ਪੰਜਾਬ ਦੀਆਂ ਹਰਿਆਣਾ ਤੇ ਰਾਜਸਥਾਨ ਨਾਲ ਲਗਦੀਆਂ ਸਰਹੱਦਾਂ ਸੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਪੰਚਕੂਲਾ ਸਥਿਤ ਅਦਾਲਤੀ ਮਾਮਲੇ ਨੂੰ ਲੈ ਕੇ ਪੰਜਾਬ ਨਾਲ ਲਗਦੀਆਂ ਹਰਿਆਣਾ ਅਤੇ ਰਾਜਸਥਾਨ ਦੀਆਂ ਸਰਹੱਦਾ..

City sealed

ਬਠਿੰਡਾ, 23 ਅਗੱਸਤ (ਸੁਖਜਿੰਦਰ ਮਾਨ): ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਪੰਚਕੂਲਾ ਸਥਿਤ ਅਦਾਲਤੀ ਮਾਮਲੇ ਨੂੰ ਲੈ ਕੇ ਪੰਜਾਬ ਨਾਲ ਲਗਦੀਆਂ ਹਰਿਆਣਾ ਅਤੇ ਰਾਜਸਥਾਨ ਦੀਆਂ ਸਰਹੱਦਾਂ ਨੂੰ ਅੱਜ ਸੀਲ ਕਰ ਦਿਤਾ ਗਿਆ। ਇਨ੍ਹਾਂ ਥਾਵਾਂ 'ਤੇ ਵੱਡੀ ਗਿਣਤੀ ਵਿਚ ਕੇਂਦਰੀ ਸੁਰੱਖਿਆ ਬਲਾਂ ਨੂੰ ਤੈਨਾਤ ਕਰ ਕੇ ਇਥੋਂ ਦੀ ਲੰਘਣ ਵਾਲਿਆਂ ਦੀ ਚੈਕਿੰਗ ਸ਼ੁਰੂ ਕਰ ਦਿਤੀ ਹੈ। ਡੇਰਾ ਪ੍ਰੇਮੀਆਂ ਦੇ ਵੱਡੀ ਗਿਣਤੀ ਵਿਚ ਸਿਰਸਾ ਅਤੇ ਪੰਚਕੂਲਾ ਜਾਣ ਦੀਆਂ ਖ਼ਬਰਾਂ ਵਿਚਕਾਰ ਇਹ ਫ਼ੈਸਲਾ ਲਿਆ ਗਿਆ।
ਇਸ ਤੋਂ ਇਲਾਵਾ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਦੇ ਹੋਏ ਸੰਵੇਦਨਸ਼ੀਲ ਥਾਵਾਂ 'ਤੇ ਕੇਂਦਰੀ ਸੁਰੱਖਿਆ ਬਲ ਤੈਨਾਤ ਕਰ ਦਿਤੇ ਹਨ। ਮਾਹੌਲ ਨੂੰ ਦੇਖਦੇ ਹੋਏ ਮਾਨਸਾ ਜ਼ਿਲ੍ਹੇ 'ਚ ਭਲਕ ਅਤੇ ਬਠਿੰਡਾ 'ਚ 25 ਅਤੇ 26 ਅਗੱਸਤ ਨੂੰ ਸਮੂਹ ਵਿਦਿਅਕ ਅਦਾਰੇ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ। 25 ਅਗੱਸਤ ਨੂੰ ਵੱਖ-ਵੱਖ ਵਿਦਿਅਕ ਅਦਾਰਿਆਂ ਦੀਆਂ ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਵੀ ਪਿੱਛੇ ਪਾ ਦਿਤਾ ਹੈ। ਇਸੇ ਤਰ੍ਹਾਂ ਜਨਤਕ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਦੇ ਖ਼ਦਸ਼ਿਆਂ ਦੌਰਾਨ ਪੀਆਰਟੀਸੀ ਵਲੋਂ ਭਲਕ ਬਾਅਦ ਦੁਪਿਹਰ ਤੋਂ ਮਾਲਵਾ ਖੇਤਰ 'ਚ ਬੱਸ ਸਰਵਿਸ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ। ਇਸ ਦੇ ਨਾਲ ਹੀ ਕਾਰਪੋਰੇਸਨ ਦੇ ਐਮ.ਡੀ ਨੇ ਹਰ ਇਕ ਡਿਪੂ 'ਚ ਕੰਟਰੋਲ ਰੂਮ ਸਥਾਪਤ ਕਰ ਕੇ ਅਧਿਕਾਰੀਆਂ ਨੂੰ ਪੁਲਿਸ ਦੇ ਕੰਟਰੂਲ ਰੂਮਾਂ ਨਾਲ ਸੰਪਰਕ 'ਚ ਰਹਿਣ ਦੀਆਂ ਹਦਾਇਤਾਂ ਦਿਤੀਆਂ।
