ਪੰਜਾਬ ਵਿਧਾਨ ਸਭਾ ਚੋਣਾਂ 2022 : ਇਹ ਸਿਆਸੀ ਲੀਡਰ ਖ਼ੁਦ ਨੂੰ ਹੀ ਨਹੀਂ ਪਾ ਸਕਣਗੇ 'ਵੋਟ'
CM ਉਮੀਦਵਾਰਾਂ ਸਮੇਤ ਸਪੀਕਰ ਅਤੇ ਡਿਪਟੀ CM ਵੀ ਇਸ ਸੂਚੀ ’ਚ ਸ਼ਾਮਲ
ਚੰਡੀਗੜ੍ਹ : ਸੂਬੇ ਦੀਆਂ ਵਿਧਾਨ ਸਭ ਚੋਣਾਂ ਦੇ ਮੱਦੇਨਜ਼ਰ ਹਰ ਪਾਰਟੀ ਵਲੋਂ ਇੱਕ ਇੱਕ ਵੋਟ ਇਕਠੀ ਕਰਨ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ ਪਰ ਕੁਝ ਅਜਿਹੇ ਸਿਆਸੀ ਆਗੂ ਹਨ ਜੋ ਖ਼ੁਦ ਨੂੰ ਵੋਟ ਨਹੀਂ ਪਾ ਸਕਣਗੇ। ਇਨ੍ਹਾਂ ਵਿਚ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ, ਸਪੀਕਰ, ਡਿਪਟੀ ਮੁੱਖ ਮੰਤਰੀ, ਕੈਬਨਿਟ ਮੰਤਰੀਆਂ ਸਣ੍ਹੇ ਕਈ ਹੋਰ ਕੱਦਾਵਾਰ ਨੇਤਾ ਆਉਂਦੇ ਹਨ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ :
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 2 ਹਲਕਿਆਂ ਸ੍ਰੀ ਚਮਕੌਰ ਸਾਹਿਬ ਅਤੇ ਭਦੌੜ ਤੋਂ ਚੋਣ ਲੜ ਰਹੇ ਹਨ ਪਰ ਉਨ੍ਹਾਂ ਦੀ ਵੋਟ ਇਨ੍ਹਾਂ ’ਚੋਂ ਕਿਤੇ ਵੀ ਨਹੀਂ ਹੈ। ਦਰਅਸਲ ਉਨ੍ਹਾਂ ਦੀ ਵੋਟ ਖਰੜ ਵਿਧਾਨ ਸਭਾ ਹਲਕੇ ’ਚ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੋਣ ਤਾਂ ਜਲਾਲਾਬਾਦ ਤੋਂ ਲੜ ਰਹੇ ਹਨ, ਪਰ ਉਨ੍ਹਾਂ ਦੀ ਵੋਟ ਲੰਬੀ ਹਲਕੇ ’ਚ ਹੈ। ਆਮ ਆਦਮੀ ਪਾਰਟੀ ਤੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਦੀ ਵੋਟ ਮੁਹਾਲੀ ਵਿਚ ਹੈ ਅਤੇ ਉਹ ਧੂਰੀ ਤੋਂ ਚੋਣ ਮੈਦਾਨ ਵਿਚ ਹਨ।
ਦੱਸਣਯੋਗ ਹੈ ਕਿ ਭਗਵੰਤ ਮਾਨ ਪਹਿਲੀ ਵਾਰ ਵਿਧਾਨ ਸਭਾ ਚੋਣ ਲੜ ਰਹੇ ਹਨ, ਜਦੋਂ ਕਿ ਸੁਖਬੀਰ ਬਾਦਲ ਜਲਾਲਾਬਾਦ ਤੋਂ ਵਿਧਾਇਕ ਰਹਿ ਚੁੱਕੇ ਹਨ। ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਹੁਣ ਤੱਕ ਸ੍ਰੀ ਚਮਕੌਰ ਸਾਹਿਬ ਤੋਂ ਹੀ ਚੋਣ ਲੜਦੇ ਆਏ ਹਨ ਅਤੇ ਇਸ ਵਾਰ ਦੂਜੀ ਸੀਟ ਭਦੌੜ ਤੋਂ ਪਹਿਲੀ ਵਾਰ ਚੋਣ ਲੜ ਰਹੇ ਹਨ।
