ਨਵਜੋਤ ਸਿੱਧੂ ਦਾ ਪੰਜਾਬ ਸਰਕਾਰ ਨੂੰ ਸਵਾਲ - 'ਜੋ ਕਰ ਨਹੀਂ ਸਕਦੇ ਉਸ ਦਾ ਦਾਅਵਾ ਕਿਉਂ ਕਰਦੇ ਹੋ?'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਨਵਜੋਤ ਸਿੱਧੂ ਨੇ ਸਰਕਾਰ ਨੂੰ ਕੀਤੇ ਸਵਾਲ

navjot singh sidhu

ਚੰਡੀਗੜ੍ਹ : ਇੱਕ ਪਾਸੇ ਜਿਥੇ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਚੰਡੀਗੜ੍ਹ ਵਿਚ ਪੱਕੇ ਧਰਨੇ ਦਾ ਪ੍ਰਬੰਧ ਕਰ ਰਹੇ ਹਨ ਅਤੇ ਅੱਜ ਉਨ੍ਹਾਂ ਨੇ ਇਥੇ ਚੰਡੀਗੜ੍ਹ ਪਹੁੰਚਣ ਦੀ ਕੋਸ਼ਿਸ਼ ਕੀਤੀ ਜਿਥੇ ਉਨ੍ਹਾਂ ਨੂੰ ਪੁਲਿਸ ਵਲੋਂ ਰੋਕਿਆ ਵੀ ਗਿਆ। ਇਸ ਬਾਰੇ ਵਿਰੋਧੀ ਪਾਰਟੀਆਂ ਵਲੋਂ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਜਾ ਰਿਹਾ ਹੈ।

ਇਸ ਬਾਰੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਹੈ। ਉਨ੍ਹਾਂ ਕਿਹਾ ਕਿ ਇੱਕ ਪੰਜਾਬ ਦੀ ਆਪ ਸਰਕਾਰ ਸਿਰਫ਼ ਐਲਾਨ ਕਰ ਰਹੀ ਹੈ ਅਤੇ ਇਸ ਕੋਲ ਸਾਧਨ ਕੋਈ ਨਹੀਂ। ਨਵਜੋਤ ਸਿੰਘ ਸਿੱਧੂ ਨੇ ਸਰਕਾਰ ਨੂੰ ਸਵਾਲ ਕਰਦੇ ਹੋਏ ਪੁੱਛਿਆ ਕਿ ਜੋ ਕਰ ਨਹੀਂ ਸਕਦੇ ਉਸ ਦਾ ਦਾਅਵਾ ਕਿਉਂ ਕਰਦੇ ਹੋ?

ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਈ ਸਵਾਲ ਚੁੱਕੇ ਹਨ। ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਦੇ ਵਾਅਦੇ ਵਾਲਾ ਕਣਕ ਦੀ ਫ਼ਸਲ ਉੱਪਰ ਬੋਨਸ ਕਿੱਥੇ ਹੈ? ਕੀ ਸਰਕਾਰ ਕੋਲ ਵਾਅਦੇ ਵਾਲਾ ਬੋਨਸ ਦੇਣ ਲਈ ਲੋੜੀਂਦੇ 5000 ਕਰੋੜ ਰੁਪਏ ਹਨ? ਕੀ ਸਰਕਾਰ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਣ ਦੀ ਸਮਰੱਥਾ ਰੱਖਦੀ ਹੈ? ਮੱਕੀ ਅਤੇ ਮੂੰਗੀ 'ਤੇ ਐਮ.ਐਸ.ਪੀ. ਨੂੰ ਨੋਟੀਫਾਈ ਕਿਉਂ ਨਹੀਂ ਕੀਤਾ ਗਿਆ?

ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਸਰਕਾਰ ਕਿਸਾਨਾਂ ਨੂੰ 10 ਜੂਨ ਤੋਂ ਝੋਨਾ ਬੀਜਣ ਦੀ ਇਜਾਜ਼ਤ ਦੇਵੇ ਕਿਉਂਕਿ ਦੇਰੀ ਨਾਲ ਹੋਣ ਵਾਲੀ ਫ਼ਸਲ ਵਿੱਚ ਨਮੀ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਮੁੱਲ ਘਟਦਾ ਹੈ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਕੀ ਸੀਜ਼ਨ ਦੇ ਸਿਖਰ ਦੌਰਾਨ ਬਿਜਲੀ ਬਚਾਉਣ ਲਈ ਸਰਕਾਰ ਅਜਿਹਾ ਕਰ ਰਹੀ ਹੈ? ਕਿਸਾਨਾਂ ਨੂੰ ਹਮੇਸ਼ਾ ਮਾਰ ਕਿਉਂ ਝੱਲਣੀ ਪੈਂਦੀ ਹੈ? ਜੇਕਰ ਇਹ ਫ਼ਸਲੀ ਵਿਭਿੰਨਤਾ ਨੂੰ ਲੈ ਕੇ ਸੱਚਮੁੱਚ ਗੰਭੀਰ ਹੈ ਤਾਂ ਇਸ ਨੇ ਬਾਸਮਤੀ 'ਤੇ ਘੱਟੋ-ਘੱਟ ਸਮਰਥਨ ਮੁੱਲ ਦਾ ਐਲਾਨ ਕਿਉਂ ਨਹੀਂ ਕੀਤਾ?