ਮਲੋਟ 'ਚ ਫ਼ੌਜ ਨੇ ਸੰਭਾਲੀ ਕਮਾਂਡ, ਸ਼ਹਿਰ 'ਚ ਫ਼ਲੈਗ ਮਾਰਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੌਦਾ ਸਾਧ ਨੂੰ ਸਾਧਵੀ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿਤੇ ਜਾਣ ਦੇ ਸੀਬੀਆਈ ਅਦਾਲਤ ਵਲੋਂ ਸੁਣਾਏ ਗਏ ਫ਼ੈਸਲੇ ਤੋਂ ਬਾਅਦ ਭੜਕੇ ਹੋਏ ਡੇਰਾ ਪ੍ਰੇਮੀਆਂ..

Malout

ਮਲੋਟ, 26 ਅਗੱਸਤ (ਹਰਦੀਪ ਸਿੰਘ ਖਾਲਸਾ) : ਸੌਦਾ ਸਾਧ ਨੂੰ ਸਾਧਵੀ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿਤੇ ਜਾਣ ਦੇ ਸੀਬੀਆਈ ਅਦਾਲਤ ਵਲੋਂ ਸੁਣਾਏ ਗਏ ਫ਼ੈਸਲੇ ਤੋਂ ਬਾਅਦ ਭੜਕੇ ਹੋਏ ਡੇਰਾ ਪ੍ਰੇਮੀਆਂ ਵਲੋਂ ਮਲੋਟ ਰੇਲਵੇ ਸਟੇਸ਼ਨ ਸਣੇ ਪਟਰੌਲ ਪੰਪ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਵਾਰਦਾਤਾਂ ਤੋਂ ਬਾਅਦ ਬੀਤੀ ਸ਼ਾਮ ਤੋਂ ਮਲੋਟ ਉਪਮੰਡਲ ਵਿਚ ਵਿਗੜੇ ਹਾਲਾਤ ਪਰ ਹੁਣ ਕਾਬੂ ਹੇਠ ਹਨ, ਹੁਣ ਤਕ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਪੁਲਿਸ ਦੇ ਨਾਲ ਅੱਜ ਫ਼ੌਜ ਦੀ ਇਕ ਟੁਕੜੀ ਨੇ ਇਲਾਕੇ ਵਿਚ ਸ਼ਾਂਤੀ ਬਹਾਲੀ ਲਈ ਫ਼ਲੈਗ ਮਾਰਚ ਕੀਤਾ।
ਮਲੋਟ ਸ਼ਹਿਰ ਦੀਆਂ ਦੁਕਾਨਾਂ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ। ਪ੍ਰਸਾਸ਼ਨ ਵਲੋਂ ਕਰਫ਼ੀਊ ਲਾਏ ਜਾਣ ਦੀਆਂ ਅਫ਼ਵਾਹਾਂ ਦੇ ਚਲਦਿਆਂ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਦੁਕਾਨਾਂ, ਬਜ਼ਾਰ ਆਦਿ ਬੰਦ ਰਹੇ ਸ਼ਹਿਰ ਦੇ ਗਲੀਆਂ ਬਜ਼ਾਰਾਂ ਵਿਚ ਪੁਲਿਸ ਦੀਆਂ ਗਸ਼ਤ ਕਰਦੀਆਂ ਗੱਡੀਆਂ ਤੇ ਧਾਰਾ 144 ਲੱਗੇ ਹੋਣ ਦੀ ਸੂਚਨਾ ਦੇ ਕੇ ਲੋਕਾਂ ਨੂੰ ਇਕੱਠੇ ਹੋਣ ਤੋਂ ਵਰਜ਼ਿਆ ਜਾ ਰਿਹਾ ਸੀ। ਸ਼ਹਿਰ ਵਿਚੋਂ ਲੰਘਦੀ ਜ਼ਰਨੈਲੀ ਸੜਕ ਵੀ ਸੁੰਨਸਾਨ ਸੀ ਅਤੇ ਇਲਾਕੇ ਵਿਚ ਅਣਐਲਾਨਿਆ ਕਰਫਿਊ ਲਾਗੂ ਸੀ। ਪਿੰਡਾਂ ਵਿਚੋਂ ਆਉਣ ਵਾਲੇ ਦੋਧੀਆਂ, ਸਬਜ਼ੀ ਵਿਰਕੇਤਾਵਾਂ ਅਤੇ ਸ਼ਹਿਰ ਵਿਚ ਖਾਣ ਪੀਣ ਵਾਲੀਆਂ ਵਸਤਾਂ ਅਤੇ ਮੈਡੀਕਲ ਸਟੋਰ ਵੀ ਬੰਦ ਪਏ ਸਨ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ।
ਉਧਰ ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ ਨੇ ਪ੍ਰੈਸ ਕਾਨਫ਼ਰੰਸ ਕਰ ਕੇ ਜਾਣਕਾਰੀ ਦਿਤੀ ਕਿ ਇਲਾਕੇ ਵਿਚ ਸਾਂਤੀ ਬਰਕਰਾਰ ਰੱਖਣ ਲਈ ਫੋਜ਼ ਦੀ ਇਕ ਕੰਪਨੀ ਵੀ ਸਿਵਲ ਪ੍ਰਸਾਸ਼ਨ ਨਾਲ ਸ਼ਾਮਲ ਹੋ ਗਈ ਹੈ। ਉਨ੍ਹਾਂ ਦਸਿਆ ਕਿ ਮਲੋਟ ਸ਼ਹਿਰ ਵਿਚ ਬੀਤੀ ਰਾਤ 8 ਵਜੇ ਤੋਂ ਸਵੇਰੇ 6 ਵਜੇ ਤਕ ਇਤਿਆਦ ਵਜੋਂ ਕਰਫਿਊ ਲਗਾਇਆ ਗਿਆ ਸੀ। ਅੱਜ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਸਹਾਇਕ ਕਮਿਸ਼ਨਰ ਜਨਰਲ ਗੋਪਾਲ ਸਿੰਘ ਦੀ ਅਗਵਾਈ ਵਿਚ ਸੁਰੱਖਿਆ ਬਲਾਂ ਵੱਲੋਂ ਸ਼ਹਿਰ 'ਚ ਫਲੈਗ ਮਾਰਚ ਕੀਤਾ ਗਿਆ ਜਿਸ ਵਿਚ ਫੌਜ ਦੇ ਨਾਲ ਪੰਜਾਬ ਪੁਲਿਸ ਦੇ ਜਵਾਨਾਂ ਨੇ ਵੀ ਸ਼ਿਰਕਤ ਕੀਤੀ ਹੈ। ਇਸ ਦੌਰਾਨ ਸ਼ਹਿਰ ਦੇ ਵੱਖ ਵੱਖ ਬਜਾਰਾਂ ਵਿਚ ਜਵਾਨਾਂ ਨੇ ਗਸਤ ਕੀਤੀ।