ਇਨ੍ਹਾਂ ਵਿਚ ਭਗਵੰਤ ਮਾਨ ਅਤੇ ਸੁਖਬੀਰ ਸਿੰਘ ਬਾਦਲ ਦੋਵੇਂ ਹੀ ਸੰਸਦ ਮੈਂਬਰ ਹਨ ਅਤੇ ਦੋਵੇਂ ਹੀ ਇਸ ਵਾਰ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਤੌਰ ’ਤੇ ਚੋਣ ਮੈਦਾਨ ਵਿਚ ਉਤਰੇ ਹਨ। ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਲੋਕ ਸਭਾ ਅਤੇ ਭਗਵੰਤ ਮਾਨ ਸੰਗਰੂਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਹਨ। ਉਥੇ ਹੀ 111 ਦਿਨ ਮੁੱਖ ਮੰਤਰੀ ਰਹੇ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਨੇ ਇਸ ਵਾਰ ਫੁਲ ਟਾਈਮ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਹੈ।
ਸਪੀਕਰ ਅਤੇ ਡਿਪਟੀ CM ਸਮੇਤ ਇਨ੍ਹਾਂ ਮੰਤਰੀਆਂ ਦੀ ਵੋਟ ਹਲਕੇ ਤੋਂ ਹੈ ਬਾਹਰ
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਇਸ ਵਾਰ ਵੀ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜ ਰਹੇ ਹਨ ਪਰ ਉਨ੍ਹਾਂ ਦੀ ਵੋਟ ਰੋਪੜ ਹਲਕੇ ਵਿਚ ਹੈ। ਉਪ ਮੁੱਖ ਮੰਤਰੀ ਓ. ਪੀ. ਸੋਨੀ ਦੀ ਵੋਟ ਹੈ ਅੰਮ੍ਰਿਤਸਰ ਪੱਛਮੀ ਹਲਕੇ ਵਿਚ ਅਤੇ ਉਹ ਕਾਂਗਰਸ ਦੇ ਉਮੀਦਵਾਰ ਹਨ ਅੰਮ੍ਰਿਤਸਰ ਸੈਂਟਰਲ ਤੋਂ।
ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਵੋਟ ਲੰਬੀ ਹਲਕੇ ’ਚ ਹੈ ਅਤੇ ਉਹ ਬਠਿੰਡਾ ਸ਼ਹਿਰੀ ਤੋਂ ਚੋਣ ਲੜ ਰਹੇ ਹਨ। ਅਮਰਿੰਦਰ ਸਿੰਘ ਰਾਜਾ ਵੜਿੰਗ ਗਿੱਦੜਬਾਹਾ ਤੋਂ ਉਮੀਦਵਾਰ ਹਨ ਅਤੇ ਉਨ੍ਹਾਂ ਦੀ ਵੋਟ ਸ੍ਰੀ ਮੁਕਤਸਰ ਸਾਹਿਬ ’ਚ ਹੈ। ਤ੍ਰਿਪਤ ਰਜਿੰਦਰ ਬਾਜਵਾ ਦੀ ਵੋਟ ਕਾਦੀਆਂ ’ਚ ਹੈ ਅਤੇ ਉਹ ਫਤਹਿਗੜ੍ਹ ਚੂੜੀਆਂ ਤੋਂ ਉਮੀਦਵਾਰ ਹਨ। ਕਾਕਾ ਰਣਦੀਪ ਸਿੰਘ ਦੀ ਵੋਟ ਨਾਭਾ ਵਿਚ ਹੈ, ਜਦੋਂ ਕਿ ਉਹ ਅਮਲੋਹ ਤੋਂ ਉਮੀਦਵਾਰ ਹਨ।
