ਪੰਜਾਬ ਕਾਂਗਰਸ 'ਚ ਸਿੱਧੂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਤੇਜ਼, ਪ੍ਰਤਾਪ ਸਿੰਘ ਬਾਜਵਾ ਜਲਦੀ ਹੀ ਕਰਨਗੇ ਮੀਟਿੰਗ
ਨਵਜੋਤ ਸਿੰਘ ਸਿੱਧੂ ਨੇ PPCC ਦੇ ਨਵੇਂ ਪ੍ਰਧਾਨ ਰਾਜਾ ਵੜਿੰਗ ਨਾਲ ਅਜੇ ਤੱਕ ਨਹੀਂ ਕੀਤੀ ਮੁਲਾਕਾਤ
ਚੰਡੀਗੜ੍ਹ : ਪੰਜਾਬ ਵਿੱਚ ਕਾਂਗਰਸ ਹਾਈਕਮਾਂਡ ਨੂੰ ਤਾਕਤ ਦਿਖਾ ਰਹੇ ਨਵਜੋਤ ਸਿੱਧੂ ਨੂੰ ਮਨਾਉਣ ਦੀ ਜ਼ਿੰਮੇਵਾਰੀ ਹੁਣ ਪ੍ਰਤਾਪ ਸਿੰਘ ਬਾਜਵਾ ਨੂੰ ਮਿਲੀ ਹੈ। ਬਾਜਵਾ ਨੂੰ ਹਾਲ ਹੀ ਵਿੱਚ ਕਾਂਗਰਸ ਨੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਬਣਾਇਆ ਸੀ। ਉਹ ਸੀਨੀਅਰ ਕਾਂਗਰਸੀ ਆਗੂ ਵੀ ਹਨ, ਇਸ ਲਈ ਉਹ ਜਲਦੀ ਹੀ ਸਿੱਧੂ ਨੂੰ ਮਿਲ ਸਕਦੇ ਹਨ। ਬਾਜਵਾ ਸਿੱਧੂ ਨੂੰ ਛੋਟਾ ਭਰਾ ਅਤੇ ਸਿੱਧੂ ਵੀ ਬਾਜਵਾ ਨੂੰ ਵੱਡਾ ਭਰਾ ਆਖਦੇ ਰਹੇ ਹਨ।
ਸਿੱਧੂ ਦੇ ਨਾਲ ਕੰਮ ਕਰ ਰਹੇ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵੀ ਵੜਿੰਗ ਅਤੇ ਸਿੱਧੂ ਦੀ ਮੀਟਿੰਗ ਕਰਵਾਉਣ ਲਈ ਯਤਨਸ਼ੀਲ ਹਨ। ਇਸ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮੁਲਾਕਾਤ ਨਹੀਂ ਕੀਤੀ। ਸਿੱਧੂ ਨੇ ਰਾਜਾ ਵੜਿੰਗ ਦੇ ਫੋਨ ਕਾਲਾਂ ਦਾ ਵੀ ਜਵਾਬ ਨਹੀਂ ਦਿੱਤਾ।
ਦੱਸਣਯੋਗ ਹੈ ਕਿ ਨਵਜੋਤ ਸਿੱਧੂ ਖੁਦ ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣਾ ਚਾਹੁੰਦੇ ਸਨ। ਇਸ ਦੇ ਲਈ ਉਨ੍ਹਾਂ ਨੇ ਚੋਣਾਂ 'ਚ ਹੋਈ ਹਾਰ ਤੋਂ ਬਾਅਦ ਸਰਗਰਮੀ ਵਧਾ ਦਿੱਤੀ ਸੀ। ਉਨ੍ਹਾਂ ਦੇ ਨਜ਼ਦੀਕੀ ਰਹੇ ਜਾਂ ਫਿਰ ਚੰਨੀ ਗਰੁੱਪ ਤੋਂ ਵੱਖ ਹੋ ਕੇ ਚੋਣਾਂ ਹਾਰਨ ਜਾਂ ਜਿੱਤਣ ਵਾਲੇ ਹੋਰਨਾਂ ਕਾਂਗਰਸੀ ਆਗੂਆਂ ਨਾਲ ਮੁਲਾਕਾਤ ਦਾ ਸਿਲਸਿਲਾ ਸ਼ੁਰੂ ਕਰ ਦਿਤਾ ਸੀ। ਇਸ ਦੇ ਬਾਵਜੂਦ ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਨੂੰ ਝਟਕਾ ਦਿੱਤਾ। ਪੰਜਾਬ 'ਚ ਚੋਣ ਹਾਰ ਤੋਂ ਬਾਅਦ ਸੋਨੀਆ ਗਾਂਧੀ ਨੇ ਸਿੱਧੂ ਦਾ ਅਸਤੀਫਾ ਮਨਜ਼ੂਰ ਕਰ ਲਿਆ ਸੀ। ਇਸ ਤੋਂ ਬਾਅਦ ਵੀ ਸਿੱਧੂ ਪੰਜਾਬ ਪ੍ਰਧਾਨ ਵਜੋਂ ਕੰਮ ਕਰ ਰਹੇ ਸਨ। ਹਾਲਾਂਕਿ ਹਾਈਕਮਾਂਡ ਨੇ ਮੁੜ ਸਿੱਧੂ 'ਤੇ ਭਰੋਸਾ ਨਹੀਂ ਕੀਤਾ।
ਦੱਸਣਯੋਗ ਹੈ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਮਹਿਜ਼ 18 ਸੀਟਾਂ 'ਤੇ ਸਿਮਟ ਗਈ ਸੀ। ਨਵਜੋਤ ਸਿੱਧੂ ਨੇ ਚੋਣਾਂ 'ਚ ਕਾਂਗਰਸ ਦੀ ਹਾਰ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜ਼ਿੰਮੇਵਾਰ ਠਹਿਰਾਇਆ। ਸਿੱਧੂ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ 111 ਦਿਨਾਂ ਦੇ ਕਾਰਜਕਾਲ 'ਤੇ ਚੰਨੀ ਦੀ ਅਗਵਾਈ 'ਚ ਚੋਣ ਲੜੀ ਗਈ ਤਾਂ ਪਾਰਟੀ ਦੀ ਹਾਲਤ ਦੀ ਜ਼ਿੰਮੇਵਾਰੀ ਵੀ ਚੰਨੀ 'ਤੇ ਹੀ ਹੈ। ਹਾਲਾਂਕਿ ਚੰਨੀ ਮੁੱਖ ਮੰਤਰੀ ਹੋਣ ਦੇ ਬਾਵਜੂਦ ਭਦੌੜ ਅਤੇ ਚਮਕੌਰ ਸਾਹਿਬ ਯਾਨੀ 2 ਸੀਟਾਂ ਤੋਂ ਚੋਣ ਹਾਰ ਗਏ ਸਨ।
ਹੁਣ ਕਾਂਗਰਸ ਦੀਆਂ ਨਜ਼ਰਾਂ ਪੰਜਾਬ 'ਚ 2024 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਤੇ ਟਿਕੀਆਂ ਹੋਈਆਂ ਹਨ। ਪੰਜਾਬ ਵਿੱਚ 13 ਲੋਕ ਸਭਾ ਸੀਟਾਂ ਹਨ। ਇਸ ਦੇ ਲਈ ਰਾਜਾ ਵੜਿੰਗ ਸਾਰੇ ਨਾਰਾਜ਼ ਕਾਂਗਰਸੀ ਨੇਤਾਵਾਂ ਨੂੰ ਮਿਲ ਰਹੇ ਹਨ। ਇਨ੍ਹਾਂ ਵਿੱਚ ਉਹ ਆਗੂ ਵੀ ਸ਼ਾਮਲ ਹਨ ਜੋ ਕਾਂਗਰਸ ਛੱਡ ਚੁੱਕੇ ਹਨ ਜਾਂ ਪਾਰਟੀ ਦੇ ਕੰਮਾਂ ਤੋਂ ਦੂਰ ਹਨ। ਇਨ੍ਹਾਂ ਵਿੱਚ ਐਚਐਸ ਹੰਸਪਾਲ, ਮਹਿੰਦਰ ਕੇਪੀ, ਮਲਕੀਤ ਦਾਖਾ, ਜਗਮੋਹਨ ਸਿੰਘ ਕੰਗ, ਅਮਰੀਕ ਸਿੰਘ ਢਿੱਲੋਂ, ਦਮਨ ਬਾਜਵਾ, ਹਰਮੰਦਰ ਜੱਸੀ ਦੇ ਨਾਂ ਸ਼ਾਮਲ ਹਨ।