-ਟਕਸਾਲੀਆਂ ਦਾ ਹਸ਼ਰ ਸਾਹਮਣੇ ਆਇਆ
-ਸੱਤਾਧਾਰੀ ਕਾਂਗਰਸ ਦਾ ਸੁਪਨਾ-ਦੁਬਾਰਾ ਕਾਬਜ਼ ਹੋਵਾਂਗੇ
ਚੰਡੀਗੜ੍ਹ (ਜੀ.ਸੀ.ਭਾਰਦਵਾਜ): ਡੇਢ ਸਾਲ ਪਹਿਲਾਂ ਬੀਮਾਰ ਹੋਣ ਦਾ ਬਹਾਨਾ ਲਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਚੋਟੀ ਦੇ ਨੇਤਾ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿਤਾ ਸੀ ਅਤੇ ਹੁਣ ਸੇਵਾ ਸਿੰਘ ਸੇਖਵਾਂ, ਰਣਜੀਤ ਸਿੰਘ ਬ੍ਰਹਮਪੁਰਾ ਤੇ ਰਤਨ ਸਿੰਘ ਅਜਨਾਲਾ ਵਾਲੇ ਟਕਸਾਲੀ ਦਲ ਵਿਚ ਅੰਮ੍ਰਿਤਸਰ ਵਾਲੀ ਬੈਠਕ ਵਿਚ ਸ਼ਮੂਲੀਅਤ ਕਰ ਕੇ ਪੰਜਾਬ ਦੀ ਸਿਆਸਤ ਵਿਚ ਮੁੜ ਪੈਰੀਂ ਆ ਰਹੇ ਸੁਖਬੀਰ ਬਾਦਲ ਨੂੰ ਝਟਕਾ ਦੇ ਦਿਤਾ ਹੈ।
ਸ.ਢੀਂਡਸਾ ਨੇ ਪਿਤਰੀ ਪਾਰਟੀ ਛੱਡੀ ਵੀ ਨਹੀਂ ਪਰ ਕਹਿ ਦਿਤਾ ਕਿ ਉਹ ਸੁਖਬੀਰ ਨੂੰ ਤੀਜੀ ਵਾਰ ਪ੍ਰਧਾਨ ਚੁਣੇ ਜਾਣ ਨੂੰ ਸਹੀ ਨਹੀਂ ਮੰਨਦੇ ਅਤੇ ਨਾ ਹੀ ਇਸ ਤਰ੍ਹਾਂ ਦੇ ਡਿਕਟੇਟਰਪੁਣੇ ਦੀ ਈਨ ਮੰਨਦੇ ਹਨ। ਰੋਜ਼ਾਨਾ ਸਪੋਕਸਮੈਨ ਵਲੋਂ ਕਾਂਗਰਸ, ਅਕਾਲੀ ਦਲ, ਟਕਸਾਲੀ ਨੇਤਾਵਾਂ, 'ਆਪ', ਅੰਮ੍ਰਿਤਸਰ ਅਕਾਲੀ ਦਲ ਤੇ ਹੋਰ ਸਿਆਸੀ ਮਾਹਰਾਂ ਨਾਲ ਕੀਤੀ ਗੱਲਬਾਤ ਉਪਰੰਤ ਇਸ ਨੁਕਤੇ 'ਤੇ ਧਿਆਨ ਕੇਂਦਰਤ ਕੀਤਾ ਕਿ ਦੋ ਸਾਲ ਮਗਰੋਂ 2022 ਵਿਚ ਅਸੈਂਬਲੀ ਚੋਣਾਂ ਮੌਕੇ ਪੰਜਾਬ ਦਾ ਵੋਟਰ ਹੋ ਸਕਦਾ ਹੈ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਾ ਦੇ ਪਾਵੇ।