ਗੁਰਕੀਰਤ ਸਿੰਘ ਕੋਟਲੀ ਦੀ ਵੋਟ ਪਾਇਲ ਵਿਚ ਹੈ ਅਤੇ ਉਹ ਖੰਨਾ ਤੋਂ ਉਮੀਦਵਾਰ ਹਨ। ਸੰਗਤ ਸਿੰਘ ਗਿਲਜੀਆਂ ਦੀ ਵੋਟ ਦਸੂਹਾ ’ਚ ਹੈ ਅਤੇ ਉਹ ਉੜਮੁੜ ਤੋਂ ਮੈਦਾਨ ਵਿਚ ਹਨ। ਸੁਖਬਿੰਦਰ ਸਿੰਘ ਸਰਕਾਰੀਆ ਦੀ ਵੋਟ ਅਟਾਰੀ ਵਿਚ ਹੈ, ਜਦੋਂ ਕਿ ਉਹ ਰਾਜਾਸਾਂਸੀ ਹਲਕੇ ਤੋਂ ਉਮੀਦਵਾਰ ਹਨ।
ਹੌਟ ਸੀਟ ਅੰਮ੍ਰਿਤਸਰ ਪੂਰਬੀ ਦੇ ਦਿੱਗਜ਼ ਨਹੀਂ ਪਾ ਸਕਣਗੇ ਖ਼ੁਦ ਨੂੰ ਵੋਟ
ਪੰਜਾਬ ਵਿਚ ਸਭ ਤੋਂ ਹੌਟ ਸੀਟ ਅੰਮ੍ਰਿਤਸਰ ਪੂਰਬੀ ਕਹੀ ਜਾ ਰਹੀ ਹੈ, ਜਿਸ ’ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹਨ। ਦਰਅਸਲ ਇਸ ਸੀਟ ’ਤੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਚੁਣੌਤੀ ਦੇਣ ਪੁੱਜੇ ਹਨ।
ਨਵਜੋਤ ਸਿੰਘ ਸਿੱਧੂ ਦੀ ਵੋਟ ਅੰਮ੍ਰਿਤਸਰ ਪੱਛਮੀ ਹਲਕੇ ਵਿਚ ਹੈ, ਜਦੋਂ ਕਿ ਬਿਕਰਮ ਮਜੀਠੀਆ ਦੀ ਮਜੀਠਾ ਹਲਕੇ ਵਿਚ।
ਇਸ ਸੀਟ ’ਤੇ ਭਾਜਪਾ ਉਮੀਦਵਾਰ ਸਾਬਕਾ ਆਈ. ਏ. ਐੱਸ. ਜਗਮੋਹਨ ਸਿੰਘ ਰਾਜੂ ਦੀ ਵੋਟ ਪਟਿਆਲਾ ਦਿਹਾਤੀ ਹਲਕੇ ਵਿਚ ਜਦੋਂ ਕਿ ਆਮ ਆਦਮੀ ਪਾਰਟੀ ਦੀ ਜੀਵਨ ਜੋਤ ਕੌਰ ਦੀ ਵੋਟ ਅੰਮ੍ਰਿਤਸਰ ਉਤਰੀ ਹਲਕੇ ਵਿਚ ਹੈ।
ਚੋਣ ਮੈਦਾਨ ਵਿਚ ਉਤਰੇ ਕਈ ਹੋਰ ਕੱਦਾਵਾਰ ਉਮੀਦਵਾਰ ਦੂਸਰਿਆਂ ਨੂੰ ਪਾਉਣਗੇ ਵੋਟ
ਵੱਖ-ਵੱਖ ਪਾਰਟੀਆਂ ਦੇ ਕਈ ਹੋਰ ਪ੍ਰਮੁੱਖ ਉਮੀਦਵਾਰ ਅਜਿਹੇ ਹਨ, ਜਿਨ੍ਹਾਂ ਦੀ ਵੋਟ ਆਪਣੇ ਹਲਕੇ ਤੋਂ ਬਾਹਰ ਹੋਣ ਕਾਰਨ ਉਹ ਦੂਸਰਿਆਂ ਨੂੰ ਤਾਂ ਵੋਟ ਪਾ ਸਕਣਗੇ, ਪਰ ਖ਼ੁਦ ਨੂੰ ਨਹੀਂ। ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਵੋਟ ਅਮਲੋਹ ਵਿਚ ਹੈ, ਜਦੋਂ ਕਿ ਉਮੀਦਵਾਰ ਉਹ ਨਾਭਾ ਤੋਂ ਹਨ।
