ਪੰਜਾਬ ਨੂੰ ਸਿਆਸੀ ਸੈਰ-ਸਪਾਟੇ ਵਾਲੀ ਥਾਂ ਨਾ ਸਮਝਣ ਰਾਹੁਲ ਗਾਂਧੀ- 'ਆਪ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

'ਆਪ' ਵਿਧਾਇਕਾਂ ਨੇ ਕਾਂਗਰਸੀਆਂ ਕੋਲੋਂ ਪੁੱਛਿਆ, ਰਾਹੁਲ ਗਾਂਧੀ ਨੇ ਖੇਤੀ ਬਿੱਲਾਂ ਵਿਰੁੱਧ ਸੰਸਦ 'ਚ ਕਿਉਂ ਨਹੀਂ ਕੀਤੀ ਅਵਾਜ ਬੁਲੰਦ?

Rahul Gandhi

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਾਂਗਰਸੀ 'ਯੁਵਰਾਜ' ਰਾਹੁਲ ਗਾਂਧੀ ਵੱਲੋਂ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਬਾਰੇ ਕੀਤੀ ਟਿੱਪਣੀ ਦੀ ਖਿੱਲੀ ਉਡਾਈ ਹੈ। 'ਆਪ' ਦੇ ਦੋਸ਼ ਹੈ ਕਿ ਮੋਦੀ ਸਰਕਾਰ ਦੇ ਕਿਸਾਨ ਮਾਰੂ ਕਾਨੂੰਨਾਂ ਵਿਰੁੱਧ ਸੰਸਦ 'ਚ ਬੋਲਣ ਤੋਂ ਭੱਜੇ ਰਾਹੁਲ ਗਾਂਧੀ ਹੁਣ ਪੰਜਾਬ ਵਿਧਾਨ ਸਭਾ ਰਾਹੀਂ ਸਿਆਸੀ ਰੋਟੀਆਂ ਸੇਕਣ ਦੀ ਹਾਸੋਹੀਣ ਕੋਸ਼ਿਸ ਕਰ ਰਹੇ ਹਨ।

ਪਾਰਟੀ ਹੈਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਜੈ ਸਿੰਘ ਰੋੜੀ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਪੰਜਾਬ ਦੇ ਕਾਂਗਰਸੀਆਂ ਨੂੰ ਪੁੱਛਿਆ ਕਿ ਜਦੋਂ ਸੰਸਦ 'ਚ ਖੇਤੀਬਾੜੀ ਵਿਰੋਧੀ ਕਾਲੇ ਕਾਨੂੰਨ ਪਾਸ ਕੀਤੇ ਜਾ ਰਹੇ ਸਨ, ਉਦੋਂ ਰਾਹੁਲ ਗਾਂਧੀ ਸੰਸਦ 'ਚ ਗੈਰ ਹਾਜਰ ਕਿਉਂ ਰਹੇ?

ਕੁਲਤਾਰ ਸਿੰਘ ਸੰਧਵਾਂ ਅਤੇ ਜੈ ਸਿੰਘ ਰੋੜੀ ਨੇ ਕਿਹਾ ਕਿ ਸੰਸਦ ਅਤੇ ਵਿਧਾਨ ਸਭਾ ਦੀ ਤਾਕਤ ਦੀ ਤੁਲਨਾ ਕਰਨਾ ਬਿਲਕੁਲ ਬਚਕਾਨਾ ਖਿਆਲ ਹੈ। ਬਤੌਰ ਕਾਂਗਰਸੀ 'ਯੁਵਰਾਜ' ਜੇਕਰ ਰਾਹੁਲ ਗਾਂਧੀ ਆਪਣੇ ਸੰਸਦ ਅਤੇ ਰਾਜ ਸਭਾ ਮੈਂਬਰਾਂ ਦੀ ਅਗਵਾਈ ਕਰਦੇ ਹੋਏ ਸੰਸਦ 'ਚ ਅਵਾਜ ਬੁਲੰਦ ਕਰਦੇ ਤਾਂ ਉਸਦਾ ਅਸਰ ਮਾਇਨੇ ਰੱਖਦਾ ਹੁੰਦਾ, ਪਰੰਤੂ ਕਾਂਗਰਸ ਰਾਹੁਲ ਗਾਂਧੀ ਵੱਲੋਂ ਸੰਸਦ 'ਚ ਕੀਤੀ ਨਲਾਇਕੀ ਉੱਤੇ ਪੰਜਾਬ ਵਿਧਾਨ ਸਭਾ ਰਾਹੀਂ ਪਰਦਾ ਨਹੀਂ ਪਾ ਸਕਦੀ।

ਪ੍ਰੋ. ਬਲਜਿੰਦਰ ਕੌਰ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਸ਼ੋਅਪੀਸ ਬਣਾ ਕੇ ਕਾਂਗਰਸ ਕਿਸਾਨਾਂ ਖਾਸਕਰ ਪੰਜਾਬ ਦੇ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਖੇਡਣ ਦੀ ਕੋਸ਼ਿਸ਼ ਕਰ ਰਹੀ ਹੈ।

ਉਨ੍ਹਾਂ ਕਾਂਗਰਸ ਨੂੰ ਚਿਤਾਵਨੀ ਦਿੱਤੀ ਕਿ ਰਾਹੁਲ ਗਾਂਧੀ ਆਪਣੀ ਸਿਆਸੀ ਮੌਕਾਪ੍ਰਸਤੀ ਲਈ ਪੰਜਾਬ ਦੀ ਸਰਜਮੀਂ ਨੂੰ 'ਸਿਆਸੀ ਸੈਰ-ਸਪਾਟੇ' ਵਾਲੀ ਥਾਂ ਵਾਂਗ ਵਰਤਣ ਦੀ ਕੋਸ਼ਿਸ਼ ਨਾ ਕਰਨ ਅਤੇ ਸਪੱਸ਼ਟ ਕਰਨ ਕਿ 2019 ਲੋਕ ਸਭਾ ਚੋਣਾਂ ਲਈ ਕਾਂਗਰਸ ਦੇ ਮੈਨੀਫੈਸਟੋ 'ਚ ਖੇਤੀਬਾੜੀ ਬਾਰੇ ਕੀਤੇ ਵਾਅਦੇ ਅਤੇ ਮੋਦੀ ਦੇ ਕਾਲੇ ਕਾਨੂੰਨਾਂ 'ਚ ਕੀ ਫਰਕ ਹੈ?

ਜਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪਾਰਲੀਮੈਂਟ ਵਿਚ ਕਿਸਾਨਾਂ ਦੀ ਅਵਾਜ ਨੂੰ ਦਬਾਇਆ ਗਿਆ ਹੈ ਹੁਣ ਪੰਜਾਬ ਵਿਧਾਨ ਸਭਾ ਵਿਚ ਕਿਸਾਨਾਂ ਦੀ ਅਵਾਜ ਨੂੰ ਬੁਲੰਦ ਕੀਤਾ ਜਾਵੇਗਾ।