ਅੰਮ੍ਰਿਤਧਾਰੀ ਬੀਬੀਆਂ ਨੂੰ ਗੁਰਦਵਾਰੇ ਦੇ ਪ੍ਰਬੰਧ ਦਾ ਅਧਿਕਾਰ ਦੇਣਾ ਬਣਿਆ ਚੋਣ ਮੁੱਦਾ
ਖ ਬੀਬੀਆਂ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਕਰਨ ਦਾ ਹੱਕ ਦੇਣ ਦੀਆਂ ਆਏ ਦਿਨ ਉਠ ਰਹੀਆਂ ਆਵਾਜ਼ਾਂ ਦੌਰਾਨ ਸਿੱਖ ਬੀਬੀਆਂ ਲਈ ਇਕ ਬਹੁਤ ਸੁਖਾਵੀ ਖ਼ਬਰ ਸਾਹਮਣੇ ਆਈ ਹੈ।
ਨਵੀਂ ਦਿੱਲੀ, 26 ਅਗੱਸਤ (ਸੁਖਰਾਜ ਸਿੰਘ): ਸਿੱਖ ਬੀਬੀਆਂ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਕਰਨ ਦਾ ਹੱਕ ਦੇਣ ਦੀਆਂ ਆਏ ਦਿਨ ਉਠ ਰਹੀਆਂ ਆਵਾਜ਼ਾਂ ਦੌਰਾਨ ਸਿੱਖ ਬੀਬੀਆਂ ਲਈ ਇਕ ਬਹੁਤ ਸੁਖਾਵੀ ਖ਼ਬਰ ਸਾਹਮਣੇ ਆਈ ਹੈ। ਇਥੇ ਦੇ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਮੋਤੀ ਨਗਰ ਦੇ ਪ੍ਰਧਾਨਗੀ ਅਹੁਦੇ ਲਈ ਅਜ 27 ਅਗੱਸਤ ਨੂੰ ਹੋਣ ਜਾ ਰਹੀਆਂ ਚੋਣਾਂ 'ਚ ਅੰਮ੍ਰਿਤਧਾਰੀ ਬੀਬੀਆਂ ਨੂੰ ਪ੍ਰਬੰਧ ਦਾ ਅਧਿਕਾਰ ਦੇਣਾ ਚੋਣ ਦਾ ਮੁੱਖ ਮੁੱਦਾ ਭੱਖ ਕੇ ਸਿਖਰਾਂ ਤੱਕ ਪੁੱਜਦਾ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਚੋਣ ਮੈਦਾਨ 'ਚ ਨਿੱਤਰੇ ਤਿੰਨ ਉਮੀਦਵਾਰਾਂ 'ਚੋਂ ਇਕ ਉਮੀਦਵਾਰ ਰਵਿੰਦਰ ਸਿੰਘ ਬਿੱਟੂ ਨੇ ਬੀਬੀਆਂ ਨੂੰ ਪ੍ਰਬੰਧ ਦਾ ਅਧਿਕਾਰ ਦੇਣ ਦਾ ਅਪਣੇ ਚੋਣ ਮਨੋਰਥ ਪੱਤਰ 'ਚ ਵਾਅਦਾ ਕੀਤਾ ਹੈ। ਸੋਸ਼ਲ ਮੀਡੀਆ 'ਤੇ ਸ. ਬਿੱਟੂ ਵਲੋਂ ਕੀਤੇ ਜਾ ਰਹੇ ਪ੍ਰਚਾਰ 'ਚ ਜਨਰਲ ਸਕੱਤਰ ਦਾ ਅਹੁਦਾ ਬੀਬੀ ਗੁਰਪ੍ਰੀਤ ਕੌਰ, ਧਰਮ ਪ੍ਰਚਾਰ ਕਮੇਟੀ ਦੀ ਚੇਅਰਪਰਸਨ ਬੀਬੀ ਰਜਿੰਦਰ ਕੌਰ ਖ਼ਾਲਸਾ ਅਤੇ ਮਾਂ-ਬੋਲੀ ਪ੍ਰਚਾਰ ਕਮੇਟੀ ਦੀ ਚੇਅਰਪਰਸਨ ਬੀਬੀ ਚੰਚਲ ਕੌਰ ਨੂੰ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਦਾ ਮਤਲਬ ਇਹ ਹੈ ਕਿ ਊੜੇ ਅਤੇ ਜੂੜੇ ਨੂੰ ਸੰਭਾਲਣ ਦੀ ਵੱਡੀ ਜ਼ਿੰਮੇਵਾਰੀ ਹੁਣ ਬੀਬੀਆਂ ਨੂੰ ਮਿਲ ਸਕਦੀ ਹੈ। ਇਕ ਪਾਸੇ ਜਿਥੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ 'ਚ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਜਨਰਲ ਸਕੱਤਰ ਬੀਬੀ ਕਿਰਣਜੋਤ ਕੌਰ ਰਹਿ ਚੁੱਕੇ ਹਨ। ਉਸੇ ਤਰ੍ਹਾਂ ਹੀ ਦਿੱਲੀ ਗੁਰਦਵਾਰਾ ਕਮੇਟੀ 'ਚ ਸਕੱਤਰ ਵਜੋਂ ਬੀਬੀ ਦਲਜੀਤ ਕੌਰ ਖ਼ਾਲਸਾ ਅਤੇ ਮੈਂਬਰ ਵਜੋਂ ਬੀਬੀ ਧੀਰਜ ਕੌਰ ਅਤੇ ਬੀਬੀ ਰਣਜੀਤ ਕੌਰ ਸੇਵਾ ਸੰਭਾਲ ਚੁਕੇ ਹਨ ਪਰ ਅੱਧੀ ਆਬਾਦੀ ਦੇ ਪ੍ਰਤੀਕ ਵਜੋਂ ਜਾਣੀਆਂ ਜਾਂਦੀਆਂ ਬੀਬੀਆਂ ਨੂੰ ਗੁਰਦਵਾਰਾ ਪ੍ਰਬੰਧ ਦਾ ਹਿੱਸਾ ਬਣਾਉਣ ਲਈ ਸਿੰਘ ਸਭਾਵਾਂ ਵਲੋਂ ਹੇਠਲੇ ਪੱਧਰ ਤੋਂ ਅਜ ਤਕ ਕਦੇ ਵੀ ਸ਼ੁਰੂਆਤ ਨਹੀਂ ਸੀ ਕੀਤੀ ਗਈ।
ਚੋਣਾਂ ਦੇ ਝਮੇਲੇ ਤੋਂ ਬਾਹਰ ਨਿਕਲ ਕੇ ਸਿੱਖ ਬੀਬੀਆਂ ਦੇ ਭਵਿੱਖ ਲਈ ਇਸ ਨੂੰ ਚੰਗੀ ਉਮੀਦ ਦੀ ਕਿਰਨ ਵਜੋਂ ਸਮਝਿਆਂ ਜਾ ਸਕਦਾ ਹੈ ਕਿ ਘੱਟੋ-ਘੱਟ ਗੁਰਦਵਾਰਾ ਪ੍ਰਬੰਧ ਨੂੰ ਸੰਭਾਲਣ ਲਈ ਸਿੱਖ ਬੀਬੀਆਂ ਨੂੰ ਨਜ਼ਰਅੰਦਾਜ਼ ਕਰਨ ਦੇ ਪਾਏ ਜਾਂਦੇ ਰੁਝਾਨ ਨੂੰ ਠੱਲ ਪਾਉਣ ਵੱਲ ਇਕ ਵਧੀਆ ਕਦਮ ਪੁਟਿਆ ਗਿਆ ਹੈ।