ਔਰਤਾਂ ਲਈ ਰਾਖਵਾਂਕਰਨ ਬਿਲ ‘ਚੋਣ ਜੁਮਲਾ’, ਔਰਤਾਂ ਨਾਲ ਧੋਖਾ ਹੋਇਆ : ਕਾਂਗਰਸ

ਏਜੰਸੀ

ਖ਼ਬਰਾਂ, ਰਾਜਨੀਤੀ

ਇਹ ਔਰਤਾਂ ਲਈ ਰਾਖਵਾਂਕਰਨ ਬਿਲ ਨਹੀਂ, ਸਗੋਂ ਔਰਤਾਂ ਨੂੰ ਮੂਰਖ ਬਣਾਉਣ ਵਾਲਾ ਬਿਲ ਹੈ: ‘ਆਪ’

Opposition dubs women's reservation bill as 'gimmick aimed at making noise'


ਨਵੀਂ ਦਿੱਲੀ: ਕਾਂਗਰਸ ਨੇ ਮੰਗਲਵਾਰ ਨੂੰ ਲੋਕ ਸਭਾ ’ਚ ਪੇਸ਼ ਕੀਤੇ ਗਏ ਔਰਤਾਂ ਲਈ ਰਾਖਵਾਂਕਰਨ ਨਾਲ ਜੁੜੇ ਬਿਲ ਨੂੰ ‘ਚੋਣ ਜੁਮਲਾ’ ਕਰਾਰ ਦਿਤਾ ਅਤੇ ਕਿਹਾ ਕਿ ਔਰਤਾਂ ਨਾਲ ਧੋਖਾ ਕੀਤਾ ਗਿਆ ਹੈ ਕਿਉਂਕਿ ਬਿਲ ’ਚ ਕਿਹਾ ਗਿਆ ਹੈ ਕਿ ਇਹ ਤਾਜ਼ਾ ਮਰਦਮਸ਼ੁਮਾਰੀ ਅਤੇ ਹੱਦਬੰਦੀ ਤੋਂ ਬਾਅਦ ਇਹ 2029 ਤੋਂ ਲਾਗੂ ਹੋਵੇਗਾ।

ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਵੀ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਹਿਲਾ ਮਜ਼ਬੂਤੀਕਰਨ ਨੂੰ ਪਹਿਲ ਦੇਣ ਦਾ ਕੋਈ ਅਸਲ ਇਰਾਦਾ ਹੁੰਦਾ ਤਾਂ ਔਰਤਾਂ ਲਈ ਰਾਖਵਾਂਕਰਨ ਬਿਲ ਬਿਨਾਂ ਕਿਸੇ ਸ਼ਰਤ ਤੋਂ ਤੁਰਤ ਲਾਗੂ ਹੋ ਜਾਂਦਾ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ 2021 ਦੀ ਮਰਦਮਸ਼ੁਮਾਰੀ ਕਰਵਾਉਣ ’ਚ ਨਾਕਾਮ ਰਹੀ ਹੈ।

ਕਾਂਗਰਸ ਨੇਤਾ ਨੇ ਦੋਸ਼ ਲਗਾਇਆ, ‘‘ਅਸਲ ’ਚ ਇਹ ਬਿਲ ਅਪਣੇ ਲਾਗੂ ਹੋਣ ਦੀ ਮਿਤੀ ਦੇ ਬਹੁਤ ਅਸਪਸ਼ਟ ਵਾਅਦੇ ਨਾਲ ਖ਼ਬਰਾਂ ’ਚ ਹੈ। ਇਹ ਈ.ਵੀ.ਐਮ.-ਈਵੈਂਟ ਪ੍ਰਬੰਧਨ ਤੋਂ ਇਲਾਵਾ ਹੋਰ ਕੁਝ ਨਹੀਂ ਹੈ।’’

ਪਾਰਟੀ ਦੀ ਬੁਲਾਰਾ ਸੁਪ੍ਰੀਆ ਸ਼੍ਰੀਨੇਤ ਨੇ ਦਾਅਵਾ ਕੀਤਾ, ‘‘ਮੋਦੀ ਜੀ ਨੇ ਅਪਣੇ ਜੁਮਲਿਆਂ ਤੋਂ ਇਸ ਦੇਸ਼ ਦੀਆਂ ਔਰਤਾਂ ਨੂੰ ਵੀ ਨਹੀਂ ਬਖਸ਼ਿਆ। ਔਰਤਾਂ ਲਈ ਰਾਖਵਾਂਕਰਨ ਬਿਲ ’ਚ ਉਨ੍ਹਾਂ ਦੇ ਮਾੜੇ ਇਰਾਦੇ ਸਾਫ਼ ਹੋ ਗਏ। ਬਿਲ ਮੁਤਾਬਕ ਔਰਤਾਂ ਦੇ ਰਾਖਵੇਂਕਰਨ ਲਈ ਪਹਿਲਾਂ ਮਰਦਮਸ਼ੁਮਾਰੀ ਅਤੇ ਫਿਰ ਹੱਦਬੰਦੀ ਹੋਣੀ ਲਾਜ਼ਮੀ ਹੈ, ਜਿਸ ਦਾ ਮਤਲਬ 2029 ਤੋਂ ਪਹਿਲਾਂ ਇਹ ਸੰਭਵ ਨਹੀਂ ਹੈ।’’ ਉਨ੍ਹਾਂ ਕਿਹਾ, ‘‘ਜੇ ਤੁਸੀਂ ਸੱਚਮੁੱਚ ਔਰਤਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਚਾਹੁੰਦੇ ਹੋ, ਤਾਂ ਤੁਸੀਂ 2010 ’ਚ ਰਾਜ ਸਭਾ ’ਚ ਪਾਸ ਹੋਏ ਬਿਲ ਨੂੰ ਲੋਕ ਸਭਾ ’ਚ ਲਿਆਉਂਦੇ। ਅੱਧੀ ਆਬਾਦੀ ਨਾਲ ਇਹ ਜੁਮਲਾ ਠੀਕ ਨਹੀਂ ਹੈ।’’ 

