30 ਮੌਤਾਂ ਤੇ ਕਰੋੜਾਂ ਦੇ ਨੁਕਸਾਨ ਲਈ ਖੱਟਰ ਤੇ ਡੀ ਜੀ ਪੀ ਹਰਿਆਣਾ ਜ਼ੁੰਮੇਵਾਰ : ਸਿਰਸਾ
ਲੋਕ ਭਲਾਈ ਇਨਸਾਫ਼ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਅੱਜ ਇਥੇ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ.....
ਅੰਮ੍ਰਿਤਸਰ, 27 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ) : ਲੋਕ ਭਲਾਈ ਇਨਸਾਫ਼ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਅੱਜ ਇਥੇ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ 20 ਅਗੱਸਤ ਨੂੰ ਭਾਰਤ ਦੇ ਚੀਫ਼ ਜਸਟਿਸ ਨੂੰ ਪੱਤਰ ਲਿਖ ਕੇ ਸੌਦਾ ਸਾਧ ਦੀਆਂ ਹਿੰਸਕ ਸਰਗਰਮੀਆਂ ਬਾਰੇ ਲਿਖਿਆ ਸੀ ਤੇ ਇਸ ਦੇ ਉਤਾਰੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ, ਪੰਜਾਬ ਤੇ ਹਰਿਆਣਾ ਹਾਈ ਕੋਰਟ ਅਤੇ ਪੰਜਾਬ-ਹਰਿਆਣਾ, ਯੂ.ਪੀ, ਰਾਜਸਥਾਨ ਸੂਬਿਆਂ ਦੇ ਮੁੱਖ ਮੰਤਰੀ ਨੂੰ ਭੇਜੇ ਸਨ।
ਸ. ਸਿਰਸਾ ਨੇ ਦੋਸ਼ ਲਾਇਆ ਕਿ 30 ਮੌਤਾਂ ਅਤੇ ਕਰੋੜਾਂ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਡੀ ਜੀ ਪੀ ਜ਼ੁੰਮੇਵਾਰ ਹਨ ਜੋ ਪੁਖ਼ਤਾ ਪ੍ਰਬੰਧ ਤੇ ਫ਼ੈਸਲਾ ਕਰਨ 'ਚ ਅਸਫ਼ਲ ਰਹੇ। ਸਿਰਸਾ ਨੇ ਮੰਗ ਕੀਤੀ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਡੀ ਜੀ ਪੀ ਨੂੰ ਤੁਰਤ ਚਲਦਾ ਕੀਤਾ ਜਾਵੇ। ਸਿਰਸਾ ਮੁਤਾਬਕ ਡੇਰਾ ਸਿਰਸਾ 'ਚ ਲੋਕਾਂ ਨੂੰ ਸਾਬਕਾ ਫ਼ੌਜੀਆਂ ਰਾਹੀਂ ਹਥਿਆਰਾਂ ਦੀ ਸਿਖਲਾਈ ਦਿਤੀ ਜਾਂਦੀ ਰਹੀ ਹੈ। ਪਰ ਵਿਚਾਰ ਕਰਨ ਵਾਲਾ ਬਹੁਤ ਗੰਭੀਰ ਮਸਲਾ ਹੈ ਕਿ ਇਸ ਡੇਰਾ ਮੁਖੀ ਦੇ ਪੈਰੋਕਾਰਾਂ ਵਲੋਂ ਹਥਿਆਰਾਂ ਦੀ ਸਿਖਲਾਈ ਕਿਸ ਮਨੋਰਥ ਸਾਹਮਣੇ ਰੱਖ ਕੇ ਦਿਤੀ ਗਈ? ਕੀ ਇਨ੍ਹਾਂ ਲੋਕਾਂ ਨੇ ਪਾਕਿਸਤਾਨ ਆਦਿ ਨਾਲ ਸਰਹੱਦਾਂ ਤੇ ਜੰਗ ਲੜਨੀ ਸੀ? ਇਸ 'ਤੇ ਹਰਿਆਣਾ ਪੁਲਿਸ ਜਾਂ ਵੱਖ-ਵੱਖ ਏਜੰਸੀਆਂ ਕੋਈ ਕਾਰਵਾਈ ਕਰਨ ਦੀ ਥਾਂ ਚੁੱਪ ਕਿਉਂ ਰਹੀਆਂ? ਸ. ਸਿਰਸਾ ਅਨੁਸਾਰ ਉਨ੍ਹਾਂ ਪੱਤਰ 'ਚ ਲਿਖਿਆ ਸੀ ਕਿ ਸੌਦਾ ਸਾਧ ਦੇ ਚੇਲਿਆਂ ਦੀ ਭੀੜ ਇਕੱਠੀ ਨਾ ਹੋਣ ਦਿਤੀ ਜਾਵੇ।
ਇਸ ਸਬੰਧੀ ਚਰਚਾ ਸੀ ਕਿ ਉਸ ਦੇ ਚੇਲੇ ਹਥਿਆਰਾਂ, ਪਟਰੌਲ ਤੇ ਡਾਂਗਾਂ ਸੋਟੇ ਲੈ ਕੇ ਪੁੱਜਣਗੇ ਤੇ ਅਜਿਹੀ ਸਥਿਤੀ ਵਿਚ ਹਰਿਆਣਾ ਦੇ ਮੁੱਖ ਮੰਤਰੀ ਸਮੇਂ ਸਿਰ ਕੋਈ ਵੀ ਕਾਰਵਾਈ ਨਹੀਂ ਕਰ ਸਕਣਗੇ ਜਿਸ ਤਰ੍ਹਾਂ ਪਹਿਲਾਂ ਹੋ ਚੁੱਕਿਆ ਹੈ। ਸ. ਸਿਰਸਾ ਦਾ ਦੋਸ਼ ਹੈ ਕਿ ਸਿਆਸੀ ਪਾਰਟੀਆਂ ਦੇ ਆਗੂ ਚੋਣਾਂ ਸਮੇਂ ਸੌਦਾ ਸਾਧ ਕੋਲ ਜਾਂਦੇ ਰਹੇ ਹਨ।