ਫ਼ੈਸਲਾ ਸੁਣਦਿਆਂ ਹੀ ਸੌਦਾ ਸਾਧ ਦਾ 'ਪਿਸ਼ਾਬ' ਨਿਕਲ ਗਿਆ : ਐਚਪੀਐਸ ਵਰਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਪਣੇ ਆਪ ਨੂੰ 5 ਕਰੋੜ ਲੋਕਾਂ ਦਾ ਗੁਰੂ ਕਹਾਉੁਣ ਵਾਲਾ ਗੁਰਮੀਤ ਰਾਮ ਰਹੀਮ ਨੂੰ ਜਦੋਂ ਪੰਚਕੂਲਾ ਦੀ ਸੀ.ਬੀ.ਆਈ. ਅਦਾਲਤ ਨੇ ਬਲਾਤਕਾਰ ਮਾਮਲੇ ਦਾ ਦੋਸ਼ੀ ਕਰਾਰ ਦਿਤਾ.....

HPS Verma

ਪਟਿਆਲਾ, 27 ਅਗੱਸਤ (ਰਣਜੀਤ ਰਾਣਾ ਰੱਖੜਾ) : ਅਪਣੇ ਆਪ ਨੂੰ 5 ਕਰੋੜ ਲੋਕਾਂ ਦਾ ਗੁਰੂ ਕਹਾਉੁਣ ਵਾਲਾ ਗੁਰਮੀਤ ਰਾਮ ਰਹੀਮ ਨੂੰ ਜਦੋਂ ਪੰਚਕੂਲਾ ਦੀ ਸੀ.ਬੀ.ਆਈ. ਅਦਾਲਤ ਨੇ ਬਲਾਤਕਾਰ ਮਾਮਲੇ ਦਾ ਦੋਸ਼ੀ ਕਰਾਰ ਦਿਤਾ ਤਾਂ ਬਾਬੇ ਨੂੰ ਪਸੀਨੇ ਆ ਗਏ ਅਤੇ ਉਸ ਨੂੰ ਕਾਫ਼ੀ ਘਬਰਾਹਟ ਹੋ ਗਈ। ਐਲਾਨ ਤੋਂ ਬਾਅਦ ਗੁਰਮੀਤ ਰਾਮ ਰਹੀਮ ਦਾ ਮੂਤ ਨਿਕਲ ਆਇਆ, ਉਸ ਨੂੰ ਜੱਜ ਵਾਲਾ ਪਖਾਨਾ ਵਰਤਣ ਦੀ ਇਜਾਜ਼ਤ ਨਹੀਂ ਮਿਲੀ ਅਤੇ ਕੋਰਟ ਰੂਮ ਤੋਂ ਬਾਹਰ ਜਿਥੇ ਆਮ ਜਨਤਾ ਜਾਂਦੀ ਹੈ, ਉੁਥੇ ਹੀ ਉਸ ਨੂੰ ਪੇਸ਼ਾਬ ਕਰਨਾ ਪਿਆ। ਇਸ ਦੇ ਨਾਲ ਹੀ ਦੋਸ਼ੀ ਕਰਾਰ ਦੇਣ ਵਾਲੇ ਜੱਜ ਬਿਲਕੁਲ ਠੰਡੇ ਅਤੇ ਸ਼ਾਂਤ ਸਨ। ਜਿਉਂ ਹੀ ਰਾਮ ਰਹੀਮ ਅਦਾਲਤ ਵਿਚ ਆਇਆ ਤਾਂ ਜੱਜ ਸਾਹਿਬ ਨੇ ਕਿਹਾ ਕਿ ਅਦਾਲਤ ਦਾ ਸਨਮਾਨ ਕਰਨ ਲਈ ਅਤੇ ਅਦਾਲਤ ਵਿਚ ਪੇਸ਼ ਹੋਣ ਲਈ ਉਹ ਰਾਮ ਰਹੀਮ ਦਾ ਸਨਮਾਨ ਕਰਦੇ ਹਨ ਪਰ ਨਾਲ ਹੀ ਜੱਜ ਸਾਹਿਬ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਗੈਰ ਕਾਨੂੰਨੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸੀ. ਬੀ. ਆਈ. ਵਲੋਂ 2007 ਤੋਂ ਕੇਸ ਦੀ ਪੈਰਵਾਈ ਕਰ ਰਹੇ ਪਟਿਆਲਾ ਦੇ ਨਾਮੀ ਵਕੀਲ ਐਡਵੋਕੇਟ ਐਚ.ਪੀ.ਐਸ. ਵਰਮਾ ਨੇ 'ਰੋਜ਼ਾਨਾ ਸਪੋਕਸਮੈਨ' ਨਾਲ ਗੱਲਬਾਤ ਦੌਰਾਨ ਉਕਤ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ 25 ਅਗੱਸਤ 2017 ਨੂੰ ਆਏ ਫੈਸਲੇ ਮੌਕੇ ਗੁਰਮੀਤ ਰਾਮ ਰਹੀਮ ਵਿਰੁਧ ਬਲਾਤਕਾਰ ਕੇਸ ਦਰਜ ਕਰਵਾਉਣ ਲਈ ਇਕ ਲੜਕੀ ਮੌਕੇ 'ਤੇ ਹਾਜ਼ਰ ਸੀ ਅਤੇ ਦੂਜੀ ਨੂੰ ਵੀਡਿਉ ਕਾਨਫ਼ਰੰਸ 'ਤੇ ਲਿਆ ਗਿਆ ਪਰ ਫ਼ੈਸਲਾ ਆਉਣ ਉਪਰੰਤ ਇਕਦਮ ਦਹਿਲੇ ਗੁਰਮੀਤ ਰਾਮ ਰਹੀਮ ਦਾ ਚਿਹਰਾ ਇਕ ਦਮ ਢਿੱਲਾ ਹੋ ਗਿਆ ਅਤੇ ਅੱਖਾਂ ਨਮ ਹੋ ਗਈਆਂ, ਜਿਨ੍ਹਾਂ ਵਿਚੋਂ ਇੰਝ ਲੱਗ ਰਿਹਾ ਸੀ ਕਿ ਜਿਵੇਂ ਅੱਖਾਂ ਵਿਚ ਪਾਣੀ ਆ ਗਿਆ, ਕਿਉਂਕਿ ਇਹ ਪਹਿਲੀ ਵਾਰ ਹੋਇਆ ਸੀ ਕਿ ਇਕ 5 ਕਰੋੜ ਸ਼ਰਧਾਲੂਆਂ ਵਾਲੇ ਬਾਬੇ ਨੂੰ ਇਸ ਤਰ੍ਹਾਂ ਮਾਣਯੋਗ ਅਦਾਲਤ ਨੇ ਨੱਥ ਪਾਈ ਹੋਵੇ।
ਵਰਮਾ ਨੇ ਕਿਹਾ ਕਿ ਜਦੋਂ 2007 ਵਿਚ ਇਸ ਕੇਸ ਵਿਚ ਚਲਾਨ ਪੇਸ਼ ਹੋਇਆ, ਉਦੋਂ ਦੇ ਹੀ ਉਹ ਇਸ ਕੇਸ ਦੀ ਪੈਰਵਾਈ ਕਰ ਰਹੇ ਹਨ। ਰਾਮ ਰਹੀਮ ਨੂੰ ਸਜ਼ਾ ਦੇਣ ਵਾਲੇ ਸੀ.ਬੀ.ਆਈ. ਜੱਜ  ਜਗਦੀਪ ਸਿੰਘ ਲੋਹਾਨ ਇਸ ਮਾਮਲੇ ਦੇ 7ਵੇਂ ਜੱਜ ਹਨ। ਕੁੱਲ 15 ਗਵਾਹਾਂ ਨੇ ਇਸ ਮਾਮਲੇ ਵਿਚ ਅਪਣੇ ਬਿਆਨ ਦਿਤੇ।
ਮੈਨੂੰ ਡਰਾਇਆ ਗਿਆ ਪਰ ਮੈਂ ਪਰਵਾਹ ਨਾ ਕੀਤੀ
2009 ਵਿਚ ਜਦੋਂ ਉਹ ਅੰਬਾਲਾ ਤੋਂ ਆ ਰਹੇ ਸਨ ਤਾਂ ਇਕ ਬਲੈਰੋ ਗੱਡੀ ਨੇ ਉਸ ਦਾ ਪਿੱਛਾ ਕੀਤਾ ਅਤੇ ਰਾਜਪੁਰਾ ਟਾਹਲੀ ਵਾਲਾ ਚੌਕ ਕੋਲ ਉਸ ਦੀ ਕਾਰ ਨੂੰ ਹਿੱਟ ਕੀਤਾ। ਇਸ ਦੀ ਜਾਣਕਾਰੀ ਉੁਨ੍ਹਾਂ ਸੀ.ਬੀ.ਆਈ. ਅਧਿਕਾਰੀਆਂ ਨੂੰ ਦਿਤੀ ਸੀ। ਇਸ ਦੇ ਨਾਲ ਹੀ ਅੰਬਾਲਾ ਵਿਚ ਇਕ ਕੇਸ ਦੌਰਾਨ ਉੁਥੋਂ ਦੇ ਇਕ ਵਕੀਲ ਜੋ ਕਿ ਡੇਰੇ ਦਾ ਪੈਰੋਕਾਰ ਸੀ, ਨੇ ਵੀ ਮੈਨੂੰ ਜਾਨ ਤੋਂ ਮਾਰਨ ਦੀ ਧਮਕੀ ਦਿਤੀ ਸੀ ਪਰ ਉੁਨ੍ਹਾਂ ਕੋਈ ਪਰਵਾਹ ਨਹੀਂ ਕੀਤੀ।
ਐਡਵੋਕੇਟ ਵਰਮਾ ਨੇ ਦਸਿਆ ਕਿ ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ 17 ਅਗੱਸਤ ਤੋਂ ਬਾਅਦ ਉਸ ਨੂੰ ਵੀ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਉਹ ਕਿਉਂਕਿ ਸੀ.ਬੀ.ਆਈ. ਦੇ ਪੱਕੇ ਵਕੀਲ ਹਨ, ਲਿਹਾਜ਼ਾ ਹਰਿਆਣਾ ਅਤੇ ਪੰਜਾਬ ਪੁਲਿਸ ਦੀ ਸੁਰੱਖਿਆ ਉਸ ਨੂੰ ਮੁਹੱਈਆ ਕਰਵਾਈ ਗਈ ਹੈ। ਐਡ. ਵਰਮਾ ਨੇ ਦਸਿਆ ਕਿ ਜਸਵੰਤ ਸਿੰਘ ਖਾਲੜਾ ਕਤਲ ਕੇਸ ਵਿਚ ਵੀ ਉਹ ਵਕੀਲ ਸਨ, ਜਿਸ ਵਿਚ ਕਈ ਪੁਲਿਸ ਅਧਿਕਾਰੀ ਜੇਲ ਗਏ ਹਨ। ਇਸ ਤੋਂ ਇਲਾਵਾ ਕਈ ਹੋਰ ਅਹਿਮ ਕੇਸ ਉੁਨ੍ਹਾਂ ਵਲੋਂ ਲੜੇ ਗਏ ਹਨ, ਜਿਨ੍ਹਾਂ ਵਿਚ ਉਨ੍ਹਾਂ ਨੇ ਜਿੱਤ ਹਾਸਲ ਕੀਤੀ ਹੈ।
ਬੜੀ ਮੁਸ਼ਕਲ ਨਾਲ 'ਗੁਮਨਾਮ' ਸਾਧਵੀਆਂ ਨੂੰ ਲਭਿਆ ਗਿਆ
ਐਡਵੋਕੇਟ ਵਰਮਾ ਨੇ ਦਸਿਆ ਕਿ 12 ਦਸੰਬਰ 2002 ਨੂੰ ਐਫ਼.ਆਈ.ਆਰ. ਹੋਈ। ਇਹ ਪਹਿਲੀ ਐਫ਼.ਆਈ.ਆਰ. ਸੀ, ਜਿਸ ਵਿਚ ਕੋਈ ਸ਼ਿਕਾਇਤਕਰਤਾ ਨਹੀਂ ਸੀ ਅਤੇ ਇਕ ਗੁਮਨਾਮ ਪੱਤਰ ਦੇ ਤੱਥਾਂ ਦੇ ਆਧਾਰ 'ਤੇ ਇਹ ਐਫ਼.ਆਈ.ਆਰ. ਦਰਜ ਹੋਈ। ਐਫ਼.ਆਈ.ਆਰ. ਦਰਜ ਕਰਨ ਸਮੇਂ ਜਿਨ੍ਹਾਂ ਸਾਧਵੀਆਂ ਨਾਲ ਬਲਾਤਕਾਰ ਹੋਇਆ ਸੀ, ਉੁਨ੍ਹਾਂ ਬਾਰੇ ਕੋਈ ਪਤਾ ਨਹੀਂ ਸੀ ਫਿਰ ਵੀ ਸੀ.ਬੀ.ਆਈ. ਨੇ ਅਪਣੀ ਜਾਂਚ ਸ਼ੁਰੂ ਕੀਤੀ। ਲੰਬੀ ਜੱਦੋ ਜਹਿਦ ਤੋਂ ਬਾਅਦ ਸੀ.ਬੀ.ਆਈ. ਨੇ ਕੁਰਕਸ਼ੇਤਰ ਖਾਨਪੁਰ ਕੋਲਿਆਂ ਦੀ ਇਕ ਸਾਧਵੀ ਨੂੰ ਲੱਭ ਲਿਆ ਅਤੇ ਦੂਜੀ ਸਾਧਵੀ ਫ਼ਤਿਹਾਬਾਦ ਦੀ ਸੀ। ਇਨ੍ਹਾਂ ਦੋਵਾਂ ਨੂੰ ਸੰਮਨ ਭੇਜੇ ਗਏ ਅਤੇ ਇਨ੍ਹਾਂ ਨੇ ਅਦਾਲਤ ਵਿਚ ਆ ਕੇ ਬਿਆਨ ਦਿਤੇ।
ਖਾਨਪੁਰ ਕੋਲਿਆਂ ਵਾਲੀ ਸਾਧਵੀ ਨਾਲ ਬਾਬੇ ਨੇ ਦੋ ਵਾਰ ਬਲਾਤਕਾਰ ਕੀਤਾ ਜਦਕਿ ਫ਼ਤਿਹਾਬਾਦ ਵਾਲੀ ਸਾਧਵੀ ਨਾਲ ਇਕ ਵਾਰ ਬਲਾਤਕਾਰ ਕੀਤਾ। ਇਹ ਬਿਆਨ ਇਨ੍ਹਾਂ ਸਾਧਵੀਆਂ ਨੇ ਖ਼ੁਦ ਅਦਾਲਤ ਵਿਚ ਦਿਤੇ।
ਐਡਵੋਕੇਟ ਵਰਮਾ ਨੇ ਦਸਿਆ ਕਿ ਫਤਿਹਾਬਾਦ ਵਾਲੀ ਸਾਧਵੀ ਦੇ ਪਤੀ ਨੇ ਖ਼ੁਦ ਅਦਾਲਤ ਵਿਚ ਅਪਣਾ ਬਿਆਨ ਦਿਤਾ ਕਿ ਵਿਆਹ ਤੋਂ ਬਾਅਦ ਪਹਿਲੀ ਰਾਤ ਨੂੰ ਹੀ ਉਸ ਨੂੰ ਅਪਣੀ ਪਤਨੀ ਦੇ ਕੁਆਰੇ ਹੋਣ 'ਤੇ ਸ਼ੱਕ ਹੋ ਗਿਆ ਸੀ। ਪੁੱਛਣ 'ਤੇ ਪਹਿਲਾਂ ਤਾਂ ਉਹ ਮੁਕਰ ਗਈ ਪਰ ਬਾਅਦ ਵਿਚ ਉਸ ਨੇ ਦਸਿਆ ਕਿ ਡੇਰਾ ਮੁਖੀ ਨੇ ਉਸ ਨਾਲ ਬਲਾਤਕਾਰ ਕੀਤਾ ਹੈ। ਅਦਾਲਤ ਨੇ ਅਪਣੀ ਕਾਰਵਾਈ ਦੌਰਾਨ ਇਹ ਗੱਲ ਲਿਖਤ ਵਿਚ ਲਿਆਂਦੀ ਹੈ ਕਿ ਜਦੋਂ ਤਕ ਲੜਕੀ ਕੋਰਟ ਵਿਚ ਅਪਣੇ ਨਾਲ ਬਲਾਤਕਾਰ ਹੋਣ ਬਾਰੇ ਬਿਆਨ ਦਿੰਦੀ ਰਹੀ, ਉਹ ਪੂਰਾ ਸਮਾਂ ਰੋਂਦੀ ਰਹੀ।
ਐਡਵੋਕੇਟ ਵਰਮਾ ਨੇ ਦਸਿਆ ਕਿ ਖਾਨਪੁਰ ਕੋਲਿਆਂ ਵਾਲੀ ਸਾਧਵੀ ਦੇ ਪਿਤਾ ਅਤੇ ਜੀਜਾ ਨੇ ਵੀ ਅਦਾਲਤ ਵਿਚ ਬਿਆਨ ਦਿਤਾ ਕਿ ਉਨ੍ਹਾਂ ਦੀ ਲੜਕੀ ਨੇ ਸਾਨੂੰ ਦਸਿਆ ਹੈ ਕਿ ਡੇਰਾ ਮੁਖੀ ਨੇ ਉਸ ਨਾਲ ਬਲਾਤਕਾਰ ਕੀਤਾ ਹੈ। ਐਡਵੋਕੇਟ ਵਰਮਾ ਨੇ ਦਸਿਆ ਕਿ ਇਸ ਪੂਰੇ ਕੇਸ ਦੀ ਸੁਣਵਾਈ ਦੌਰਾਨ 7 ਜੱਜ ਆਏ ਅਤੇ ਫ਼ੈਸਲਾ ਸੁਣਾਉੁਣ ਵਾਲੇ ਜਗਦੀਪ ਸਿੰਘ ਲੋਹਾਨ 7ਵੇਂ ਜੱਜ ਸਨ। ਇਹ ਪੁੱਛਣ 'ਤੇ ਕਿ ਇਸ ਸਬੰਧੀ ਉੁਨ੍ਹਾਂ 'ਤੇ ਵੀ ਕੋਈ ਦਬਾਅ ਆਇਆ ਹੈ ਤਾਂ ਵਰਮਾ ਨੇ ਕਿਹਾ ਕਿ ਉੁਨ੍ਹਾਂ 'ਤੇ ਕਦੇ ਕੋਈ ਦਬਾਅ ਨਹੀਂ ਆਇਆ ਤੇ ਨਾ ਹੀ ਦਬਾਅ ਦੀ ਪਰਵਾਹ ਕੀਤੀ।