Lok Sabha News: 5 ਸਾਲਾਂ ’ਚ ਸੁਖਬੀਰ ਬਾਦਲ ਨੇ ਲੋਕ ਸਭਾ ’ਚ ਚੁੱਕੇ ਸਿਰਫ 39 ਸਵਾਲ; ਸੰਨੀ ਦਿਓਲ ਤੇ ਮੁਹੰਮਦ ਸਦੀਕ ਵੀ ਰਹੇ ਫਾਡੀ

ਏਜੰਸੀ

ਖ਼ਬਰਾਂ, ਰਾਜਨੀਤੀ

ਰਵਨੀਤ ਬਿੱਟੂ ਨੇ ਚੁੱਕੇ ਸੱਭ ਤੋਂ ਵੱਧ 366 ਸਵਾਲ

Punjab lok Sabha MPs Attendance

Lok Sabha News: ਪੰਜਾਬ ਵਿਚ ਸਾਰੀਆਂ ਸਿਆਸੀ ਪਾਰਟੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵਿਚ ਰੁੱਝੀਆਂ ਹੋਈਆਂ ਹਨ। ਇਸ ਮੌਕੇ ਚੁਣੇ ਜਾਣ ਵਾਲੇ ਸੰਸਦ ਮੈਂਬਰ ਦੇਸ਼ ਦੇ ਹੇਠਲੇ ਸਦਨ ਵਿਚ ਲੋਕਾਂ ਦੀ ਆਵਾਜ਼ ਬਣਨਗੇ। ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ 13 ਸੰਸਦ ਮੈਂਬਰਾਂ ਦੀ ਲੋਕ ਸਭਾ ਕਾਰਗੁਜ਼ਾਰੀ ਸਬੰਧੀ ਅੰਕੜੇ ਸਾਹਮਣੇ ਆਏ ਹਨ। ਮੀਡੀਆ ਰੀਪੋਰਟਾਂ ਵਿਚ ਸਾਹਮਣੇ ਆ ਇਨ੍ਹਾਂ ਅੰਕੜਿਆਂ ਵਿਚ ਸੰਸਦ ਮੈਂਬਰਾਂ ਦੀ ਲੋਕ ਸਭਾ ਵਿਚ ਹਾਜ਼ਰੀ, ਉਨ੍ਹਾਂ ਵਲੋਂ ਪੁੱਛੇ ਗਏ ਸਵਾਲ ਅਤੇ ਬਹਿਸ ਵਿਚ ਲਏ ਹਿੱਸੇ ਬਾਰੇ ਜਾਣਕਾਰੀ ਦਿਤੀ ਗਈ ਹੈ।

ਸੁਖਬੀਰ ਸਿੰਘ ਬਾਦਲ ਨੇ ਪੁੱਛੇ 39 ਸਵਾਲ

ਪਿਛਲੇ 5 ਸਾਲਾਂ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਵਿਚ ਸਿਰਫ਼ 39 ਸਵਾਲ ਪੁੱਛੇ ਅਤੇ 11 ਬਹਿਸਾਂ ਵਿਚ ਹਿੱਸਾ ਲਿਆ। ਹਲਕਾ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਦੀ ਲੋਕ ਸਭਾ ਵਿਚ ਹਾਜ਼ਰੀ ਸਿਰਫ਼ 20% ਰਹੀ। ਸਦਨ ਦੀਆਂ ਜ਼ਿਆਦਾਤਰ ਬੈਠਕਾਂ ਵਿਚ ਉਹ ਗੈਰ-ਹਾਜ਼ਰ ਰਹੇ।  ਸੁਖਬੀਰ ਬਾਦਲ ਨੇ ਸਦਨ ਵਿਚ ਚਾਰ ਕਾਰਜਕਾਲ ਪੂਰੇ ਕੀਤੇ ਹਨ।

