ਸਾਬਕਾ ਫ਼ੌਜ ਮੁਖੀ ਜਰਨਲ ਜੇ.ਜੇ. ਸਿੰਘ ਨੇ ਫੜਿਆ ਭਾਜਪਾ ਦਾ ਪੱਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

2017 'ਚ ਕੈਪਟਨ ਅਮਰਿੰਦਰ ਵਿਰੁੱਧ ਅਕਾਲੀ ਦਲ ਵਲੋਂ ਲੜੀ ਸੀ ਚੋਣ

Former Army Chief General J.J. Singh Joins BJP

ਚੰਡੀਗੜ੍ਹ : ਜਿਵੇਂ ਜਿਵੇਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਸਿਆਸੀ ਦਲਬਦਲੀਆਂ ਵੀ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਇਸ ਤਰ੍ਹਾਂ ਹੀ ਅੱਜ ਸਾਬਕਾ ਥਲ ਸੈਨਾ ਮੁਖੀ ਜਨਰਲ ਜੇਜੇ ਸਿੰਘ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਸਾਬਕਾ ਫ਼ੌਜ ਮੁਖੀ ਜਰਨਲ ਜੋਗਿੰਦਰ ਜਸਵੰਤ ਸਿੰਘ ਇਸ ਤੋਂ ਪਹਿਲਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿਚ ਸਨ।

ਇਸ ਤੋਂ ਇਲਾਵਾ ਉਨ੍ਹਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਲੜੀਆਂ ਸਨ। ਦੱਸ ਦੇਈਏ ਕਿ ਉਨ੍ਹਾਂ ਤੋਂ ਇਲਾਵਾ ਸਾਹਨੇਵਾਲ ਤੋਂ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਦੇ ਭਰਾ ਅਤੇ ਅਕਾਲੀ ਦਲ ਤੋਂ ਅਜਮੇਰ ਸਿੰਘ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਗਜੇਂਦਰ ਸਿੰਘ ਸ਼ੇਖਾਵਤ ਅਤੇ ਅਸ਼ਵਨੀ ਸ਼ਰਮਾ ਨੇ ਭਾਜਪਾ 'ਚ ਸ਼ਾਮਲ ਹੋਣ 'ਤੇ ਉਨ੍ਹਾਂ ਦਾ ਸਵਾਗਤ ਕੀਤਾ।

ਦੱਸਣਯੋਗ ਹੈ ਕਿ ਜਨਰਲ ਜੇਜੇ ਸਿੰਘ ਭਾਰਤੀ ਫ਼ੌਜ ਦੇ ਮੁਖੀ ਬਣਨ ਵਾਲੇ ਪਹਿਲੇ ਸਿੱਖ ਹਨ। ਉਨ੍ਹਾਂ ਨੇ 31 ਜਨਵਰੀ 2005 ਤੋਂ 30 ਸਤੰਬਰ 2007 ਤੱਕ ਬਤੌਰ ਮੁਖੀ ਫ਼ੌਜ ਦੀ ਕਮਾਨ ਸੰਭਾਲੀ ਸੀ। ਫ਼ੌਜ ਵਿੱਚੋਂ ਸੇਵਾਮੁਕਤੀ ਤੋਂ ਬਾਅਦ ਉਹ 27 ਜਨਵਰੀ 2008 ਵਿੱਚ ਅਰੁਣਾਚਲ ਪ੍ਰਦੇਸ਼ ਦੇ ਗਵਰਨਰ ਬਣੇ। ਜੇ ਜੇ ਸਿੰਘ ਸਾਲ 1961 ਵਿੱਚ ਫ਼ੌਜ ਵਿੱਚ ਭਰਤੀ ਹੋਏ ਸਨ। ਉਨ੍ਹਾਂ ਦੀਆਂ ਪਿਛਲੀਆਂ ਦੋ ਪੀੜੀਆਂ ਫ਼ੌਜ ਵਿੱਚ ਸਨ। ਜੇ.ਜੇ ਸਿੰਘ ਪਰਮ ਵਸ਼ਿਸ਼ਟ ਸੇਵਾ ਮੈਡਲ, ਅਤਿ ਵਸ਼ਿਸ਼ਟ ਸੇਵਾ ਮੈਡਲ, ਵਸ਼ਿਸ਼ਟ ਸੇਵਾ ਮੈਡਲ ਸਮੇਤ 20 ਮੈਡਲਾਂ ਨਾਲ ਸਨਮਾਨਿਤ ਹਨ।

ਇਸ ਮੌਕੇ ਮੀਡੀਆ ਨਾਲ ਗਲਬਾਤ ਕਰਦਿਆਂ ਜਨਰਲ ਜੇਜੇ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਸਿਆਸਤ ਬਹੁਤ ਖਰਾਬ ਹੋ ਚੁੱਕੀ ਹੈ ਇਸ ਲਈ ਸੂਬੇ ਨੂੰ ਅਤੇ ਇਸ ਦੇ ਨੌਜਵਾਨਾਂ ਦੇ ਭਵਿੱਖ ਲਈ ਸਿਸਟਮ ਵਿਚ ਬਦਲਾਅ ਦੀ ਜ਼ਰੂਰਤ ਹੈ। ਇਸ ਕਾਰਨ ਹੀ ਉਹ ਸਿਆਸਤ ਵਿਚ ਆਏ ਹਨ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਚਾਹੇਗੀ ਤਾਂ ਉਹ ਚੋਣ ਮੈਦਾਨ ਵਿਚ ਵੀ ਆਉਣਗੇ ਅਤੇ ਜੇਕਰ ਕੋਈ ਹੋਰ ਸੇਵਾ ਦਿਤੀ ਜਾਵੇਗੀ ਤਾਂ ਉਸ ਨੂੰ ਵੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।