ਪੰਜਾਬ ਵਜ਼ਾਰਤ 'ਚ ਵਾਧੇ ਦੀ ਘੜੀ ਨੇੜੇ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲਗਭਗ ਇਕ ਸਾਲ ਤੋਂ ਹੀ ਬੇਸਬਰੀ ਨਾਲ ਉਡੀਕੇ ਜਾ ਰਹੇ ਪੰਜਾਬ ਦੀ ਵਜ਼ਾਰਤ ਦੇ ਵਿਸਥਾਰ ਦੀ ਘੜੀ ਲਗਭਗ ਨੇੜੇ ਆ ਗਈ ਹੈ।

Rahul Gandhi

 ਪਿਛਲੇ ਲਗਭਗ ਇਕ ਸਾਲ ਤੋਂ ਹੀ ਬੇਸਬਰੀ ਨਾਲ ਉਡੀਕੇ ਜਾ ਰਹੇ ਪੰਜਾਬ ਦੀ ਵਜ਼ਾਰਤ ਦੇ ਵਿਸਥਾਰ ਦੀ ਘੜੀ ਲਗਭਗ ਨੇੜੇ ਆ ਗਈ ਹੈ। ਅਪਣੇ ਪਹਿਲਾਂ ਕੀਤੇ ਐਲਾਨ ਮੁਤਾਬਿਕ ਪੰਜਾਬ  ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮੁੱਦੇ ਉਤੇ ਨਵੇਂ ਮੰਤਰੀਆਂ ਦੀ ਸੂਚੀ ਨੂੰ ਅੰਤਮ ਪ੍ਰਵਾਨਗੀ ਦੇਣ ਵਾਸਤੇ ਦਿੱਲੀ ਪਹੁੰਚ ਗਏ ਹਨ। ਮੁੱਖ ਮੰਤਰੀ ਭਲਕੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ  ਰਾਹੁਲ ਗਾਂਧੀ ਨਾਲ ਇਸ ਵਿਸ਼ੇ ਉਤੇ ਮੁਲਾਕਾਤ ਕਰਨਗੇ। ਇਸ ਬੈਠਕ 'ਚ ਕਾਂਗਰਸ ਦੀ ਪੰਜਾਬ ਇੰਚਾਰਜ  ਆਸ਼ਾ ਕੁਮਾਰੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵੀ ਸ਼ਾਮਲ ਹੋਣਗੇ। ਦਸਣਯੋਗ ਹੈ ਕਿ ਕੈਪਟਨ  ਅਮਰਿੰਦਰ ਸਿੰਘ ਪਹਿਲੇ ਵਜ਼ਰਤੀ ਵਾਧੇ ਦੇ ਪੜਾਅ 'ਚ 7 ਨਵੇਂ ਮੰਤਰੀ ਬਣਾਉਣ ਜਾ ਰਹੇ ਹਨ, ਪਰ ਸਕੱਤਰੇਤ ਪ੍ਰਸ਼ਾਸਨ ਵਲੋਂ 9 ਕਮਰੇ ਅਲਾਟ ਕਰ ਦਿਤੇ ਹਨ। ਨਵੇਂ ਮੰਤਰੀਆਂ ਲਈ ਜਿਹਨਾਂ ਕਮਰਿਆਂ ਨੂੰ ਸ਼ਿੰਗਾਰਿਆ ਗਿਆ ਹੈ ਉਹ ਪੰਜਾਬ ਸਕੱਤਰੇਤ ਦੀ ਤੀਜੀ,  ਪੰਜਵੀਂ, ਛੇਵੀਂ  ਅਤੇ ਸਤਵੀਂ ਮੰਜ਼ਲ ਉੱਤੇ ਹਨ।  ਇਨ੍ਹਾਂ ਵਿਚ ਤੀਜੀ ਮੰਜ਼ਲ ਉੱਤੇ 20 ਅਤੇ 31 ਨੰਬਰ,  ਪੰਜਵੀਂ ਉੱਤੇ 6,  25 ਅਤੇ 30,  ਛੇਵੀਂ ਮੰਜ਼ਲ ਉੱਤੇ 33 ਅਤੇ ਸਤਵੀ ਮੰਜ਼ਲ ਉੱਤੇ 19 ਅਤੇ 27 ਨੰਬਰ ਕਮਰੇ ਸ਼ਾਮਲ ਹਨ । ਉਧਰ ਕਈ ਮੰਤਰੀਆਂ ਦੇ ਮਹਿਕਮੇ  ਵੀ ਬਦਲੇ ਜਾ ਰਹੇ ਹੋਣ ਦੀ ਸੂਚਨਾ ਹੈ। ਪਾਰਟੀ ਸੂਤਰਾਂ ਦੀ ਮੰਨੀਏ ਤਾਂ  ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮਾ  ਵੀ ਬਦਲ ਸਕਦਾ ਹੈ। ਬਾਜਵਾ ਨੂੰ ਇਕ ਹੋਰ ਵੱਕਾਰੀ ਮਹਿਕਮਾ  ਸਹਿਕਾਰਤਾ ਜਾਂ ਸਿੰਚਾਈ ਦਾ  ਮਿਲ ਸਕਦਾ ਹੈ।