ਅਕਾਲੀ ਕਾਬਜ਼ ਕਾਰਪੋਰੇਸ਼ਨ ਜਾਣਬੁੱਝ ਕੇ ਕੰਮ ਕਰਨ 'ਚ ਦੇਰੀ ਕਰ ਰਿਹੈ: ਵਿੱਤ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਮਨਪ੍ਰੀਤ ਸਿੰਘ ਬਾਦਲ ਨੇ ਹਰਸਿਮਰਤ ਬਾਦਲ ਨੂੰ ਕੀਤੇ ਚਾਰ ਸਵਾਲ

Manpreet Singh Badal

ਬਠਿੰਡਾ: ਅਣਕਿਆਸੇ ਭਾਰੀ ਮੀਂਹ ਕਰਕੇ ਬਠਿੰਡਾ ਦੇ `ਜਾਮ` ਹੋ ਜਾਣ ਵਾਲੇ ਹਾਲ ਲਈ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼਼੍ਰੋਮਣੀ ਅਕਾਲੀ ਦਲ ਦੀ ਕਾਬਜ਼ ਕਾਰਪੋਰੇਸ਼ਨ `ਤੇ ਅਪਰਾਧਿਕ ਅਣਗਹਿਲੀ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਮੇਅਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ 10 ਸਾਲ ਦੀ ਤਬਾਹੀ ਕਰਨ ਵਾਲੀ ਸਰਕਾਰ ਕਰਕੇ ਬਠਿੰਡਾ ਦੀ ਇਹ ਭੈੜੀ ਹਾਲਤ ਹੋਈ ਹੈ। ਅਸਲ ਸਮੱਸਿਆ ਪਿਛਲੀ ਸ਼਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ  ਇੱਕ ਪ੍ਰਾਈਵੇਟ ਕੰਪਨੀ ਨਾਲ ਕੀਤੇ ਸਮਝੌਤੇ ਕਾਰਣ ਹੈ, ਜਿਸ ਵਿੱਚ ਕੇਂਦਰ ਸਰਕਾਰ ਵੀ ਇੱਕ ਪਾਰਟੀ ਵਜੋਂ ਸ਼ਾਮਲ ਹੈ। 

 ਵਿੱਤ ਮੰਤਰੀ ਨੇ ਹਰਸਿਮਰਤ ਕੌਰ ਬਾਦਲ ਨੂੰ ਚਾਰ ਸਵਾਲ ਕੀਤੇ ਹਨ।  ਕੀ ਬਠਿੰਡਾ ਦੀ ਐਮ.ਪੀ ਸਪੱਸ਼ਟ ਕਰ ਸਕਦੀ ਹੈ ਕਿ ਉਨ੍ਹਾਂ ਦੀ ਪਾਰਟੀ ਨੇ ਇਕਪਾਸੜ ਜਿਹਾ ਸਮਝੌਤਾ ਕਿਉਂ ਕੀਤਾ? ਕੀ ਉਹ ਜਨਤਾ ਨੂੰ ਦੱਸ ਕਰ ਸਕਦੀ ਹੈ ਕਿ ਕਿਉਂ ਉਸ ਦੀ ਪਾਰਟੀ, ਜੋ ਕਿ ਬਠਿੰਡਾ ਕਾਰਪੋਰੇਸ਼ਨ ਦੀ ਅਗਵਾਈ ਵੀ ਕਰ ਰਹੀ ਹੈ, ਹਰ ਵਾਰ ਟੈਂਡਰ ਪ੍ਰਕਿਰਿਆ ਨੂੰ ਰੋਕ ਦਿੰਦੀ ਹੈ? ਕੀ ਹਰਸਿਮਰਤ ਕੋਲ ਇਸ ਗੱਲ ਦਾ ਕੋਈ ਜਵਾਬ ਹੈ ਕਿ ਐਮਸੀ ਬਠਿੰਡਾ ਉਨ੍ਹਾਂ ਕਿਸਾਨਾਂ ਨੂੰ ਕੋਈ ਮੁਆਵਜ਼ਾ ਕਿਉਂ ਨਹੀਂ ਦੇ ਰਹੀ, ਜਿਨ੍ਹਾਂ ਦੀ ਜ਼ਮੀਨ ਦੀ ਕੂੜਾ ਮੈਦਾਨ (ਸਲੱਜ ਕੈਰੀਅਰ) ਨਾਲ ਲੱਗਦੀ ਹੈ? ਕੀ ਹਰਸਿਮਰਤ ਇਹ ਸਪੱਸ਼ਟ ਕਰ ਸਕਦੀ ਹੈ ਕਿ ਐਮਸੀ ਨੇ ਹੁਣ ਤੱਕ ਸਲੱਜ ਕੈਰੀਅਰ ਦੀ ਕੋਈ ਸਫਾਈ ਕਿਉਂ ਨਹੀਂ ਕੀਤੀ?