ਡੇਰਾ ਪ੍ਰੇਮੀਆਂ ਦੇ ਵੱਡੇ ਗੜ੍ਹ ਮੰਨੇ ਜਾਣ ਵਾਲੇ ਬਠਿੰਡਾ ਜ਼ਿਲ੍ਹੇ 'ਚ ਡਿਪਟੀ ਕਮਿਸ਼ਨਰ ਦੀਪਾਰਵਾ ਲਾਕੜਾ ਵਲੋਂ 38 ਸਿਵਲ ਅਧਿਕਾਰੀਆਂ ਨੂੰ ਡਿਊਟੀ ਮੈਜਿਸਟਰੇਟ ਵਜੋਂ ਪੁਲਿਸ ਅਧਿਕਾਰੀ ਨਾਲ ਤੈਨਾਤ ਕਰ ਦਿਤਾ। ਜ਼ਿਲ੍ਹਾ ਮੈਜਿਸਟਰੇਟ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਤੋਂ ਬਿਨਾਂ ਵਾਇਰਲੈਸ ਸੈੱਟ ਦੀ ਵਰਤੋਂ ਕਰਨ 'ਤੇ ਪੂਰਨ ਤੌਰ 'ਤੇ ਪਾਬੰਦੀ ਦੇ ਹੁਕਮ ਦਿਤੇ ਹਨ। ਉਧਰ ਉਪ ਮੰਡਲ ਮੈਜਿਸਟਰੇਟ ਸਾਕਸ਼ੀ ਸਾਹਨੀ ਨੇ ਸ਼ਹਿਰ ਵਿਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਸ਼ਹਿਰ ਦੀਆਂ ਧਾਰਮਕ ਅਤੇ ਸਮਾਜਕ ਸੰਸਥਾਵਾਂ ਨਾਲ ਮੀਟਿੰਗ ਵੀ ਕੀਤੀ ਜਿਸ ਵਿਚ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਵੀ ਸ਼ਾਮਲ ਸਨ।
ਸੰਸਥਾਵਾਂ ਵਲੋਂ ਵੀ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਸ਼ਹਿਰ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਉਹ ਹਰ ਤਰ੍ਹਾਂ ਨਾਲ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ।
ਇਸ ਤੋਂ ਇਲਾਵਾ ਖੁਫੀਆ ਵਿੰਗ ਵਲੋਂ ਡੇਰਾ ਪ੍ਰੇਮੀਆਂ ਦੇ 25 ਅਗੱਸਤ ਨੂੰ ਨਾਮ ਚਰਚਾ ਘਰਾਂ 'ਚ ਵੱਡੀ ਗਿਣਤੀ ਵਿਚ ਇਕੱਠੇ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਡੇਰਿਆਂ ਦੇ ਨਾਮ ਚਰਚਾ ਨਜ਼ਦੀਕ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਲੋੜ ਪੈਣ 'ਤੇ ਕਾਰਵਾਈ ਕਰਨ ਲਈ ਆਈ.ਜੀ, ਡੀ.ਆਈ.ਜੀ, ਐਸ.ਐਸ.ਪੀ ਅਤੇ ਐਸ.ਪੀਜ਼ ਦੀ ਅਗਵਾਈ ਹੇਠ ਰਿਜ਼ਰਵ ਬਟਾਲੀਅਨਾਂ ਗਠਤ ਕੀਤੀਆਂ ਹਨ। ਅੱਜ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਕੇਂਦਰੀ ਸੁਰੱਖਿਆ ਬਲਾਂ ਵਲੋਂ ਫਲੈਗ ਮਾਰਚ ਵੀ ਕੱਢਿਆ ਗਿਆ। ਉਧਰ ਸਿੱਖ ਆਗੂਆਂ ਨੇ ਵੀ ਇਸ ਮਾਮਲੇ 'ਚ ਸਮਝਦਾਰੀ ਕਰਦੇ ਹੋਏ ਸਿੱਖਾਂ ਨੂੰ ਇਸ ਮਾਮਲੇ ਤੋਂ ਦੂਰ ਰਹਿਣ ਦੀਆਂ ਸਲਾਹਾਂ ਦਿਤੀਆਂ ਹਨ। ਦਲ ਖ਼ਾਲਸਾ ਅਤੇ ਯੂਨਾਈਟਿਡ ਅਕਾਲੀ ਦਲ ਦੇ ਆਗੂਆਂ ਨੇ ਇਥੇ ਜਾਰੀ ਬਿਆਨਾਂ 'ਚ ਦਾਅਵਾ ਕੀਤਾ ਕਿ ਇਹ ਮਾਮਲਾ ਅਦਾਲਤ ਅਤੇ ਡੇਰਾ ਮੁਖੀ ਵਿਚਕਾਰ ਹੈ, ਜਿਸ ਦੇ ਚੱਲਦੇ ਸਿੱਖਾਂ ਨੂੰ ਕਿਸੇ ਵੀ ਤਰ੍ਹਾਂ ਬਹਿਕਵੇ 'ਚ ਨਹੀਂ ਆਉਣਾ ਚਾਹੀਦਾ।