 

ਇਹ ਔਰਤਾਂ ਲਈ ਰਾਖਵਾਂਕਰਨ ਬਿਲ ਨਹੀਂ, ਸਗੋਂ ਔਰਤਾਂ ਨੂੰ ਮੂਰਖ ਬਣਾਉਣ ਵਾਲਾ ਬਿਲ ਹੈ: ‘ਆਪ’

 ਆਮ ਆਦਮੀ ਪਾਰਟੀ (ਆਪ) ਦੀ ਸੀਨੀਅਰ ਨੇਤਾ ਆਤਿਸ਼ੀ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਔਰਤਾਂ ਲਈ ਰਾਖਵਾਂਕਰਨ ਬਿਲ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਔਰਤਾਂ ਨੂੰ ਮੂਰਖ ਬਣਾਉਣ ਵਾਲਾ ਬਿਲ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਤਿਸ਼ੀ ਨੇ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਔਰਤਾਂ ਦੀ ਭਲਾਈ ਅਤੇ ਭਲਾਈ ਵਿਚ ਕੋਈ ਦਿਲਚਸਪੀ ਨਹੀਂ ਰੱਖਦੀ।

ਦਿੱਲੀ ’ਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ’ਚ ਇਕ ਮੰਤਰੀ ਆਤਿਸ਼ੀ ਨੇ ਕਿਹਾ, ‘‘ਹੱਦਬੰਦੀ ਅਤੇ ਮਰਦਮਸ਼ੁਮਾਰੀ ਦੀ ਸ਼ਰਤ ਕਿਉਂ ਸ਼ਾਮਲ ਕੀਤੀ ਗਈ? ਇਸ ਦਾ ਮਤਲਬ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਔਰਤਾਂ ਲਈ ਰਾਖਵਾਂਕਰਨ ਲਾਗੂ ਨਹੀਂ ਹੋਵੇਗਾ।’’ ਉਨ੍ਹਾਂ ਕਿਹਾ, ‘‘ਅਸੀਂ ਮੰਗ ਕਰਦੇ ਹਾਂ ਕਿ ਹੱਬਦੰਦੀ ਅਤੇ ਮਰਦਮਸ਼ੁਮਾਰੀ ਦੀਆਂ ਸ਼ਰਤਾਂ ਨੂੰ ਹਟਾਇਆ ਜਾਵੇ ਅਤੇ 2024 ਦੀਆਂ ਲੋਕ ਸਭਾ ਚੋਣਾਂ ਲਈ ਮਹਿਲਾ ਰਾਖਵਾਂਕਰਨ ਲਾਗੂ ਕੀਤਾ ਜਾਵੇ।’’
‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਔਰਤਾਂ ਲਈ ਰਾਖਵਾਂਕਰਨ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ। ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ‘ਐਕਸ’ ’ਤੇ ਪੋਸਟ ਕੀਤਾ, ‘‘ਕੀ ਦੇਸ਼ ਅਤੇ ਔਰਤਾਂ ਨੂੰ ਔਰਤਾਂ ਦੇ ਰਾਖਵੇਂਕਰਨ ਲਈ ਨਵੀਂ ਮਰਦਮਸ਼ੁਮਾਰੀ ਅਤੇ ਹੱਦਬੰਦੀ ਦੀ ਉਡੀਕ ਕਰਨੀ ਪਵੇਗੀ? ਇਸ ਨੂੰ ਲਾਗੂ ਕਰਨ ਦੀ ਇੱਛਾ ਤੋਂ ਬਿਨਾਂ ਬਿਲ ਦਾ ਖਰੜਾ ਤਿਆਰ ਕੀਤਾ ਗਿਆ ਹੈ? ਅਸੀਂ ਬਿਨਾਂ ਕਿਸੇ ਦੇਰੀ ਦੇ ਮਹਿਲਾ ਰਾਖਵੇਂਕਰਨ ਨੂੰ ਤੁਰਤ ਲਾਗੂ ਕਰਨ ਦੀ ਮੰਗ ਕਰਦੇ ਹਾਂ।’’