾਣੀ ’ਚ ਵਹਿ ਗਈਆਂ ਅਤੇ ਦੋ ਵਿਅਕਤੀ ਲਾਪਤਾ ਹਨ। ਜਿਨ੍ਹਾਂ ਦੀ ਭਾਲ ਲਈ ਰੈਸਕਿਊ ਚਲਾਇਆ ਜਾ ਰਿਹਾ ਹੈ।