ਕੇਰਲ ਦੌਰੇ ’ਤੇ ਆਏ ਪ੍ਰਧਾਨ ਮੰਤਰੀ ਨੇ ਭਾਜਪਾ ਵਰਕਰਾਂ ਨੂੰ ਸਿਖਾਏ ਚੋਣ ਸਫਲਤਾ ਦੇ ਗੁਰ

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ, ਬੂਥ ਪੱਧਰ ’ਤੇ ਵੋਟਰਾਂ ’ਤੇ ਧਿਆਨ ਕੇਂਦਰਿਤ ਕਰੋ

PM Modi
  • ਕੇਰਲ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਗੁਰੂਵਾਯੂਰ ਦੇ ਭਗਵਾਨ ਕ੍ਰਿਸ਼ਨ ਮੰਦਰ ’ਚ ਪੂਜਾ ਕੀਤੀ 
  • ਅਦਾਕਾਰ ਤੋਂ ਸਿਆਸਤਦਾਨ ਬਣੇ ਸੁਰੇਸ਼ ਗੋਪੀ ਦੀ ਧੀ ਦੇ ਵਿਆਹ ’ਚ ਵੀ ਸ਼ਾਮਲ ਹੋਏ

ਕੋਚੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਕੇਰਲ ’ਚ ਵੋਟਰਾਂ ਦਾ ਦਿਲ ਜਿੱਤਣ ਲਈ ਭਾਜਪਾ ਵਰਕਰਾਂ ਨੂੰ ਸੁਝਾਅ ਦਿਤੇ। ਇੱਥੇ ਮਰੀਨ ਡਰਾਈਵ ਵਿਖੇ ਸ਼ਕਤੀ ਕੇਂਦਰਾਂ ਦੇ ਲਗਭਗ 6,000 ਇੰਚਾਰਜਾਂ ਦੀ ਪਾਰਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਰਲ ’ਚ ਇਹ ਪ੍ਰਭਾਵ ਪਾਉਣ ਦੀ ਸਮਰੱਥਾ ਹੈ ਕਿ ਦਿੱਲੀ ’ਚ ਕੌਣ ਸੱਤਾ ’ਚ ਹੋਵੇਗਾ। 

ਇਕ ‘ਸ਼ਕਤੀ ਕੇਂਦਰ’ ’ਚ ਦੋ ਤੋਂ ਤਿੰਨ ਬੂਥ ਪੱਧਰ ਦੇ ਖੇਤਰ ਹੁੰਦੇ ਹਨ। ਪ੍ਰਧਾਨ ਮੰਤਰੀ ਨੇ ਭਾਜਪਾ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਅਪਣੇ ਬੂਥਾਂ ’ਤੇ ਜਿੱਤ ਯਕੀਨੀ ਬਣਾਉਣ। 

ਉਨ੍ਹਾਂ ਕਿਹਾ, ‘‘ਜੇ ਅਸੀਂ ਅਪਣਾ ਬੂਥ ਜਿੱਤ ਜਾਂਦੇ ਹਾਂ ਤਾਂ ਅਸੀਂ ਕੇਰਲ ਜਿੱਤਾਂਗੇ। ਇਸ ਲਈ ਤੁਹਾਨੂੰ (ਪਾਰਟੀ ਵਰਕਰਾਂ) ਹਰ ਬੂਥ ਪੱਧਰ ਦੇ ਖੇਤਰ ਦੇ ਹਰ ਵੋਟਰ ’ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ ਅਤੇ ਸਖਤ ਮਿਹਨਤ ਕਰਨੀ ਪਵੇਗੀ।’’

ਉਨ੍ਹਾਂ ਕਿਹਾ, ‘‘ਤੁਹਾਡੇ ਬੂਥ ’ਤੇ ਹਰ ਲਾਭਪਾਤਰੀ ਦੀ ਸੂਚੀ ਹੋਣੀ ਚਾਹੀਦੀ ਹੈ, ਉਨ੍ਹਾਂ ਨੂੰ ਮਿਲੋ, ਉਨ੍ਹਾਂ ਦੇ ਨਾਮ ਜਾਣੋ, ਉਨ੍ਹਾਂ ਦੇ ਪਰਵਾਰਾਂ ਨੂੰ ਮਿਲੋ, ਇਹ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ।’’