ਇਸ ਅਨਿਸ਼ਿਤਤਾ ਵਾਲੀ, ਬੇਹੱਦ ਗੰਧਲੀ ਹਾਲਤ ਬਾਰੇ ਤੀਜੇ ਬਦਲ 'ਆਪ' ਬਾਰੇ ਇਨ੍ਹਾਂ ਮਹਰਾਂ ਨੇ ਕਿਹਾ ਕਿ ਤਿੰਨ ਸਾਲ ਪਹਿਲਾਂ ਸਰਕਾਰ ਬਣਾਉਣ ਦੀ ਹਾਲਤ ਵਿਚ ਉਭਰੀ ਇਸ 'ਝਾੜੂ' ਦੇ ਨਿਸ਼ਾਨ ਵਾਲੀ ਟੋਲੀ ਨੇ ਮਸਾਂ 20 ਵਿਧਾਇਕ, ਵਿਧਾਨ ਸਭਾ ਵਿਚ ਲਿਆਂਦੇ, ਢਾਈ ਸਾਲਾਂ ਵਿਚ ਤਿੰਨ ਨੇਤਾ ਬਦਲੇ, ਫੂਲਕਾ ਤੇ ਖਹਿਰਾ ਲਾਂਭੇ ਹੋ ਗਏ, ਬਾਕੀਆਂ ਦੇ 4 ਗੁੱਟ ਬਣ ਗਏ ਅਤੇ ਲੋਕ ਸਭਾ ਦੇ 4 ਮੈਂਬਰਾਂ ਵਿਚੋਂ ਸਿਰਫ਼ ਇਕ, ਭਗਵੰਤ ਮਾਨ ਚੁਟਕਲੇ ਸੁਣਾ ਕੇ ਜਿਤਿਆ।
ਹੁਣ ਉਹ ਬਤੌਰ ਪਾਰਟੀ ਪ੍ਰਧਾਨ ਪੰਜਾਬ ਦੇ ਮੁੱਖ ਮੰਤਰੀ ਬਣਨ ਦੇ ਸੁਪਨੇ ਲੈਣ ਲੱਗ ਪਿਆ ਹੈ। ਮਾਹਰਾਂ ਦਾ ਵਿਚਾਰ ਹੈ ਕਿ 2022 ਵਿਚ ਕੇਵਲ 5 ਜਾਂ 6 ਵਿਧਾਇਕ ਹੀ ਮੁੜ ਕਾਮਯਾਬ ਹੋ ਸਕਦੇ ਹਨ। ਕੁੱਝ ਕਾਂਗਰਸੀ ਸਿਰਕੱਢ ਲੀਡਰਾਂ ਦੀ ਸੋਚ ਹੈ ਕਿ ਪੰਜਾਬ ਦੀ ਸਿਆਸੀ ਬੇਹੱਦ ਅਸਪਸ਼ਟ ਸਥਿਤੀ ਹੁਣ ਤੋਂ ਬਾਅਦ ਸੁਧਰਨੀ ਸ਼ੁਰੂ ਹੋ ਜਾਵੇਗੀ ਅਤੇ 2020 ਦੌਰਾਨ ਵਿੱਤੀ ਹਾਲਤ ਸਿਹਤ ਸੇਵਾਵਾਂ, ਟਰਾਂਸਪੋਰਟ ਤੇ ਸਿਖਿਆ ਮਹਿਕਮਿਆਂ ਵਿਚ ਪੁਖ਼ਤਾ ਸੁਧਾਰ ਆਏਗਾ ਅਤੇ ਸੱਤਾਧਾਰੀ ਕਾਂਗਰਸ ਵਿਚ ਅਨੁਸ਼ਾਸਨ ਤੇ ਲੋਕ ਸੇਵਾ ਦੀ ਭਾਵਨਾ ਪਰਪੱਕ ਹੋਵੇਗੀ।
ਇਨ੍ਹਾਂ ਸਿਰਕੱਢ ਨੇਤਾਵਾਂ ਨੇ ਖਚਰਾ ਹਾਸਾ ਤੇ ਗੰਭੀਰ ਮੁਸਕਾਨ ਚਿਹਰੇ 'ਤੇ ਲਿਆ ਕੇ ਕਾਫ਼ੀ ਪ੍ਰੇਸ਼ਾਨੀ ਵੀ ਦੱਸੀ ਜਦੋਂ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਅਸੈਂਬਲੀ ਚੋਣਾਂ 2022 ਵਿਚ ਕਾਂਗਰਸ ਹਾਈਕਮਾਂਡ 'ਕਿਸ ਨੂੰ' ਲੋਕਾਂ ਸਾਹਮਣੇ ਪੇਸ਼ ਕਰੇਗੀ। ਇਸ ਵੇਲੇ ਇਸ ਉਚੇ ਅਹੁਦੇ ਲਈ ਮਨਪ੍ਰੀਤ ਬਾਦਲ, ਨਵਜੋਤ ਸਿੰਘ ਸਿੱਧੂ ਤੇ ਕਈ ਹੋਰ ਦਲਿਤ, ਜੱਟ ਚਿਹਰੇ, ਮੈਦਾਨ ਵਿਚ ਆਉਣ ਵਾਸਤੇ ਕਾਹਲੇ ਹਨ ਜਦੋਂ ਕਿ ਨੌਜਵਾਨ ਕਾਂਗਰਸੀ ਨੇਤਾ, ਰਾਹੁਲ ਤੇ ਪ੍ਰਿਯੰਕਾ ਨਾਲ ਨੇੜਤਾ ਦੀ ਦੁਹਾਈ ਦੇ ਰਹੇ ਹਨ।
ਗ਼ੈਰ ਕਾਂਗਰਸੀ ਸਿਆਸੀ ਮਾਹਰ, ਪੰਜਾਬ ਦੀ ਮੌਜੂਦਾ ਹਾਲਤ ਨੂੰ ਕੁਰਪਸ਼ਨ,ਟੈਕਸ ਚੋਰੀ, ਕਾਨੂੰਨ ਵਿਵਸਥਾ ਦੀ ਮਾੜੀ ਸਥਿਤੀ, ਹਸਪਤਾਲਾਂ ਤੇ ਵਿਦਿਅਕ ਸੰਸਥਾਵਾਂ ਦੇ ਫ਼ੇਲ੍ਹ ਹੋਣ, ਸਰਕਾਰੀ ਦਫ਼ਤਰਾਂ ਅਤੇ ਮਾਲ ਵਿਭਾਗ ਵਿਚ ਅੰਤਾਂ ਦੀ ਲੁੱਟ ਤੇ ਬੇਈਮਾਨੀ ਨੂੰ ਇਸ ਸਰਕਾਰ ਦੇ ਕੇਵਲ ਤਿੰਨ ਸਾਲਾਂ ਵਿਚ ਹੀ ਕੂਰ ਕੂਰ ਹੋਣ ਦਾ ਕਾਰਨ ਮੰਨਦੇ ਹਨ।
ਇਨ੍ਹਾਂ ਮਾਹਰਾਂ ਦਾ ਕਹਿਣਾ ਹੈ ਕਿ ਨੈਸ਼ਨਲ ਪੱਧਰ 'ਤੇ ਕਾਂਗਰਸ ਕੋਲ ਵਧੀਆ ਲੀਡਰ ਨਾ ਹੋਣ ਕਾਰਨ, ਪੰਜਾਬ ਵਿਚ ਵੀ ਦੁਬਾਰਾ ਸੱਤਾ ਵਿਚ ਆਉਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਤਾਂ ਸਪਸ਼ਟ ਹੀ ਕਹਿ ਦਿਤਾ ਕਿ ਨਵੇਂ ਬਣੇ ਟਕਸਾਲੀ ਅਕਾਲੀ ਨੇਤਾਵਾਂ ਕੋਲ ਨਾ ਤਾਂ ਕੋਈ ਸਿਧਾਂਤ ਹੈ, ਨਾ ਨਿਸ਼ਾਨਾ ਜਾਂ ਟੀਚਾ ਹੈ ਅਤੇ ਨਾ ਹੀ ਇਮਾਨਦਾਰੀ ਹੈ।
ਸ. ਮਾਨ ਦਾ ਕਹਿਣਾ ਹੈ ਕਿ ਅਕਾਲੀ ਦਲ ਬਾਦਲ ਤੋਂ ਵੱਖ ਹੋਏ ਇਹ ਸਾਰੇ ਨੇਤਾ, ਮੌਕਾਪ੍ਰਸਤ, ਜਾਇਦਾਦ ਬਣਾਉਣ ਵਾਲੇ, ਸ਼੍ਰੋਮਣੀ ਕਮੇਟੀ ਤੇ ਗੁਰਦਵਾਰਿਆਂ ਦਾ ਧੰਨ ਬਟੋਰਨ ਵਾਲੇ ਹਨ, ਇਨ੍ਹਾਂ ਨੂੰ ਤਾਂ ਕਿਸੇ ਨੇ ਵੋਟ ਵੀ ਨਹੀਂ ਪਾਉਣੀ ਅਤੇ ਨਾ ਹੀ ਦੁਆ ਸਲਾਮ ਕਰਨੀ ਹੈ। ਕੁੱਝ ਨਵੀਂ ਸੋਚ ਅਤੇ ਆਧੁਨਿਕ ਜੀਵਨ ਵਿਚ ਰੰਗੇ ਨੌਜਵਾਨ ਜਿਨ੍ਹਾਂ ਸਿਆਸਤ ਵਿਚ ਪੈਰ ਧਰਿਆ ਹੈ, ਦਾ ਪੰਜਾਬ ਬਾਰੇ ਕਹਿਣਾ ਹੈ ਕਿ ਆਉਂਦਾ ਸਮਾਂ, ਉਸ ਸਿਆਸੀ ਗੁੱਟ ਦਾ ਹੋਵੇਗਾ ਜੋ ਤੰਗ ਸੌੜੀ, ਧਾਰਮਕ ਤੇ ਨੈਤਿਕ ਹਾਲਤ ਤੋਂ ਲਾਂਭੇ ਜਾ ਕੇ ਲੋਕਾਂ ਦੇ ਮਸਲਿਆਂ ਦਾ ਹੱਲ ਕੱਢਣ ਯੋਗ ਹੋਵੇਗਾ।
ਇਸ ਵੇਲੇ ਵੱਡਾ ਮਸਲਾ ਬੇਰੁਜ਼ਗਾਰੀ, ਸਕੂਲੀ ਪੜ੍ਹਾਈ, ਸਿਹਤ ਸੇਵਾਵਾਂ, ਖੇਤੀਬਾੜੀ, ਕੰਮ ਧੰਦਾ ਯਾਨੀ ਦੁਕਾਨ, ਵਪਾਰ ਅਤੇ ਛੋਟੇ ਕਾਰੋਬਾਰ ਚਲਾਉਣ ਦਾ ਹੈ। ਇਸ ਸਰਹੱਦੀ ਸੂਬੇ ਵਿਚ ਗੁਆਂਢੀ ਮੁਲਕ ਤੋਂ ਨਸ਼ਿਆਂ ਦੇ ਪਸਾਰ ਨੇ, ਦਿਮਾਗ਼ੀ ਤੇ ਪੜ੍ਹੇ ਲਿਖੇ ਲੜਕੇ ਲੜਕੀਆਂ ਨੂੰ ਚੰਗੇ ਭਵਿੱਖ ਵਾਸਤੇ ਵਿਦੇਸ਼ਾਂ ਵਿਚ ਪ੍ਰਵਾਸ ਲਈ ਪ੍ਰੇਰਤ ਕੀਤਾ ਹੈ ਅਤੇ ਸਾਲਾਨਾ 65 ਤੋਂ 70 ਹਜ਼ਾਰ ਕਰੋੜ ਦੀ ਪੂੰਜੀ, ਫ਼ੀਸਾਂ ਦੇ ਰੂਪ ਵਿਚ ਬਾਹਰ ਜਾ ਰਹੀ ਹੈ।
ਗੰਧਲੀ ਸਿਆਸਤ ਤੋਂ ਉਪਰ ਉਠ ਕੇ ਨਵੇਂ ਨਿਵੇਕਲੇ, ਕਿਸੇ ਨਿਸ਼ਕਾਮ ਤੇ ਸੇਵਾ ਭਾਵਨਾ ਵਾਲੀ ਪਾਰਟੀ ਦੇ ਲੀਡਰ ਹੀ 2022 ਵਿਚ ਇਮਾਨਦਾਰੀ ਦੀ ਜੋਤ ਜਗਾ ਸਕਦੇ ਹਨ, ਨਹੀਂ ਤਾਂ ਤ੍ਰਿਸ਼ੰਕੂ ਅਸੈਂਬਲੀ ਵਿਚ ਬੀਜੇਪੀ ਅਕਾਲੀ ਗੁੱਟ ਹੀ ਰੌਲਾ ਪਾਈ ਜਾਇਆ ਕਰੇਗਾ।