ਫਗਵਾੜਾ ਸੀਟ ’ਤੇ ਭਾਜਪਾ ਉਮੀਦਵਾਰ ਵਿਜੇ ਸਾਂਪਲਾ ਦੀ ਵੋਟ ਹੁਸ਼ਿਆਰਪੁਰ ਵਿਚ ਹੈ, ਜਦੋਂ ਕਿ ਇਸ ਸੀਟ ਤੋਂ ਬਸਪਾ ਪ੍ਰਮੁੱਖ ਜਸਵੀਰ ਸਿੰਘ ਗੜ੍ਹੀ ਦੀ ਵੋਟ ਬਲਾਚੌਰ ਵਿਚ ਹੈ।
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਵੋਟ ਰਾਜਪੁਰਾ ਵਿਚ ਹੈ ਅਤੇ ਘਨੌਰ ਹਲਕੇ ਤੋਂ ਅਕਾਲੀ ਉਮੀਦਵਾਰ ਹਨ। ਇਸ ਤਰ੍ਹਾਂ ਹੀ ਉਨ੍ਹਾਂ ਦੇ ਬੇਟੇ ਹਰਿੰਦਰ ਪਾਲ ਸਿੰਘ ਚੰਦੂਮਾਜਰਾ ਦੀ ਵੋਟ ਵੀ ਰਾਜਪੁਰਾ ਵਿਚ ਹੀ ਹੈ ਜਦਕਿ ਉਹ ਨਾਲ ਲੱਗਦੇ ਸਨੌਰ ਤੋਂ ਚੋਣ ਮੈਦਾਨ ਵਿਚ ਹਨ। ਲਾਲ ਸਿੰਘ ਦੇ ਬੇਟੇ ਰਜਿੰਦਰ ਸਿੰਘ ਦੀ ਵੋਟ ਸਨੌਰ ਵਿਚ ਹੈ ਅਤੇ ਉਹ ਸਮਾਣਾ ਤੋਂ ਚੋਣ ਲੜ ਰਹੇ ਹਨ।
ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਫਿਰੋਜ਼ਪੁਰ ਤੋਂ ਭਾਜਪਾ ਉਮੀਦਵਾਰ ਹਨ, ਜਦੋਂ ਕਿ ਵੋਟ ਉਨ੍ਹਾਂ ਦੀ ਗੁਰੂ ਹਰਸਹਾਏ ਵਿਚ ਹੈ। ਕਾਂਗਰਸ ਦੇ ਦਵਿੰਦਰ ਸਿੰਘ ਘੁਬਾਇਆ ਦੀ ਵੋਟ ਜਲਾਲਾਬਾਦ ਵਿਚ ਹੈ ਅਤੇ ਉਹ ਫਾਜ਼ਿਲਕਾ ਤੋਂ ਚੋਣ ਲੜ ਰਹੇ ਹਨ। ਭਾਜਪਾ ਟਿਕਟ ’ਤੇ ਬਟਾਲਾ ਤੋਂ ਚੋਣ ਲੜ ਰਹੇ ਫ਼ਤਹਿ ਜੰਗ ਸਿੰਘ ਬਾਜਵਾ ਦੀ ਵੋਟ ਕਾਦੀਆਂ ਵਿਚ ਹੈ।
ਬੈਂਸ ਭਰਾਵਾਂ ਵਿਚ ਸਿਮਰਜੀਤ ਸਿੰਘ ਬੈਂਸ ਦੀ ਵੋਟ ਲੁਧਿਆਣਾ ਦੱਖਣੀ ਵਿਚ ਹੈ, ਜਦੋਂ ਕਿ ਉਹ ਆਤਮ ਨਗਰ ਤੋਂ ਉਮੀਦਵਾਰ ਹਨ। ਇਸ ਤਰ੍ਹਾਂ ਹੀ ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਅਮਿਤ ਰਤਨ ਕੋਟਫੱਤਾ, ਕਾਂਗਰਸ ਦੇ ਉਮੀਦਵਾਰ ਹਰਵਿੰਦਰ ਲਾਡੀ, ਅਕਾਲੀ ਦਲ ਦੇ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਵੀ ਆਪਣੀ ਵੋਟ ਖ਼ੁਦ ਨੂੰ ਨਹੀਂ ਪਾ ਸਕਣਗੇ।