ਰਾਹੁਲ ਨੇ ਵਿਚਾਰਕ ਸਪੱਸ਼ਟਤਾ ’ਤੇ ਦਿਤਾ ਜ਼ੋਰ, ਭਾਜਪਾ ਦੇ ਜਾਲ ’ਚ ਨਾ ਫਸਣ ਦੀ ਸਲਾਹ ਵੀ ਦਿਤੀ
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ’ਚ ਪਾਰਟੀ ਆਗੂਆਂ ਨੇ ‘ਸਨਾਤਨ ਧਰਮ ਵਿਵਾਦ’ ਵਰਗੇ ਮੁੱਦਿਆਂ ਤੋਂ ਦੂਰੀ ਬਣਾਉਣ ਦੀ ਸਲਾਹ ਦਿਤੀ
ਹੈਦਰਾਬਾਦ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵਰਕਿੰਗ ਕਮੇਟੀ ਦੀ ਬੈਠਕ ’ਚ ਵਿਚਾਰਕ ਸਪੱਸ਼ਟਤਾ ’ਤੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਪਾਰਟੀ ਆਗੂਆਂ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਅਸਲ ਮੁੱਦਿਆਂ ਤੋਂ ‘ਧਿਆਨ ਭਟਕਾਉਣ’ ਵਾਲੇ ਜਾਲ ’ਚ ਨਾ ਫੱਸ ਕੇ ਜਨਤਾ ਨਾਲ ਜੁੜੇ ਵਿਸ਼ਿਆਂ ’ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ।
ਪਾਰਟੀ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਵਰਕਿੰਗ ਕਮੇਟੀ ਦੀ ਬੈਠਕ ਦੇ ਪਹਿਲੇ ਦਿਨ (16 ਸਤੰਬਰ ਨੂੰ) ਰਾਹੁਲ ਗਾਂਧੀ ਨੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ, ‘‘ਰਾਹੁਲ ਗਾਂਧੀ ਨੇ ਸਾਨੂੰ ਸਾਰਿਆਂ ਨੂੰ ਸਪੱਸ਼ਟ ਤੌਰ ’ਤੇ ਪੁਛਿਆ ਕਿ ਵਿਚਾਰਧਾਰਾ ਦੀ ਸਪੱਸ਼ਟਤਾ ਤੁਹਾਡੇ ਮਨ ’ਚ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਕਾਂਗਰਸ ਜਥੇਬੰਦੀ ਅਧਾਰਤ ਪਾਰਟੀ ਨਹੀਂ ਹੈ, ਕਾਂਗਰਸ ਇਕ ਅੰਦੋਲਨ ਹੈ, ਜਿਸ ਕੋਲ ਜਥੇਬੰਦੀ ਵੀ ਹੈ। ਅੰਦੋਲਨ ਜਥੇਬੰਦੀ ਨੂੰ ਅੱਗੇ ਵਧਾਉਂਦਾ ਹੈ, ਇਹੀ ਕਾਂਗਰਸ ਅਤੇ ਦੂਜੀਆਂ ਪਾਰਟੀਆਂ ’ਚ ਫ਼ਰਕ ਹੈ।’’
ਉਨ੍ਹਾਂ ਕਿਹਾ, ‘‘ਰਾਹੁਲ ਗਾਂਧੀ ਜੀ ਨੇ ਸਾਨੂੰ ਚੌਕਸ ਕੀਤਾ ਕਿ ਅਸੀਂ ਭਾਜਪਾ ਦੇ ਜਾਲ ’ਚ ਨਾ ਫਸੀਏ।’’ ਖੇੜਾ ਦਾ ਕਹਿਣਾ ਸੀ ਕਿ ਬੈਠਕ ’ਚ ਰਾਹੁਲ ਗਾਂਧੀ ਦੇ ਬਿਆਨ ਤੋਂ ਬਾਅਦ ਪਾਰਟੀ ਆਗੂਆਂ ਦੇ ਮਨ ’ਚ ਵਿਚਾਰਧਾਰਾ ਨੂੰ ਲੈ ਕੇ ਪੂਰੀ ਤਰ੍ਹਾਂ ਸਪਸ਼ਟਤਾ ਸੀ।
ਰਾਹੁਲ ਗਾਂਧੀ ਨੇ ਇਹ ਟਿਪਣੀ ਉਸ ਵੇਲੇ ਕੀਤੀ ਹੈ ਜਦੋਂ ਸਨਾਤਨ ਧਰਮ ਨੂੰ ਲੈ ਕੇ ਦ੍ਰਵਿੜ ਮੁਨੇਤਰ ਕੜਗਮ (ਡੀ.ਐੱਮ.ਕੇ.) ਆਗੂਆਂ ਦੀਆਂ ਟਿਪਣੀਆਂ ਨਾਲ ਵੱਡਾ ਵਿਵਾਦ ਪੈਦਾ ਹੋ ਗਿਆ ਹੈ।
ਸੂਤਰਾਂ ਅਨੁਸਾਰ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿੱਗਵਿਜੈ ਸਿੰਘ ਸਮੇਤ ਕੁਝ ਆਗੂਆਂ ਨੇ ਵੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ’ਚ ਕਿਹਾ ਕਿ ਪਾਰਟੀ ਨੂੰ ਅਜਿਹੇ ਮੁੱਦਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਇਸ ’ਚ ਫਸਣਾ ਨਹੀਂ ਚਾਹੀਦਾ।
ਸੂਤਰਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਕਿਹਾ ਕਿ ਆਗੂਆਂ ਨੂੰ ਸਨਾਤਨ ਧਰਮ ਵਿਵਾਦ ’ਚ ਪੈਣ ਦੀ ਬਜਾਏ ਗ਼ਰੀਬਾਂ ਅਤੇ ਉਨ੍ਹਾਂ ਦੇ ਮੁੱਦਿਆਂ ’ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ, ਕਿਉਂਕਿ ਉਹ ਪਾਰਟੀ ਦੇ ਰਵਾਇਤੀ ਵੋਟ ਬੈਂਕ ਰਹੇ ਹਨ।