ਰਾਜ ਸਭਾ ’ਚ ਉੱਠੀ ਹਾਈ ਕੋਰਟਾਂ ਤੇ ’ਵਰਸਿਟੀਆਂ ਦੇ ਬ੍ਰਿਟਿਸ਼ ਕਾਲ ਦੇ ਨਾਂ ਬਦਲਣ ਲਈ ਸੰਸਦੀ ਕਮੇਟੀ ਬਣਾਉਣ ਦੀ ਮੰਗ

ਏਜੰਸੀ

ਖ਼ਬਰਾਂ, ਰਾਜਨੀਤੀ

ਆਮ ਆਦਮੀ ਪਾਰਟੀ (ਆਪ) ਦੇ ਅਸ਼ੋਕ ਕੁਮਾਰ ਮਿੱਤਲ ਨੇ ਸਿਫ਼ਰ ਕਾਲ ’ਚ ਚੁੱਕਿਆ ਮੁੱਦਾ

ਅਸ਼ੋਕ ਕੁਮਾਰ ਮਿੱਤਲ

ਨਵੀਂ ਦਿੱਲੀ : ਰਾਜ ਸਭਾ ਦੇ ਇਕ ਮੈਂਬਰ ਨੇ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਕਈ ਹਾਈ ਕੋਰਟਾਂ, ਯੂਨੀਵਰਸਿਟੀਆਂ ਅਤੇ ਇਤਿਹਾਸਕ ਸਮਾਰਕਾਂ ਅਤੇ ਸਥਾਨਾਂ ਦੇ ਬ੍ਰਿਟਿਸ਼ ਕਾਲ ਦੇ ਨਾਮ ਬਦਲਣ ਲਈ ਸੰਸਦੀ ਕਮੇਟੀ ਗਠਿਤ ਕਰਨ ਦੀ ਮੰਗ ਕੀਤੀ ਹੈ।

ਉੱਚ ਸਦਨ ’ਚ ਆਮ ਆਦਮੀ ਪਾਰਟੀ (ਆਪ) ਦੇ ਅਸ਼ੋਕ ਕੁਮਾਰ ਮਿੱਤਲ ਨੇ ਸਿਫ਼ਰ ਕਾਲ ਦੌਰਾਨ ਕਿਹਾ ਕਿ ਸਰਕਾਰ ਨੇ ਰਾਜਪਥ ਨੂੰ ਬਦਲ ਕੇ ਕਰਤਵਿਆ ਪਥ, ਭਾਰਤੀ ਦੰਡਾਵਲੀ ਨੂੰ ਭਾਰਤੀ ਨਿਆਂ ਸੰਹਿਤਾ ਅਤੇ ਇਲਾਹਾਬਾਦ ਨੂੰ ਪਰਿਆਗਰਾਜ ’ਚ ਬਦਲ ਕੇ ਰਾਸ਼ਟਰਵਾਦੀ ਮਾਨਸਿਕਤਾ ਵਿਖਾਈ ਹੈ। ਉਨ੍ਹਾਂ ਨੇ ਬ੍ਰਿਟਿਸ਼ ਕਾਲ ਦੇ ਨਾਂ ਬਦਲਣ ਦੇ ਸਰਕਾਰ ਦੇ ਕਦਮ ਨੂੰ ‘ਇਤਿਹਾਸਕ’ ਦਸਿਆ ਪਰ ਨਾਲ ਹੀ ‘ਨਾਕਾਫੀ’ ਵੀ ਦਸਿਆ।

ਉਨ੍ਹਾਂ ਕਿਹਾ ਕਿ ਅੱਜ ਵੀ ਮੁੰਬਈ, ਮਦਰਾਸ ਅਤੇ ਕਲਕੱਤਾ ਹਾਈ ਕੋਰਟਾਂ ਸਮੇਤ ਦੇਸ਼ ਦੀਆਂ ਕਈ ਹਾਈ ਕੋਰਟਾਂ ਦੇ ਨਾਮ ਬ੍ਰਿਟਿਸ਼ ਕਾਲ ਦੇ ਨਾਲ-ਨਾਲ ਲੇਡੀ ਹਾਰਡਿੰਗ ਮੈਡੀਕਲ ਕਾਲਜ ਵਰਗੀਆਂ ਸੰਸਥਾਵਾਂ ਤੋਂ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ’ਚ ਮਿੰਟੋ ਰੋਡ, ਹੈਲੀ ਰੋਡ, ਚੇਮਸਫੋਰਡ ਰੋਡ ਸਮੇਤ ਕਈ ਸੜਕਾਂ ਹਨ ਜਿਨ੍ਹਾਂ ਦਾ ਨਾਮ ਅੰਗਰੇਜ਼ਾਂ ਦੇ ਨਾਮ ’ਤੇ ਰੱਖਿਆ ਗਿਆ ਹੈ। 

ਮਿੱਤਲ ਨੇ ਹੈਰਾਨੀ ਜ਼ਾਹਰ ਕੀਤੀ ਕਿ ਇਲਾਹਾਬਾਦ ਦਾ ਨਾਮ ਬਦਲ ਕੇ ਪਰਿਆਗਰਾਜ ਕਰ ਦਿਤਾ ਗਿਆ ਪਰ ਉੱਥੇ ਸਥਿਤ ਹਾਈ ਕੋਰਟ ਦਾ ਨਾਮ ਅਜੇ ਵੀ ਇਲਾਹਾਬਾਦ ਹਾਈ ਕੋਰਟ ਹੈ ਅਤੇ ਯੂਨੀਵਰਸਿਟੀ ਦਾ ਨਾਮ ਇਲਾਹਾਬਾਦ ਯੂਨੀਵਰਸਿਟੀ ਹੈ। ਉਨ੍ਹਾਂ ਕਿਹਾ, ‘‘ਇਸ ਤੋਂ ਇਲਾਵਾ ਸੰਸਦੀ ਸੀਟ ਦਾ ਨਾਂ ਵੀ ਇਲਾਹਾਬਾਦ ਹੈ।’’ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇੰਡੀਆ ਗੇਟ ਅਤੇ ਗੇਟਵੇ ਆਫ ਇੰਡੀਆ ਦੇ ਨਾਂ ’ਤੇ ਵੀ ਵਿਚਾਰ ਕਰਨਾ ਚਾਹੀਦਾ ਹੈ।