ਕਾਂਗਰਸ ਦੀ ਛਪਾਰ ਕਾਨਫ਼ਰੰਸ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ 'ਤੇ ਮੋਹਰ ਲਗਾਵੇਗੀ: ਭੈਣੀ/ਲਾਪਰਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸ ਪਾਰਟੀ ਵਲੋਂ ਮੇਲਾ ਛਪਾਰ 'ਤੇ ਕੀਤੀ ਜਾਣ ਵਾਲੀ ਕਾਨਫ਼ਰੰਸ ਵਿਚ ਹੋਣ ਵਾਲਾ ਇਤਿਹਾਸਕ ਇਕੱਠ ਵਿਰੋਧੀਆਂ ਨੂੰ ਸੋਚਣ ਲਈ ਮਜ਼ਬੂਰ ਕਰ ਦੇਵੇਗਾ ਜਦਕਿ ਇਸ ਕਾਨਫ਼ਰੰਸ

Gurdev Singh Lapran

ਡੇਹਲੋਂ/ਆਲਮਗੀਰ, 26 ਅਗੱਸਤ (ਹਰਜਿੰਦਰ ਸਿੰਘ ਗਰੇਵਾਲ): ਕਾਂਗਰਸ ਪਾਰਟੀ ਵਲੋਂ ਮੇਲਾ ਛਪਾਰ 'ਤੇ ਕੀਤੀ ਜਾਣ ਵਾਲੀ ਕਾਨਫ਼ਰੰਸ ਵਿਚ ਹੋਣ ਵਾਲਾ ਇਤਿਹਾਸਕ ਇਕੱਠ ਵਿਰੋਧੀਆਂ ਨੂੰ ਸੋਚਣ ਲਈ ਮਜ਼ਬੂਰ ਕਰ ਦੇਵੇਗਾ ਜਦਕਿ ਇਸ ਕਾਨਫ਼ਰੰਸ ਦਾ ਇਕੱਠ ਕੈਪਟਨ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ 'ਤੇ ਮੋਹਰ ਲਗਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਲੁਧਿਆਣਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ ਅਤੇ ਹਲਕਾ ਦਾਖਾ ਦੇ ਇੰਚਾਰਜ ਮੇਜਰ ਸਿੰਘ ਭੈਣੀ ਨੇ ਕੀਤਾ।
ਉਨ੍ਹਾਂ ਕਿਹਾ ਕਿ ਛਪਾਰ ਕਾਨਫ਼ਰੰਸ ਲਈ ਜਿਥੇ ਕਾਂਗਰਸੀ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਉਥੇ ਹੀ ਲੋਕਾਂ ਵਿਚ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਆਮਦ ਨੂੰ ਲੈ ਕੇ ਬਹੁਤ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਨੂੰ ਲੁੱਟ ਕੇ ਕੰਗਾਲ ਕਰ ਦਿਤਾ ਸੀ ਉਹੀ ਪੰਜਾਬ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਤਰੱਕੀ ਦੀਆਂ ਰਾਹਾਂ ਵਲ ਤੁਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੁਣ ਤਕ ਕੀਤੇ ਗਏ ਲੋਕ ਪੱਖੀ ਕੰਮਾਂ ਦਾ ਨਤੀਜਾ ਕਾਂਗਰਸ ਪਾਰਟੀ ਦੀ ਮੇਲਾ ਛਪਾਰ 'ਤੇ ਕੀਤੀ ਜਾਣ ਵਾਲੀ ਕਾਨਫ਼ਰੰਸ ਦੇ ਠਾਠਾਂ ਮਾਰਦੇ ਇਕੱਠ ਤੋਂ ਸਾਹਮਣੇ ਆ ਜਾਵੇਗਾ। ਉਨ੍ਹਾਂ ਕਿਹਾ ਕਿ ਛਪਾਰ ਕਾਨਫ਼ਰੰਸ ਵਿਚ ਕਾਂਗਰਸੀ ਆਗੂ ਜਿਥੇ ਅਪਣੀ ਪਾਰਟੀ ਦੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਲੋਕਾਂ ਸਾਹਮਣੇ ਰੱਖਣਗੇ ਉਥੇ ਹੀ ਵਿਰੋਧੀਆਂ ਵਲੋਂ ਸਰਕਾਰ ਦੇ ਕੀਤੇ ਜਾ ਰਹੇ ਲੋਕ ਪੱਖੀ ਕਾਰਜਾਂ ਨੂੰ ਲੋਕਾਂ ਸਾਹਮਣੇ ਕੀਤੇ ਜਾ ਰਹੇ ਗ਼ਲਤ ਪ੍ਰਚਾਰ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਉਨ੍ਹਾਂ ਦਸਿਆ ਕਿ ਇਸ ਵਾਰ ਕਾਨਫ਼ਰੰਸ ਲਈ ਬਹੁਤ ਹੀ ਵਧੀਆ ਜਗਾ ਚੁਣੀ ਗਈ ਹੈ ਤਾਂ ਜੋ ਕਾਨਫ਼ਰੰਸ ਵਿਚ ਪਹੁੰਚਣ ਵਾਲੇ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾਂ ਕਰਨਾ ਪਏ ਜਦਕਿ ਕਾਨਫ਼ਰੰਸ ਵਿਚ ਲੋਕਾਂ ਦੇ ਬੈਠਣ ਲਈ ਵੀ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਉਹ ਠੀਕ ਢੰਗ ਨਾਲ ਬੈਠ ਕੇ ਅਪਣੇ ਮਹਿਬੂਬ ਨੇਤਾਵਾਂ ਦੇ ਵਿਚਾਰ ਸੁਣ ਸਕਣ।