ਹਰਸਿਮਰਤ ਕੌਰ ਬਾਦਲ ਨੇ ਪੁੱਛੇ 82 ਸਵਾਲ

ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ 5 ਸਾਲਾਂ ਦੌਰਾਨ 82 ਸਵਾਲ ਪੁੱਛੇ ਅਤੇ 21 ਬਹਿਸਾਂ ਵਿਚ ਹਿੱਸਾ ਲਿਆ। ਸੰਸਦ ਵਿਚ ਉਨ੍ਹਾਂ ਦੀ ਹਾਜ਼ਰੀ 61% ਰਹੀ।  ਕੇਂਦਰੀ ਮੰਤਰੀ ਮੰਡਲ ਦੇ ਮੈਂਬਰ ਤੋਂ ਲੈ ਕੇ ਵਿਰੋਧੀ ਧਿਰ ਦੇ ਮੈਂਬਰ ਤਕ, ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਦੀ ਪਤਨੀ ਨੇ 17ਵੀਂ ਲੋਕ ਸਭਾ ਵਿਚ ਤੀਜੀ ਵਾਰ ਸੰਸਦ ਮੈਂਬਰ ਵਜੋਂ ਸੇਵਾ ਨਿਭਾਈ। ਉਨ੍ਹਾਂ ਨੇ ਸਤੰਬਰ 2020 ਵਿਚ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿਤਾ ਸੀ।

ਸੰਨੀ ਦਿਓਲ ਨੇ ਪੁੱਛੇ ਸਿਰਫ਼ 4 ਸਵਾਲ

ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰ ਸੰਨੀ ਦਿਓਲ ਨੂੰ ਅਪਣੇ ਹਲਕੇ ਤੋਂ ਗੈਰਹਾਜ਼ਰ ਰਹਿਣ ਲਈ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਹਲਕੇ ਦੇ ਨਾਲ-ਨਾਲ ਸੰਨੀ ਦਿਓਲ ਸੰਸਦ 'ਚ ਵੀ ਲਗਾਤਾਰ ਗੈਰਹਾਜ਼ਰ ਰਹੇ। ਉਨ੍ਹਾਂ ਨੇ ਸਿਰਫ 46 ਬੈਠਕਾਂ ਵਿਚ ਹਾਜ਼ਰੀ ਭਰੀ ਅਤੇ ਛੇ ਸੈਸ਼ਨਾਂ ਨੂੰ ਪੂਰੀ ਤਰ੍ਹਾਂ ਛੱਡ ਦਿਤਾ। ਉਨ੍ਹਾਂ ਨੇ ਸਿਰਫ਼ 4 ਸਵਾਲ ਪੁੱਛੇ ਅਤੇ 17% ਹਾਜ਼ਰੀ ਭਰੀ। ਉਨ੍ਹਾਂ ਕਿਹਾ ਹੈ ਕਿ ਉਹ ਦੁਬਾਰਾ ਚੋਣ ਨਹੀਂ ਲੜਨਗੇ।

ਮੁਹੰਮਦ ਸਦੀਕ ਨੇ ਪੁੱਛੇ ਸਿਰਫ਼ 2 ਸਵਾਲ

ਹਲਕਾ ਫਰੀਦਕੋਟ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਤੇ ਮਸ਼ਹੂਰ ਲੋਕ ਗਾਇਕ ਮੁਹੰਮਦ ਸਦੀਕ ਨੇ 5 ਸਾਲਾਂ ਦੌਰਾਨ ਸਿਰਫ਼ 2 ਸਵਾਲ ਪੁੱਛੇ ਅਤੇ 12 ਬਹਿਸਾਂ ਵਿਚ ਹਿੱਸਾ ਲਿਆ। ਹੇਠਲੇ ਸਦਨ ਵਿਚ ਉਨ੍ਹਾਂ ਨੇ 176 ਬੈਠਕਾਂ ਵਿਚ ਹਿੱਸਾ ਲਿਆ।

