ਪੰਥ ਅਤੇ ਪੰਜਾਬ ਹਿਤੈਸ਼ੀ ਹੋਣ ਦੀ ਡਰਾਮੇਬਾਜ਼ੀ ਛੱਡਣ ਬਾਦਲ : ਪ੍ਰੋ. ਬਲਜਿੰਦਰ ਕੌਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਮੋਦੀ ਸਰਕਾਰ ਤੋਂ ਪੰਜਾਬ ਹਿਤੈਸ਼ੀ ਫ਼ੈਸਲੇ ਕਰਵਾਉਣ ਜਾਂ ਫਿਰ ਭਾਜਪਾ ਨਾਲੋਂ ਨਾਤਾ ਤੋੜਨ 

AAP MLA Prof. Baljinder Kaur accuses Badals of playing panthic card

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਤਲਵੰਡੀ ਸਾਬੋ ਤੋਂ ਵਿਧਾਇਕ ਅਤੇ ਚੀਫ਼ ਸਪੋਕਸਪਰਸਨ ਪ੍ਰੋ. ਬਲਜਿੰਦਰ ਕੌਰ ਨੇ ਬਾਦਲ ਪਰਵਾਰ 'ਤੇ ਫਿਰ ਤੋਂ ਪੰਥਕ ਡਰਾਮੇਬਾਜ਼ੀ ਕਰਨ ਦਾ ਦੋਸ਼ ਲਗਾਇਆ ਹੈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਬਾਦਲ ਪਰਵਾਰ ਨੇ ਪੰਥ ਨੂੰ ਹਮੇਸ਼ਾ ਅਪਣੇ ਨਿੱਜੀ ਸਿਆਸੀ ਹਿੱਤਾਂ ਲਈ ਬੇਦਰਦੀ ਨਾਲ ਵਰਤਿਆ ਹੈ ਅਤੇ ਹੁਣ ਵੀ ਵਰਤਣ ਦੀ ਫ਼ਿਰਾਕ ਵਿਚ ਹਨ, ਪੰਜਾਬ ਦੇ ਲੋਕਾਂ ਨੂੰ ਬਾਦਲਾਂ ਦੀਆਂ ਗਿਰਗਿਟੀ ਚਾਲਾਂ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ।

'ਆਪ' ਵਿਧਾਇਕ ਨੇ ਕਿਹਾ ਕਿ ਪੰਥਕ ਸੰਸਥਾਵਾਂ ਅਤੇ ਪੰਜਾਬ ਦਾ ਜੋ ਘਾਣ ਬਾਦਲ ਪਰਵਾਰ ਅਤੇ ਉਨ੍ਹਾਂ ਦੇ ਚੇਲੇ ਚਪਟਿਆਂ ਨੇ ਕੀਤਾ ਹੈ, ਇਹ ਕਿਸੇ ਤੋਂ ਲੁਕਿਆ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਬਾਰੇ ਗਠਿਤ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਬਾਦਲਾਂ ਵਲ ਹੋਏ ਇਸ਼ਾਰਿਆਂ ਤੋਂ ਬਾਅਦ ਹੁਣ ਗਿਆਨੀ ਇਕਬਾਲ ਸਿੰਘ ਦੇ ਸਨਸਨੀਖ਼ੇਜ਼ ਖੁਲਾਸਿਆਂ ਨੇ ਸਾਬਤ ਕਰ ਦਿਤਾ ਹੈ ਕਿ ਪੈਸੇ ਅਤੇ ਸੱਤਾ ਲਈ ਬਾਦਲਾਂ ਦਾ ਟੱਬਰ ਕਿਸੇ ਵੀ ਹੱਦ ਤਕ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਲੰਬਿਤ ਟਕਸਾਲੀ ਮੁੱਦਿਆਂ ਦੇ ਪੰਜਾਬ ਪੱਖੀ ਹੱਲ, ਪਹਾੜੀ ਰਾਜਾਂ ਦੀ ਤਰਜ਼ 'ਤੇ ਪੰਜਾਬ ਲਈ ਵਿਸ਼ੇਸ਼ ਉਦਯੋਗਿਕ ਪੈਕੇਜ, ਕਿਸਾਨਾਂ ਨੂੰ ਸਵਾਮੀਨਾਥਨ ਸਿਫ਼ਾਰਿਸ਼ਾਂ ਮੁਤਾਬਿਕ ਫ਼ਸਲਾਂ ਦੇ ਲਾਹੇਵੰਦ ਭਾਅ ਅਤੇ ਪੰਜਾਬ ਸਿਰ ਚੜ੍ਹੇ ਕਰਜ਼ ਦੇ ਨਿਪਟਾਰੇ ਲਈ ਭਾਜਪਾ ਨਾਲ ਲਕੀਰ ਖਿੱਚ ਕੇ ਸਟੈਂਡ ਲੈਣ ਜਾਂ ਫਿਰ ਹਰਸਿਮਰਤ ਕੌਰ ਬਾਦਲ ਦੀ ਵਜ਼ੀਰੀ ਤਿਆਗ ਕੇ ਭਾਜਪਾ ਨਾਲੋਂ ਪੱਕੇ ਤੌਰ 'ਤੇ ਸਿਆਸੀ ਨਾਤਾ ਤੋੜਨ।