ਕਿਸੇ ਦੀ ਦਖਲਅੰਦਾਜ਼ੀ ਕਾਰਨ ਅਤਿਵਾਦੀਆਂ ਵਿਰੁਧ ਮੁਹਿੰਮ ਨੂੰ ਮੁਅੱਤਲ ਨਹੀਂ ਕੀਤਾ ਗਿਆ : ਰਾਜਨਾਥ ਸਿੰਘ
ਕਿਹਾ, ਜੇਕਰ ਭਵਿੱਖ ਵਿਚ ਕੋਈ ਅਤਿਵਾਦੀ ਹਮਲਾ ਹੋਇਆ ਤਾਂ ‘ਆਪਰੇਸ਼ਨ ਸੰਧੂਰ’ ਮੁੜ ਸ਼ੁਰੂ ਕੀਤਾ ਜਾਵੇਗਾ
ਹੈਦਰਾਬਾਦ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਪਰੇਸ਼ਨ ਸੰਧੂਰ ਤੋਂ ਬਾਅਦ ਸ਼ੁਰੂ ਹੋਏ ਭਾਰਤ-ਪਾਕਿ ਟਕਰਾਅ ਨੂੰ ਰੋਕਣ ਲਈ ਦਖਲ ਦੇਣ ਦੇ ਦਾਅਵਿਆਂ ਨੂੰ ਬੁਧਵਾਰ ਨੂੰ ਖਾਰਜ ਕਰਦਿਆਂ ਕਿਹਾ ਕਿ ਕਿਸੇ ਤੀਜੇ ਧਿਰ ਦੀ ਵਿਚੋਲਗੀ ਕਾਰਨ ਅਤਿਵਾਦੀਆਂ ਵਿਰੁਧ ਕਾਰਵਾਈ ਮੁਅੱਤਲ ਨਹੀਂ ਕੀਤੀ ਗਈ ਸੀ।
ਕੇਂਦਰ ਸਰਕਾਰ ਵਲੋਂ ਕਰਵਾਏ ‘ਹੈਦਰਾਬਾਦ ਮੁਕਤੀ ਦਿਵਸ’ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ਵਿਚ ਕੋਈ ਅਤਿਵਾਦੀ ਹਮਲਾ ਹੋਇਆ ਤਾਂ ‘ਆਪਰੇਸ਼ਨ ਸੰਧੂਰ’ ਮੁੜ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘‘ਕੁੱਝ ਲੋਕ ਪੁੱਛਦੇ ਹਨ ਕਿ ਕੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਕਿਸੇ ਦੇ ਦਖਲ ਕਾਰਨ ਹੋਈ ਹੈ। ਮੈਂ ਇਸ ਨੂੰ ਸਪੱਸ਼ਟ ਕਰਨਾ ਚਾਹਾਂਗਾ। ਕਿਸੇ ਦੇ ਦਖਲ ਕਾਰਨ ਅਤਿਵਾਦੀਆਂ ਵਿਰੁਧ ਮੁਹਿੰਮ ਨੂੰ ਮੁਅੱਤਲ ਨਹੀਂ ਕੀਤਾ ਗਿਆ ਸੀ।’’
ਰਖਿਆ ਮੰਤਰੀ ਨੇ ਅੱਗੇ ਕਿਹਾ, ‘‘ਕੁੱਝ ਲੋਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਦਖ਼ਲ ਦੇ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਹਿੰਮ ਨੂੰ ਰੋਕ ਦਿਤਾ ਹੈ। ਕਿਸੇ ਨੇ ਵੀ ਇਸ ਨੂੰ ਨਹੀਂ ਰੋਕਿਆ। ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਮੁਹੰਮਦ ਇਸਹਾਕ ਡਾਰ ਨੇ ਵੀ ਸਪੱਸ਼ਟ ਕਰ ਦਿਤਾ ਹੈ ਕਿ ਭਾਰਤ ਨੇ ਵਿਚੋਲਗੀ ’ਚ ਤੀਜੇ ਪੱਖ ਦੀ ਭੂਮਿਕਾ ਨੂੰ ਰੱਦ ਕਰ ਦਿਤਾ ਹੈ।’’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਸਪੱਸ਼ਟ ਕਰ ਦਿਤਾ ਹੈ ਕਿ ਇਹ ਦੋ-ਪੱਖੀ ਮੁੱਦਾ ਹੈ ਅਤੇ ਕੋਈ ਤੀਜਾ ਪੱਖ ਦਖਲ ਨਹੀਂ ਦੇ ਸਕਦਾ।