ਪ੍ਰਨੀਤ ਕੌਰ ਨੇ ਪੁੱਛੇ 28 ਸਵਾਲ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ 5 ਸਾਲਾਂ ਦੌਰਾਨ ਲੋਕ ਸਭਾ ਵਿਚ ਸਿਰਫ਼ 28 ਸਵਾਲ ਪੁੱਛੇ ਅਤੇ 15 ਬਹਿਸਾਂ ਵਿਚ ਹਿੱਸਾ ਲਿਆ। ਉਨ੍ਹਾਂ ਨੇ 231 ਬੈਠਕਾਂ ਵਿਚ ਹਿੱਸਾ ਲਿਆ। ਪ੍ਰਨੀਤ ਕੌਰ ਨੇ ਹਾਲ ਹੀ ਵਿਚ ਭਾਜਪਾ ਦਾ ਪੱਲਾ ਫੜਿਆ ਹੈ, ਫਰਵਰੀ 2023 ਵਿਚ ਉਨ੍ਹਾਂ ਨੂੰ ਕਾਂਗਰਸ ਨੇ ਬਰਖ਼ਾਸਤ ਕਰ ਦਿਤਾ ਸੀ।

ਪੰਜਾਬ ਚੋਂ ਸੱਭ ਤੋਂ ਵੱਧ ਰਵਨੀਤ ਬਿੱਟੂ ਨੇ ਚੁੱਕੇ ਸਵਾਲ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਅਤੇ ਤਿੰਨ ਵਾਰ ਕਾਂਗਰਸ ਦੇ ਸੰਸਦ ਮੈਂਬਰ ਰਹਿ ਚੁੱਕੇ ਰਵਨੀਤ ਸਿੰਘ ਬਿੱਟੂ ਨੇ ਸੱਭ ਤੋਂ ਵੱਧ 366 ਸਵਾਲ ਪੁੱਛੇ ਅਤੇ 51 ਬਹਿਸਾਂ ਵਿਚ ਹਿੱਸਾ ਲਿਆ। ਲੁਧਿਆਣਾ ਤੋਂ ਸੰਸਦ ਮੈਂਬਰ 246 ਬੈਠਕਾਂ ਵਿਚ ਸ਼ਾਮਲ ਹੋਏ। ਰਵਨੀਤ ਬਿੱਟੂ ਨੂੰ ਪੰਜਾਬ ਦੇ ਸੱਭ ਤੋਂ ਸਰਗਰਮ ਸੰਸਦ ਮੈਂਬਰ ਮੰਨਿਆ ਜਾਂਦਾ ਹੈ।

ਗੁਰਜੀਤ ਸਿੰਘ ਔਜਲਾ ਨੇ ਪੁੱਛੇ 109 ਸਵਾਲ

ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਲਗਾਤਾਰ ਲੋਕ ਸਭਾ ਵਿਚ ਪੰਜਾਬ ਦੇ ਮੁੱਦੇ ਚੁੱਕਦੇ ਨਜ਼ਰ ਆਏ। ਉਨ੍ਹਾਂ ਨੇ ਹੇਠਲੇ ਸਦਨ ਵਿਚ 109 ਸਵਾਲ ਪੁੱਛੇ ਅਤੇ 38 ਬਹਿਸਾਂ ਵਿਚ ਹਿੱਸਾ ਲਿਆ। ਉਨ੍ਹਾਂ ਨੇ ਸਦਨ ਦੀਆਂ 235 ਬੈਠਕਾਂ ਵਿਚ ਹਾਜ਼ਰੀ ਭਰੀ।

ਅਮਰ ਸਿੰਘ ਨੇ ਪੁੱਛੇ 218 ਸਵਾਲ

ਸ੍ਰੀ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਮਰ ਸਿੰਘ ਨੇ ਸਦਨ ਦੀਆਂ 234 ਬੈਠਕਾਂ ਵਿਚ ਹਾਜ਼ਰੀ ਭਰੀ। ਉਨ੍ਹਾਂ ਨੇ ਸਦਨ ਵਿਚ 218 ਸਵਾਲ ਪੁੱਛੇ ਅਤੇ 52 ਬਹਿਸਾਂ ਵਿਚ ਹਿੱਸਾ ਲਿਆ। 70 ਸਾਲਾ ਸੰਸਦ ਮੈਂਬਰ ਨੇ ਹਾਲ ਹੀ ਦੇ ਇਜਲਾਸ ਵਿਚ ਭਾਰਤ ਦੇ ਆਜ਼ਾਦੀ ਘੁਲਾਟੀਆਂ ਲਈ ਭਾਰਤ ਰਤਨ ਦੀ ਮੰਗ ਕੀਤੀ ਸੀ।