ਇਸ ਤੋਂ ਇਲਾਵਾ ਸੁਖਜਿੰਦਰ ਸਿੰਘ ਰੰਧਾਵਾ ਨੂੰ ਬਾਜਵਾ ਵਾਲਾ ਪੇਂਡੂ ਵਿਕਾਸ ਅਤੇ ਪੰਚਾਇਤ ਮਹਿਕਮਾ  ਮਿਲ ਸਕਦਾ ਹੈ। ਇਹ ਵੀ ਚਰਚਾ ਹੈ ਕਿ ਸਾਧੂ ਸਿੰਘ ਧਰਮਸੋਤ ਤੋਂ ਵਣ ਮਹਿਕਮਾ ਵਾਪਸ ਲਿਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਇਹ ਵੀ ਚਰਚਾ ਹੈ ਕਿ ਸਿਖਿਆ ਮੰਤਰੀ ਅਰੁਣਾ ਚੌਧਰੀ ਤੋਂ ਸਿਖਿਆ ਮਹਿਕਮਾ  ਵਪਿਸ਼ ਲਿਆ ਜਾ ਸਕਦਾ ਹੈ। ਨਵੇਂ ਮੰਤਰੀਆਂ 'ਚ ਰਾਜ ਕੁਮਾਰ ਵੇਰਕਾ ਨੂੰ ਸਿਖਿਆਮਹਿਕਮਾ ਮਿਲ ਸਕਦਾ ਹੈ। ਅਰੁਣਾ ਚੌਧਰੀ ਨੂੰ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਬਾਰੇ ਮਹਿਕਮਾ  ਮਿਲ ਸਕਦਾ ਹੈ। ਇਸ ਸਮੇ ਤਿੰਨ ਮੰਤਰੀਆਂ ਦੇ ਮਹਿਕਮੇ  ਬਦਲਣ ਦੇ ਆਸਾਰ ਹਨ।ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਤਕਨੀਕੀ ਸਿਖਿਆ ਮੰਤਰੀ ਚਰਨਜੀਤ ਸਿੰਘ ਚੰਨੀ  ਡਿਪਟੀ ਮੁੱਖ ਮੰਤਰੀ ਦਾ ਅਹੁਦਾ ਕਾਇਮ ਕਰਵਾਏ ਜਾਣ ਕੋਸ਼ਿਸ਼ 'ਚ ਸੁਣੇ ਜਾ ਰਹੇ ਹਨ। ਪਰ ਜੇ ਅਜਿਹਾ ਹੁੰਦਾ ਹੈ ਤਾਂ ਚੰਨੀ ਦੀ ਬਜਾਏ ਕਈ ਹੋਰ ਨਾਵਾਂ ਨੂੰ ਵੀ ਇਸ ਅਹੁਦੇ ਬਾਰੇ ਵਿਚਾਰਿਆ ਜਾਣੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਭਲਕੇ  ਰਾਹੁਲ ਗਾਂਧੀ ਪੰਜਾਬ ਦੇ ਨਵੇਂ ਮੰਤਰੀਆਂ ਦੇ ਨਾਵਾਂ ਉਤੇ ਮੋਹਰ ਲਗਾ ਵੀ ਦਿੰਦੇ ਹਨ ਤਾਂ ਵੀ ਨਵੇਂ ਮੰਤਰੀ 21 ਅਪ੍ਰੈਲ ਤੋਂ ਬਾਦ ਹੀ ਬਣਨਗੇ। ਮੁੱਖ ਮੰਤਰੀ 21 ਤਕ ਦਿੱਲੀ ਰੁਕਣਗੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸੀਨੀਅਰ ਕੈਬਿਨਟ ਮੰਤਰੀ ਨਵਜੋਤ ਸਿੰਘ ਬਾਰੇ ਹਤਿਆ ਕੇਸ 'ਚ ਅੱਜ ਸੁਪਰੀਮ ਕੋਰਟ ਵਲੋਂ ਫ਼ੈਸਲਾ ਰਾਖਵਾਂ ਰੱਖ ਲਏ ਜਾਣ ਨੇ ਕਾਂਗਰਸ ਹਾਈਕਮਾਨ ਨੂੰ ਰਤਾ ਠਰੰਮਾ ਰੱਖਣ ਦਾ ਇਸ਼ਾਰਾ ਦੇ ਦਿਤਾ ਹੈ। ਸਿੱਧੂ ਦਾ ਰਾਜਨੀਤਕ ਭਵਿੱਖ ਲਗਭਗ ਉਕਤ ਫ਼ੈਸਲੇ ਉਤੇ ਨਿਰਭਰ ਹੈ ਅਤੇ ਫ਼ੈਸਲਾ ਸਿੱਧੂ ਦੇ ਵਿਰੁਧ ਆਉਣ ਦੀ ਸੂਰਤ ਵਿਚ ਉਨ੍ਹਾਂ ਦੇ ਬਤੌਰ ਮੰਤਰੀ ਬਣੇ ਰਹਿਣ ਉਤੇ ਵੀ ਸੰਵਿਧਾਨਕ ਅਸਰ ਪੈਣਾ ਤੈਅ ਹੈ।