ਉਨ੍ਹਾਂ ਨੇ ਅਪਣੀ ਪਾਰਟੀ ਦੇ ਵਰਕਰਾਂ ਨੂੰ ਸਲਾਹ ਦਿਤੀ ਕਿ ਉਹ ਕੇਰਲ ’ਚ ਚੱਲ ਰਹੀ ‘ਵਿਕਾਸ ਭਾਰਤ ਸੰਕਲਪ ਯਾਤਰਾ’ ’ਚ ਉਨ੍ਹਾਂ ਲੋਕਾਂ ਨੂੰ ਸ਼ਾਮਲ ਕਰਨ ਜਿਨ੍ਹਾਂ ਨੂੰ ਅਜੇ ਤਕ ਕੇਂਦਰ ਸਰਕਾਰ ਦੀਆਂ ਵਿਕਾਸ ਅਤੇ ਭਲਾਈ ਯੋਜਨਾਵਾਂ ਦਾ ਲਾਭ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ, ‘‘ਤੁਹਾਨੂੰ ਉਨ੍ਹਾਂ ਨੂੰ ‘ਮੋਦੀ ਕੀ ਗਾਰੰਟੀ’ ਟ੍ਰੇਨ ’ਚ ਲਿਆਉਣਾ ਹੋਵੇਗਾ। ਮੋਦੀ ਦੀ ਗਰੰਟੀ ਦਾ ਮਤਲਬ ਹੈ ਵਾਅਦੇ ਪੂਰੇ ਕਰਨ ਦੀ ਵਚਨਬੱਧਤਾ। ਮੇਰਾ ਮੰਨਣਾ ਹੈ ਕਿ ਤੁਹਾਡੇ ’ਚੋਂ ਹਰ ਕੋਈ ਇਸ ਸੰਦੇਸ਼ ਨੂੰ ਲੋਕਾਂ ਤਕ ਪਹੁੰਚਾ ਸਕਦਾ ਹੈ।’’

22 ਜਨਵਰੀ ਨੂੰ ਅਯੁੱਧਿਆ ’ਚ ਰਾਮ ਮੰਦਰ ’ਚ ਹੋਣ ਵਾਲੇ ਪ੍ਰਤਿਸ਼ਠਾ ਸਮਾਰੋਹ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਪਾਰਟੀ ਵਰਕਰਾਂ ਨੂੰ ਪਿੰਡਾਂ ਅਤੇ ਸ਼ਹਿਰਾਂ ਦੇ ਮੰਦਰਾਂ ’ਚ ਸਫਾਈ ਮੁਹਿੰਮ ਸ਼ੁਰੂ ਕਰਨ ਦਾ ਸੱਦਾ ਦਿਤਾ। 

ਮੋਦੀ ਨੇ ਮੰਗਲਵਾਰ ਨੂੰ ਰਾਜ ਪਹੁੰਚਣ ’ਤੇ ਉਨ੍ਹਾਂ ਦੇ ਸਵਾਗਤ ਨੂੰ ਵੀ ਯਾਦ ਕੀਤਾ ਅਤੇ ਕਿਹਾ ਕਿ ਕੇਰਲ ਦੇ ਲੋਕਾਂ ਨੇ ਉਨ੍ਹਾਂ ਨੂੰ ਜੋ ਪਿਆਰ ਅਤੇ ਸਨੇਹ ਵਿਖਾਇਆ ਹੈ, ਉਸ ਤੋਂ ਉਹ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਕੋਚੀ ਪਹੁੰਚਣ ’ਤੇ ਅਤੇ ਅੱਜ ਸਵੇਰੇ ਤ੍ਰਿਪ੍ਰਯਾਰ ਸ਼੍ਰੀ ਰਾਮਾਸਵਾਮੀ ਮੰਦਰ ਜਾਂਦੇ ਸਮੇਂ ਉਨ੍ਹਾਂ ਨੂੰ ਲੋਕਾਂ ਨੇ ਆਸ਼ੀਰਵਾਦ ਦਿਤਾ। 

ਕੇਰਲ ਦੇ ਦੋ ਦਿਨਾਂ ਦੌਰੇ ’ਤੇ ਆਏ ਪ੍ਰਧਾਨ ਮੰਤਰੀ ਨੇ ਇਕ ਦਿਨ ਪਹਿਲਾਂ ਬੰਦਰਗਾਹ ਸ਼ਹਿਰ ’ਚ ਇਕ ਵਿਸ਼ਾਲ ਰੋਡ ਸ਼ੋਅ ਦੀ ਅਗਵਾਈ ਕੀਤੀ ਸੀ। ਦੋ ਹਫ਼ਤਿਆਂ ਦੇ ਸਮੇਂ ’ਚ ਇਹ ਉਨ੍ਹਾਂ ਦਾ ਸੂਬੇ ਦਾ ਦੂਜਾ ਦੌਰਾ ਹੈ। 

ਇਸ ਤੋਂ ਬਾਅਦ ਬੁਧਵਾਰ ਸਵੇਰੇ ਉਨ੍ਹਾਂ ਨੇ ਕੇਰਲ ਦੇ ਗੁਰੂਵਾਯੂਰ ਦੇ ਪ੍ਰਸਿੱਧ ਭਗਵਾਨ ਕ੍ਰਿਸ਼ਨ ਮੰਦਰ ’ਚ ਪੂਜਾ ਕੀਤੀ ਅਤੇ ਅਦਾਕਾਰ-ਸਿਆਸਤਦਾਨ ਸੁਰੇਸ਼ ਗੋਪੀ ਦੀ ਧੀ ਦੇ ਵਿਆਹ ’ਚ ਸ਼ਾਮਲ ਹੋਏ, ਜਿੱਥੇ ਮਲਿਆਲਮ ਸਿਨੇਮਾ ਦੇ ਚੋਟੀ ਦੇ ਸਿਤਾਰੇ ਮੌਜੂਦ ਸਨ। ਬਾਅਦ ’ਚ ਉਨ੍ਹਾਂ ਨੇ ਤ੍ਰਿਸੂਰ ਜ਼ਿਲ੍ਹੇ ’ਚ ਕਰੁਵੰਨੂਰ ਨਦੀ ਦੇ ਕੰਢੇ ਸਥਿਤ ਤ੍ਰਿਪ੍ਰਯਾਰ ਸ਼੍ਰੀ ਰਾਮਾਸਵਾਮੀ ਮੰਦਰ ’ਚ ਪੂਜਾ ਕੀਤੀ। 

ਬਾਅਦ ਦੁਪਹਿਰ ਪ੍ਰਧਾਨ ਮੰਤਰੀ ਕੋਚੀ ਵਾਪਸ ਆਏ, ਜਿੱਥੇ ਉਨ੍ਹਾਂ ਨੇ ਕੋਚੀਨ ਸ਼ਿਪਯਾਰਡ ਲਿਮਟਿਡ ’ਚ ਵੱਡੀਆਂ ਰਣਨੀਤਕ ਪਹਿਲਕਦਮੀਆਂ ਸਮੇਤ 4,000 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਉਹ ਭਾਜਪਾ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਬਾਅਦ ਦਿੱਲੀ ਪਰਤੇ। 

ਕੋਚੀਨ ਸ਼ਿਪਯਾਰਡ ਲਿਮਟਿਡ ’ਚ 4,000 ਕਰੋੜ ਰੁਪਏ ਦੇ ਪ੍ਰਾਜੈਕਟਾਂ ਨੂੰ ਦੇਸ਼ ਨੂੰ ਸਮਰਪਿਤ 

ਕੋਚੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਕਿਹਾ ਕਿ 10 ਸਾਲ ਪਹਿਲਾਂ ਤਕ ਬੰਦਰਗਾਹਾਂ ’ਤੇ ਸਮੁੰਦਰੀ ਜਹਾਜ਼ਾਂ ਨੂੰ ਲੰਮੀ ਉਡੀਕ ਕਰਨੀ ਪੈਂਦੀ ਸੀ ਅਤੇ ਮਾਲ ਨੂੰ ਉਤਾਰਨ ’ਚ ਬਹੁਤ ਲੰਮਾ ਸਮਾਂ ਲਗਦਾ ਸੀ। ਪਰ ਅੱਜ ਸਥਿਤੀ ਬਦਲ ਗਈ ਹੈ ਅਤੇ ਭਾਰਤ ਨੇ ਸਮੁੰਦਰੀ ਜਹਾਜ਼ਾਂ ਦੇ ‘ਟਰਨਅਰਾਊਂਡ’ ਸਮੇਂ ਦੇ ਮਾਮਲੇ ’ਚ ਕਈ ਵਿਕਸਤ ਦੇਸ਼ਾਂ ਨੂੰ ਪਿੱਛੇ ਛੱਡ ਦਿਤਾ ਹੈ। 

ਪ੍ਰਧਾਨ ਮੰਤਰੀ ਮੋਦੀ ਨੇ ਇਹ ਟਿਪਣੀ ਕੋਚੀਨ ਸ਼ਿਪਯਾਰਡ ਲਿਮਟਿਡ ’ਚ ਵੱਡੀਆਂ ਰਣਨੀਤਕ ਪਹਿਲਕਦਮੀਆਂ ਸਮੇਤ 4,000 ਕਰੋੜ ਰੁਪਏ ਦੇ ਪ੍ਰਾਜੈਕਟਾਂ ਨੂੰ ਦੇਸ਼ ਨੂੰ ਸਮਰਪਿਤ ਕਰਨ ਤੋਂ ਬਾਅਦ ਕੀਤੀ। ਉਨ੍ਹਾਂ ਕਿਹਾ ਕਿ ਇਹ ਦੇਸ਼ ਦੇ ਦਖਣੀ ਖੇਤਰ ਦੇ ਵਿਕਾਸ ਨੂੰ ਤੇਜ਼ ਕਰਨ ’ਚ ਸਹਾਇਤਾ ਕਰਨਗੇ। 

ਮੋਦੀ ਨੇ ਮੱਧ ਪੂਰਬ-ਯੂਰਪ ਆਰਥਕ ਲਾਂਘੇ ’ਤੇ ਭਾਰਤ ਦੀ ਜੀ-20 ਪ੍ਰਧਾਨਗੀ ਦੌਰਾਨ ਹੋਏ ਸਮਝੌਤਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ, ‘‘ਦੁਨੀਆਂ ਵਿਸ਼ਵ ਵਪਾਰ ’ਚ ਭਾਰਤ ਦੀ ਸਮਰੱਥਾ ਅਤੇ ਸਥਿਤੀ ਨੂੰ ਪਛਾਣ ਰਹੀ ਹੈ।’’ ਉਨ੍ਹਾਂ ਕਿਹਾ ਕਿ ਇਹ ਲਾਂਘਾ ਭਾਰਤ ਦੀ ਤੱਟਵਰਤੀ ਆਰਥਕਤਾ ਨੂੰ ਹੁਲਾਰਾ ਦੇ ਕੇ ਵਿਕਸਤ ਭਾਰਤ ਦੇ ਨਿਰਮਾਣ ਨੂੰ ਹੋਰ ਮਜ਼ਬੂਤ ਕਰੇਗਾ। 