ਰਾਜਨਾਥ ਸਿੰਘ ਨੇ ਕਿਹਾ ਕਿ ਜੈਸ਼-ਏ-ਮੁਹੰਮਦ ਦੇ ਇਕ ਕਮਾਂਡਰ ਨੇ ‘ਆਪਰੇਸ਼ਨ ਸੰਧੂਰ’ ਦੌਰਾਨ ਪਾਕਿਸਤਾਨ ਵਿਚ ਭਾਰਤੀ ਮਿਜ਼ਾਈਲ ਹਮਲਿਆਂ ਵਿਚ ਅਤਿਵਾਦੀ ਸਮੂਹ ਦੇ ਮੁਖੀ ਮਸੂਦ ਅਜ਼ਹਰ ਦੇ ਪਰਵਾਰਕ ਮੈਂਬਰਾਂ ਦੀ ਮੌਤ ਦੀ ਗੱਲ ਮੰਨ ਲਈ ਹੈ। ਉਨ੍ਹਾਂ ਕਿਹਾ ਕਿ ਇਸ ਦੀ ਪੁਸ਼ਟੀ ਕਰਨ ਵਾਲੀ ਇਕ ਵੀਡੀਉ ਵੀ ਜਾਰੀ ਕੀਤੀ ਗਈ ਹੈ। ਭਾਰਤ ਦੀ ਵਧਦੀ ਤਾਕਤ ਬਾਰੇ ਬੋਲਦਿਆਂ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੋਈ ਵੀ ਦੇਸ਼ ਦੀ ਪ੍ਰਭੂਸੱਤਾ ਨੂੰ ਚੁਨੌਤੀ ਨਹੀਂ ਦੇ ਸਕਦਾ।
ਰਾਜਨਾਥ ਸਿੰਘ ਨੇ ਕਿਹਾ ਕਿ ਪਿਛਲੇ 11 ਸਾਲਾਂ ’ਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ ਦੇਸ਼ ਨੇ 2016 ’ਚ ਸਰਜੀਕਲ ਸਟਰਾਈਕ, 2019 ’ਚ ਬਾਲਾਕੋਟ ਏਅਰ ਸਟਰਾਈਕ ਅਤੇ ਇਸ ਸਾਲ ਆਪਰੇਸ਼ਨ ਸੰਧੂਰ ਵਰਗੀਆਂ ਕਾਰਵਾਈਆਂ ਰਾਹੀਂ ਵਾਰ-ਵਾਰ ਅਪਣੇ ਸੰਕਲਪ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਮੁਤਾਬਕ ਇਹ ਆਪਰੇਸ਼ਨ ਸਾਬਤ ਕਰਦੇ ਹਨ ਕਿ ਭਾਰਤ ਉਨ੍ਹਾਂ ਲੋਕਾਂ ਨੂੰ ਜਵਾਬ ਦੇਣਾ ਜਾਣਦਾ ਹੈ ਜੋ ਸ਼ਾਂਤੀ ਨੂੰ ਨਹੀਂ ਸਮਝਦੇ।
ਉਨ੍ਹਾਂ ਨੇ ਕਿਹਾ ਕਿ ਨਾ ਸਿਰਫ਼ ਗੱਲਬਾਤ ਵਿਚ ਸ਼ਾਮਲ ਹੋਣਾ, ਬਲਕਿ ਅੱਜ ਦਾ ਭਾਰਤ ਅਪਣੇ ਦੁਸ਼ਮਣਾਂ ਦਾ ਸਿੱਧਾ ਸਾਹਮਣਾ ਕਰਨ ਦੇ ਸਮਰੱਥ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਪਾਕਿਸਤਾਨ ਵਲੋਂ ਵਾਰ-ਵਾਰ ਜੰਗਬੰਦੀ ਦੀ ਅਪੀਲ ਕਰਨ ਤੋਂ ਬਾਅਦ ‘ਆਪਰੇਸ਼ਨ ਸੰਧੂਰ’ ਨੂੰ ਮੁਅੱਤਲ ਕਰ ਕੀਤਾ ਗਿਆ ਸੀ। ਉਨ੍ਹਾਂ ਕਿਹਾ, ‘‘ਅੱਜ ਦਾ ਭਾਰਤ ਕਿਸੇ ਤੋਂ ਹੁਕਮ ਨਹੀਂ ਲੈਂਦਾ। ਭਾਰਤ ਅਪਣੀ ਕਹਾਣੀ ਖੁਦ ਲਿਖਦਾ ਹੈ। ਅੱਜ ਭਾਰਤ ਅਜਿਹੀ ਵਿਸ਼ਵ ਵਿਵਸਥਾ ਦੀ ਕਹਾਣੀ ਲਿਖਣ ਲਈ ਤਿਆਰ ਹੈ, ਜਿਸ ਦੀ ਪੂਰੀ ਦੁਨੀਆਂ ਖੁਸ਼ੀ ਅਤੇ ਸਵੈ-ਇੱਛਾ ਨਾਲ ਪਾਲਣਾ ਕਰੇਗੀ।’’ ਇਸ ਤੋਂ ਪਹਿਲਾਂ ਰਾਜਨਾਥ ਸਿੰਘ ਨੇ ਕੌਮੀ ਝੰਡਾ ਲਹਿਰਾਇਆ ਅਤੇ ਕੇਂਦਰੀ ਬਲਾਂ ਦੀ ਪਰੇਡ ਦਾ ਨਿਰੀਖਣ ਕੀਤਾ।