ਸੋਨੀਆ ਗਾਂਧੀ ਦੇ ਸੀਟ ਖਾਲੀ ਕਰਨ ਤੋਂ ਬਾਅਦ ਕੌਣ ਆਏਗਾ ਰਾਏਬਰੇਲੀ ਦੇ ਚੋਣ ਮੈਦਾਨ ’ਚ? ਜਾਣੋ ਕੀ ਬੋਲੇ ਯੂ.ਪੀ. ਕਾਂਗਰਸ ਪ੍ਰਧਾਨ

ਏਜੰਸੀ

ਖ਼ਬਰਾਂ, ਰਾਜਨੀਤੀ

ਰਾਏਬਰੇਲੀ ਸੀਟ ਗਾਂਧੀ ਪਰਵਾਰ ਕੋਲ ਹੀ ਰਹੇਗੀ : ਅਜੇ ਰਾਏ

Sonia Gandhi

ਵਾਰਾਣਸੀ: ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਜੇ ਰਾਏ ਨੇ ਉੱਤਰ ਪ੍ਰਦੇਸ਼ ਦੀ ਰਾਏਬਰੇਲੀ ਲੋਕ ਸਭਾ ਸੀਟ ਤੋਂ ਗਾਂਧੀ ਪਰਵਾਰ ਦੇ ਇਕ ਮੈਂਬਰ ਦੇ ਚੋਣ ਲੜਨ ਦਾ ਸੰਕੇਤ ਦਿੰਦੇ ਹੋਏ ਸਨਿਚਰਵਾਰ ਨੂੰ ਕਿਹਾ ਕਿ ਇਹ ਸੀਟ ਗਾਂਧੀ ਪਰਵਾਰ ਕੋਲ ਹੀ ਰਹੇਗੀ। ਮੀਡੀਆ ਨਾਲ ਗੱਲਬਾਤ ਦੌਰਾਨ ਰਾਏ ਨੇ ਕਿਹਾ, ‘‘ਰਾਏਬਰੇਲੀ ਦੇ ਲੋਕਾਂ ਦਾ ਪੀੜ੍ਹੀਆਂ ਤੋਂ ਗਾਂਧੀ ਪਰਵਾਰ ਨਾਲ ਡੂੰਘਾ ਸਬੰਧ ਰਿਹਾ ਹੈ। ਇਹ ਸੀਟ ਗਾਂਧੀ ਪਰਵਾਰ ਦੀ ਹੈ ਅਤੇ ਗਾਂਧੀ ਪਰਵਾਰ ਕੋਲ ਰਹੇਗੀ।’’

ਇਹ ਪੁੱਛੇ ਜਾਣ ’ਤੇ ਕਿ ਉਥੋਂ ਕੌਣ ਚੋਣ ਲੜੇਗਾ, ਰਾਏ ਨੇ ਕਿਹਾ, ‘‘ਇਹ ਯਕੀਨੀ ਤੌਰ ’ਤੇ ਉਹ (ਗਾਂਧੀ ਪਰਵਾਰ) ਤੈਅ ਕਰਨਗੇ।’’ ਰਾਏਬਰੇਲੀ ਤੋਂ 2004 ਤੋਂ ਸੰਸਦ ਮੈਂਬਰ ਰਹੀ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਵੀਰਵਾਰ ਨੂੰ ਅਪਣੇ ਹਲਕੇ ਦੇ ਲੋਕਾਂ ਨੂੰ ਸੂਚਿਤ ਕੀਤਾ ਕਿ ਉਹ ਸਿਹਤ ਕਾਰਨਾਂ ਕਰ ਕੇ ਆਗਾਮੀ ਲੋਕ ਸਭਾ ਚੋਣਾਂ ਨਹੀਂ ਲੜਨਗੇ।

ਰਾਏਬਰੇਲੀ ਦੇ ਲੋਕਾਂ ਨੂੰ ਸੰਬੋਧਿਤ ਅਪਣੀ ਚਿੱਠੀ ’ਚ 77 ਸਾਲ ਦੀ ਸੋਨੀਆ ਗਾਂਧੀ ਨੇ ਲਿਖਿਆ, ‘‘ਇਸ ਫੈਸਲੇ ਤੋਂ ਬਾਅਦ ਮੈਨੂੰ ਸਿੱਧੇ ਤੌਰ ’ਤੇ ਤੁਹਾਡੀ ਸੇਵਾ ਕਰਨ ਦਾ ਮੌਕਾ ਨਹੀਂ ਮਿਲੇਗਾ, ਪਰ ਮੇਰਾ ਦਿਲ ਅਤੇ ਆਤਮਾ ਹਮੇਸ਼ਾ ਤੁਹਾਡੇ ਨਾਲ ਰਹੇਗੀ। ਮੈਂ ਜਾਣਦੀ ਹਾਂ ਕਿ ਤੁਸੀਂ ਭਵਿੱਖ ’ਚ ਪਹਿਲਾਂ ਵਾਂਗ ਮੇਰਾ ਅਤੇ ਮੇਰੇ ਪਰਵਾਰ ਦਾ ਸਮਰਥਨ ਕਰੋਗੇ।’’

ਅਜਿਹੀਆਂ ਕਿਆਸਅਰਾਈਆਂ ਹਨ ਕਿ ਸੋਨੀਆ ਗਾਂਧੀ ਦੇ ਰਾਏਬਰੇਲੀ ਸੀਟ ਖਾਲੀ ਕਰਨ ਤੋਂ ਬਾਅਦ ਉਨ੍ਹਾਂ ਦੀ ਬੇਟੀ ਪ੍ਰਿਯੰਕਾ ਗਾਂਧੀ ਵਾਡਰਾ ਰਾਏਬਰੇਲੀ ਤੋਂ ਚੋਣ ਲੜ ਸਕਦੀ ਹੈ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ’ਚ ਅਜੇ ਰਾਏ ਨੇ ਦੋਸ਼ ਲਾਇਆ ਕਿ ਜਦੋਂ ਰਾਹੁਲ ਗਾਂਧੀ ਕਾਸ਼ੀ ਵਿਸ਼ਵਨਾਥ ਮੰਦਰ ਗਏ ਤਾਂ ਉਨ੍ਹਾਂ ਨੂੰ ਕੈਮਰਾ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਦਿਤੀ ਗਈ।

ਉਨ੍ਹਾਂ ਕਿਹਾ, ‘‘ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਰੇ ਨੇਤਾਵਾਂ ਨੂੰ ਕਾਸ਼ੀ ਵਿਸ਼ਵਨਾਥ ਮੰਦਰ ਜਾਣ ਲਈ ਕੈਮਰੇ ਲਗਾਉਣ ਦੀ ਇਜਾਜ਼ਤ ਹੈ। ਪਰ ਰਾਹੁਲ ਗਾਂਧੀ ਨੂੰ ਕੈਮਰੇ ਨਾਲ ਮੰਦਰ ਜਾਣ ਦੀ ਇਜਾਜ਼ਤ ਨਹੀਂ ਦਿਤੀ ਗਈ ਅਤੇ ਪ੍ਰਸ਼ਾਸਨ ਵਲੋਂ ਅਜੇ ਤਕ ਕੋਈ ਫੋਟੋ ਜਾਰੀ ਨਹੀਂ ਕੀਤੀ ਗਈ ਹੈ।’’ ਕਾਂਗਰਸ ਦੀ ‘ਭਾਰਤ ਜੋੜੋ ਨਿਆਂ ਯਾਤਰਾ’ ਦੇ ਉੱਤਰ ਪ੍ਰਦੇਸ਼ ਪਹੁੰਚਣ ਦੇ ਦੂਜੇ ਦਿਨ ਰਾਹੁਲ ਗਾਂਧੀ ਨੇ ਵਾਰਾਣਸੀ ਦੇ ਕਾਸ਼ੀ ਵਿਸ਼ਵਨਾਥ ਮੰਦਰ ਦੇ ਦਰਸ਼ਨ ਕੀਤੇ।