 ਸਮਝੌਤਾ ਇਸ ਤਰ੍ਹਾਂ ਕੀਤਾ ਗਿਆ ਹੈ ਕਿ ਜਦੋਂ ਵੀ ਰਾਜ ਸਰਕਾਰ ਇਸ ਵਿਚ ਕੋਈ ਦਖਲ ਦੇਣ ਦੀ ਕੋਸ਼ਿਸ਼ ਕਰਦੀ ਹੈ ਤਾਂ ਸੂਬਾ ਸਰਕਾਰ `ਤੇ ਭਾਰੀ ਜੁਰਮਾਨਾ ਲਗਾ ਦਿੱਤਾ ਜਾਂਦਾ ਹੈ। ਸੀਵਰੇਜ ਦਾ ਸਾਰਾ ਕੰਮ ਐਮ.ਸੀ ਕੋਲ ਹੈ ਅਤੇ ਜਦੋਂ ਤੋਂ ਐਮ.ਸੀ. ਬਣੀ ਹੈ ਉਹ ਅਕਾਲੀਆਂ ਦੇ ਹੱਥਾਂ ਵਿਚ ਹੈ। ਐਮ.ਸੀ. ਸਿਆਸੀ ਲਾਹਾ ਲੈਣ ਲਈ ਸਾਰੇ ਪ੍ਰੋਜੈਕਟਾਂ ਵਿਚ ਜਾਣਬੁੱਝ ਕੇ ਦੇਰੀ ਕਰ ਰਹੀ ਹੈ। ਅਣਕਿਆਸਿਆ ਭਾਰਾ ਮੀਂਹ ਕੁਦਰਤ ਦਾ ਕੰਮ ਸੀ ਪਰ ਤਿੰਨ ਕਾਰਕ ਹਨ ਜਿਸ ਕਰਕੇ ਹੜ੍ਹਾਂ ਵਰਗੀ ਸਥਿਤੀ ਬਣੀ- ਅਕਾਲੀ ਸ਼ਾਸਨ ਦੌਰਾਨ ਢੁਕਵੀਂ ਨਿਕਾਸੀ ਦਾ ਪ੍ਰਬੰਧ ਨਾ ਕਰਨਾ, ਅਕਾਲੀ-ਭਾਜਪਾ ਕਾਬਜ਼ ਨਗਰ ਨਿਗਮ ਦੁਆਰਾ ਕੁਝ ਨਾ ਕਰਨਾ ਅਤੇ ਅਕਾਲੀ ਮੇਅਰ ਦੁਆਰਾ ਫੰਡਾਂ ਦੀ ਵਰਤੋਂ ਕਰਨ `ਚ ਦਿਖਾਈ ਅਸਮਰੱਥਾ।