‘ਅੰਮ੍ਰਿਤ ਕਾਲ’ ਦੌਰਾਨ ਭਾਰਤ ਨੂੰ ‘ਵਿਕਸਤ ਰਾਸ਼ਟਰ‘ ਬਣਾਉਣ ਦੀ ਯਾਤਰਾ ’ਚ ਹਰ ਸੂਬੇ ਦੀ ਭੂਮਿਕਾ ’ਤੇ ਜ਼ੋਰ ਦਿੰਦਿਆਂ ਮੋਦੀ ਨੇ ਪਹਿਲੇ ਸਮਿਆਂ ’ਚ ਭਾਰਤ ਦੀ ਖੁਸ਼ਹਾਲੀ ’ਚ ਬੰਦਰਗਾਹਾਂ ਦੀ ਭੂਮਿਕਾ ਨੂੰ ਯਾਦ ਕੀਤਾ ਅਤੇ ਕਿਹਾ ਕਿ ਅੱਜ ਭਾਰਤ ਨਵੇਂ ਕਦਮ ਚੁੱਕ ਰਿਹਾ ਹੈ ਅਤੇ ਵਿਸ਼ਵ ਵਪਾਰ ਦਾ ਇਕ ਵੱਡਾ ਕੇਂਦਰ ਬਣ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੀ ਸਥਿਤੀ ’ਚ ਸਰਕਾਰ ਕੋਚੀ ਵਰਗੇ ਬੰਦਰਗਾਹ ਸ਼ਹਿਰਾਂ ਦੀ ਸ਼ਕਤੀ ’ਚ ਸੁਧਾਰ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਸਾਗਰਮਾਲਾ ਪ੍ਰਾਜੈਕਟ ਤਹਿਤ ਬੰਦਰਗਾਹ ਦੀ ਸਮਰੱਥਾ ਵਧਾਉਣ, ਬੰਦਰਗਾਹ ਦੇ ਬੁਨਿਆਦੀ ਢਾਂਚੇ ’ਚ ਨਿਵੇਸ਼ ਅਤੇ ਬਿਹਤਰ ਬੰਦਰਗਾਹ ਕਨੈਕਟੀਵਿਟੀ ਦਾ ਜ਼ਿਕਰ ਕੀਤਾ। 

ਕੇਰਲ ਦੇ ਮੁੱਖ ਮੰਤਰੀ ਵਿਜਯਨ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ ਅਤੇ ਸੂਬੇ ਵਲੋਂ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ‘‘ਅਸੀਂ ਖੁਸ਼ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਸਾਡੇ ਵਿਚਕਾਰ ਹਨ। ਸੱਭ ਤੋਂ ਪਹਿਲਾਂ, ਮੈਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਾ ਹਾਂ ਅਤੇ ਅਜਿਹੇ ਮੈਗਾ ਪ੍ਰਾਜੈਕਟਾਂ ’ਚ ਮੇਜ਼ਬਾਨ ਰਾਜ ਵਜੋਂ ਸਹਾਇਕ ਭੂਮਿਕਾ ਨਿਭਾ ਕੇ ਸਾਡੇ ਦੇਸ਼ ਦੇ ਸਮੁੱਚੇ ਵਿਕਾਸ ਲਈ ਕੇਰਲ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹਾਂ।’’

ਅਪਣੇ ਸੰਖੇਪ ਭਾਸ਼ਣ ’ਚ ਮੁੱਖ ਮੰਤਰੀ ਨੇ ਚੰਦਰਯਾਨ-3 ਅਤੇ ਆਦਿੱਤਿਆ ਐਲ1 ਪ੍ਰਾਜੈਕਟਾਂ ’ਚ ਸਰਕਾਰੀ ਕੇਲਟ੍ਰੋਨ ਅਤੇ ਕੇਰਲ ਅਧਾਰਤ ਕਈ ਹੋਰ ਕੰਪਨੀਆਂ ਦੀ ਭੂਮਿਕਾ ਨੂੰ ਵੀ ਉਜਾਗਰ ਕੀਤਾ। ਕੇਂਦਰ ਸਰਕਾਰ ਦਾ ਅਨੁਮਾਨ ਹੈ ਕਿ ਇਨ੍ਹਾਂ ਪ੍ਰਾਜੈਕਟਾਂ ਨਾਲ ਕੋਚੀਨ ਸ਼ਿਪਯਾਰਡ ਲਿਮਟਿਡ ਅਗਲੇ ਚਾਰ ਸਾਲਾਂ ’ਚ ਅਪਣਾ ਕਾਰੋਬਾਰ ਦੁੱਗਣਾ ਕਰ ਕੇ 7,000 ਕਰੋੜ ਰੁਪਏ ਕਰਨ ਲਈ ਤਿਆਰ ਹੈ।