ਜਸਬੀਰ ਸਿੰਘ ਡਿੰਪਾ ਨੇ ਪੁੱਛੇ 102 ਸਵਾਲ

ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਜਸਬੀਰ ਡਿੰਪਾ ਨੇ ਹੇਠਲੇ ਸਦਨ ਦੀਆਂ 252 ਬੈਠਕਾਂ ਵਿਚ ਹਾਜ਼ਰੀ ਭਰੀ। ਉਨ੍ਹਾਂ ਨੇ 102 ਸਵਾਲ ਪੁੱਛੇ ਅਤੇ 73 ਬਹਿਸਾਂ ਵਿਚ ਹਿੱਸਾ ਲਿਆ।

ਮਨੀਸ਼ ਤਿਵਾੜੀ ਨੇ ਪੁੱਛੇ 214 ਸਵਾਲ

ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ 5 ਸਾਲਾਂ ਦੌਰਾਨ ਲੋਕ ਸਭਾ ਦੀਆਂ 258 ਬੈਠਕਾਂ ਵਿਚ ਹਾਜ਼ਰੀ ਭਰੀ। ਉਨ੍ਹਾਂ ਨੇ ਹੇਠਲੇ ਸਦਨ ਵਿਚ 214 ਸਵਾਲ ਪੁੱਛੇ ਅਤੇ 103 ਬਹਿਸਾਂ ਵਿਚ ਹਿੱਸਾ ਲਿਆ।

ਸੁਸ਼ੀਲ ਕੁਮਾਰ ਰਿੰਕੂ

ਆਮ ਆਦਮੀ ਪਾਰਟੀ ਦੇ ਇਕਲੌਤੇ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਸਦਨ ਵਿਚ 18 ਸਵਾਲ ਪੁੱਛੇ ਅਤੇ 5 ਬਹਿਸਾਂ ਵਿਚ ਹਿੱਸਾ ਲਿਆ। ਸੁਸ਼ੀਲ ਕੁਮਾਰ ਰਿੰਕੂ ਨੂੰ ਕਾਂਗਰਸ ਦੇ ਸੰਸਦ ਮੈਂਬਰ ਮਰਹੂਮ ਸੰਤੋਖ ਸਿੰਘ ਚੌਧਰੀ ਦੇ ਦਿਹਾਂਤ ਮਗਰੋਂ ਮਈ 2023 ਹੋਈਆਂ ਜ਼ਿਮਨੀ ਚੋਣਾਂ ਵਿਚ ਸੰਸਦ ਮੈਂਬਰ ਚੁਣਿਆ ਗਿਆ ਸੀ।

ਸਿਮਰਨਜੀਤ ਸਿੰਘ ਮਾਨ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ 2022 ਤੋਂ ਲੈ ਕੇ ਹੁਣ ਤਕ ਅਪਣੇ ਕਾਰਜਕਾਲ ਦੌਰਾਨ ਕੋਈ ਸਵਾਲ ਨਹੀਂ ਪੁੱਛਿਆ। ਉਨ੍ਹਾਂ ਨੇ ਸੰਸਦ ਦੀਆਂ 82 ਬੈਠਕਾਂ ਵਿਚ ਹਾਜ਼ਰੀ ਭਰੀ।  ਸਿਮਰਨਜੀਤ ਮਾਨ ਪੰਜਾਬ ਵਿਧਾਨ ਸਭਾ ਚੋਣਾਂ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫ਼ੇ ਬਾਅਦ ਹੋਈ ਜ਼ਿਮਨੀ ਚੋਣ ਵਿਚ ਸੰਸਦ ਮੈਂਬਰ ਚੁਣੇ ਗਏ ਸਨ।

(For more Punjabi news apart from Punjab lok Sabha MPs Attendance news, stay tuned to Rozana Spokesman)