48 ਕਰੋੜ ਰੁਪਏ ਦੀ ਅੰਮਰੁਤ ਯੋਜਨਾ ਤਹਿਤ ਬਠਿੰਡਾ ਨਗਰ ਨਿਗਮ ਨੇ ਮਾਰਚ ਵਿਚ ਟੈਂਡਰ ਮੰਗੇ ਸਨ ਪਰ ਉਹ ਅਜੇ ਤੱਕ ਪ੍ਰਾਪਤ ਨਹੀਂ ਕੀਤੇ ਗਏ। ਇਸੇ ਜੁਲਾਈ ਦੇ ਪਹਿਲੇ ਹਫ਼ਤੇ ਵਿੱਤ ਮੰਤਰੀ ਨੇ ਐਮਸੀ ਨੂੰ ਸਵਾਲ ਵੀ ਕੀਤਾ ਸੀ ਕਿ ਉਨ੍ਹਾਂ ਨੇ ਹਾਲੇ ਤੱਕ ਕੰਮ ਕਿਉਂ ਨਹੀਂ ਸੁਰੂ ਕੀਤੇ? ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਪ੍ਰਾਜੈਕਟਾਂ ਨੂੰ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਕੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਅਤੇ ਸਰਕਾਰੀ ਨਿਯਮਾਂ ਅਨੁਸਾਰ ਕੰਮ ਮੁਕੰਮਲ ਹੁੰਦੇ ਸਾਰ ਹੀ ਅਦਾਇਗੀ ਕਰ ਦਿੱਤੀ ਜਾਵੇਗੀ। ਵਾਰ-ਵਾਰ ਯਾਦ ਕਰਾਉਣ ਦੇ ਬਾਵਜੂਦ ਅਕਾਲੀ ਕਾਬਜ਼ ਕਾਰਪੋਰੇਸ਼ਨ ਨੇ ਜਾਣਬੁੱਝ ਕੇ ਟੈਂਡਰ ਨਹੀਂ ਲਗਾਏ। ਵਿੱਤ ਮੰਤਰੀ ਨੇ ਪੁੱਛਿਆ ਹੈ ਕਿ, "ਐਮ.ਸੀ ਨੇ ਟੈਂਡਰ ਕਿਉਂ ਜਾਰੀ ਨਹੀਂ ਕੀਤੇ?"

ਵਿੱਤ ਮੰਤਰੀ ਨੇ ਜਨਵਰੀ `ਚ ਐਮ.ਸੀ. ਨੂੰ ਕੰਮ ਸ਼ੁਰੂ ਕਰਨ ਲਈ ਲਿਖਿਆ ਸੀ ਅਤੇ ਸੱਤ ਮਹੀਨਿਆਂ ਬਾਅਦ ਵੀ ਕੁਝ ਨਹੀਂ ਕੀਤਾ ਗਿਆ।  ਇਸ ਸਥਿਤੀ ਦੇ ਮੱਦੇਨਜ਼ਰ ਅਤੇ ਜਨ ਹਿੱਤ ਨੂੰ ਧਿਆਨ ਵਿਚ ਰੱਖਦਿਆਂ ਇੰਪਰੂਵਮੈਂਟ ਟਰੱਸਟ ਨੂੰ 16 ਕਰੋੜ ਰੁਪਏ ਦਿੱਤੇ ਗਏ ਤਾਂ ਜੋ ਕੰਮ ਚਲ ਸਕੇ। ਉਨ੍ਹਾਂ ਕਿਹਾ ਕਿ ਜੇ ਕੋਈ ਕੰਮ ਕੀਤਾ ਗਿਆ ਹੈ ਤਾਂ ਇਹ ਇੰਪਰੂਵਮੈਂਟ ਟਰੱਸਟ ਅਤੇ ਕਾਂਗਰਸੀ ਕੌਂਸਲਰਾਂ ਵੱਲੋਂ ਕੀਤਾ ਗਿਆ ਹੈ. ਅਕਾਲੀ ਦਲ ਦੀ ਅਗਵਾਈ ਵਾਲੇ ਐਮ.ਸੀ. ਨੇ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਸਲੱਜ ਕੈਰੀਅਰ ਨੂੰ ਮੁਕੰਮਲ ਨਹੀਂ ਕਰ ਰਿਹਾ ਹੈ ਅਤੇ ਇਹ ਜਾਣਬੁੱਝ ਕੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਵਿੱਚ ਦੇਰੀ ਕਰ ਰਿਹਾ ਹੈ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਭਾਰੀ ਬਾਰਸ਼ ਪੰਜਾਬ ਦੇ ਡਰੇਨੇਜ ਸਿਸਟਮ ਦੀ ਸਮਰੱਥਾ ਨਾਲੋਂ ਪੰਜ ਗੁਣਾ ਜ਼ਿਆਦਾ ਸੀ।ਭਾਵੇਂ ਕਿ ਕਿਸੇ ਦਾ ਕੁਦਰਤ ਉੱਤੇ ਕੋਈ ਕੰਟਰੋਲ ਨਹੀਂ ਪਰ ਇਹ ਬਠਿੰਡਾ ਐਮ.ਸੀ. ਦੀ ਅਪਰਾਧਿਕ ਅਣਗਹਿਲੀ ਸੀ ਜਿਸ ਦਾ ਖਾਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪਿਆ।