ਸਰਕਾਰ ਜਾਂਦਿਆਂ ਹੀ ਰੋਜ਼ਗਾਰ ਨੂੰ ਤਰਸੇ ਯੂਥ ਅਕਾਲੀ ਆਗੂ
ਯੂਥ ਅਕਾਲੀ ਦਲ ਪਾਰਟੀ ਦੇ ਨੌਜਵਾਨ ਵਰਕਰ ਅਪਣੀ ਹੀ ਪਾਰਟੀ ਤੋਂ ਨਾਰਾਜ਼ ਚਲ ਰਹੇ ਹਨ
ਯੂਥ ਅਕਾਲੀ ਦਲ ਪਾਰਟੀ ਦੇ ਨੌਜਵਾਨ ਵਰਕਰ ਅਪਣੀ ਹੀ ਪਾਰਟੀ ਤੋਂ ਨਾਰਾਜ਼ ਚਲ ਰਹੇ ਹਨ। ਉਨ੍ਹਾਂ ਨੇ ਅਪਣੀ ਇਸ ਨਾਰਾਜ਼ਗੀ ਦਾ ਕਾਰਨ ਦਸਦਿਆਂ ਕਿਹਾ ਕਿ ਅਕਾਲੀ ਦਲ ਦੇ ਜੋ ਆਗੂ ਸੁਖਬੀਰ ਬਾਦਲ ਅਤੇ ਮਜੀਠੀਆ ਦੇ ਬਹੁਤ ਖਾਸ ਹਨ ਉਨ੍ਹਾਂ ਨੇ ਤਾਂ ਪਿਛਲੇ 10 ਸਾਲਾਂ ਦੌਰਾਨ ਮਾਈਨਿੰਗ ਅਤੇ ਹੋਰ ਕਈ ਤਰੀਕਿਆਂ ਨਾਲ ਮੋਟੇ ਪੈਸੇ ਕਮਾ ਲਏ ਨੇ ਪਰ ਜਿਹੜੇ ਹੇਠਲੇ ਪੱਧਰ ਦੇ ਵਰਕਰ ਸੀ ਉਨ੍ਹਾਂ ਦੇ ਕੁਝ ਹੱਥ ਨਹੀਂ ਆਇਆ। ਉਨ੍ਹਾਂ ਨੇ ਅਪਣਾ ਦਰਦ ਕਹਾਵਤ 'ਘਰੋਂ ਘਰ ਗਵਾਇਆ ਨਾਲੇ ਭੜੂਆ ਕਹਾਇਆ' ਦੀ ਉਦਾਹਰਣ ਦੇ ਕਿ ਬਿਆਨ ਕੀਤਾ। ਪਾਰਟੀ ਦੇ ਵਰਕਰਾਂ ਦੀ ਬੇਰੁਜ਼ਗਾਰੀ ਕਾਰਨ ਅਕਾਲੀ ਦਲ ਪਾਰਟੀ ਦਾ ਬੂਟਾ ਸੁਕਦਾ ਜਾ ਰਿਹਾ ਹੈ।
ਕਈ ਆਗੂਆਂ ਨੇ ਦੂਜੀ ਪਾਰਟੀ 'ਚੋਂ ਆਪਣੇ ਉਚੇ ਅਹੁਦੇ ਤਕ ਤਿਆਗ ਦਿੱਤੇ ਜਦੋਂ ਸਰਕਾਰ ਸੱਤਾ 'ਚ ਸੀ ਤਾਂ ਕੋਈ ਉਨ੍ਹਾਂ ਦੀ ਕੋਈ ਸੁਣ ਵੀ ਲੈਂਦਾ ਸੀ ਪਰ ਹੁਣ ਤਾਂ ਉਨ੍ਹਾਂ ਦੇ ਹਾਲ ਪੁੱਛਣ ਵੀ ਕੋਈ ਨਹੀਂ ਆਉਂਦਾ। ਸੂਤਰਾਂ ਤੋਂ ਪਤਾ ਲੱਗਾ ਇਕ ਜ਼ਿਲੇ ਦਾ ਨੌਜਵਾਨ ਪ੍ਰਧਾਨ ਅਪਣੀ ਬੇਹਾਲੀ ਤੋਂ ਐਨਾ ਤੰਗ ਹੈ ਕਿ ਉਸਨੂੰ ਅੱਜ ਦੇ ਦਿਨਾਂ ਵਿਚ ਸਿਰਫ਼ ਥੋੜੇ ਜਿਹੇ ਪੈਸਿਆਂ ਦੀ ਨੌਕਰੀ ਲਈ ਦਰ ਦਰ ਭਟਕਣਾ ਪੈ ਰਿਹਾ ਹੈ। ਉਸਨੇ ਕਾਂਗਰਸੀ ਕੌਂਸਲਰ ਅੱਗੇ ਆਪਣੀ ਤਕਲੀਫ਼ ਬਿਆਨ ਕਰਦਿਆਂ ਨੌਕਰੀ ਦੀ ਮੰਗ ਵੀ ਕੀਤੀ ਹੈ।