ਜੇ ਸਿੱਖ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਜਾਰੀ ਰਹੀ ਤਾਂ ਪੰਜਾਬ ਨੂੰ ਫਿਰ ਕਾਲੇ ਦਿਨ ਵੇਖਣੇ ਪੈਣਗੇ: ਸੇਖਵਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਦਾਸਪੁਰ ਜ਼ਿਲ੍ਹੇ ਦੇ ਕਾਹਨੂੰਵਾਨ ਸਥਿਤ ਛੋਟਾ ਘੱਲੂਘਾਰਾ ਗੁਰਦਵਾਰੇ ਵਿਚ ਮਰਿਆਦਾ ਭੰਗ ਕਰਨ ਅਤੇ ਸਕੱਤਰ ਤੇ ਪਾਠੀ ਵਲੋਂ ਇਕ ਔਰਤ ਨਾਲ ਕੁਕਰਮ ਕਰਨ ਬਦਲੇ...

Sekhwan

ਚੰਡੀਗੜ੍ਹ, 23 ਅਗੱਸਤ (ਜੀ.ਸੀ. ਭਾਰਦਵਾਜ):  ਗੁਰਦਾਸਪੁਰ ਜ਼ਿਲ੍ਹੇ ਦੇ ਕਾਹਨੂੰਵਾਨ ਸਥਿਤ ਛੋਟਾ ਘੱਲੂਘਾਰਾ ਗੁਰਦਵਾਰੇ ਵਿਚ ਮਰਿਆਦਾ ਭੰਗ ਕਰਨ ਅਤੇ ਸਕੱਤਰ ਤੇ ਪਾਠੀ ਵਲੋਂ ਇਕ ਔਰਤ ਨਾਲ ਕੁਕਰਮ ਕਰਨ ਬਦਲੇ ਪੈਦਾ ਹੋਈ ਸਥਿਤੀ ਬਾਰੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸੀਨੀਅਰ ਅਕਾਲੀ ਨੇਤਾ ਨੇ ਦੋਸ਼ ਲਾਇਆ ਹੈ ਕਿ ਕਾਂਗਰਸ ਨੇਤਾ ਤੇ ਰਾਜ ਸਭਾ ਮੈਂਬਰ ਸ. ਪ੍ਰਤਾਪ ਸਿੰਘ ਬਾਜਵਾ ਸਿੱਖ ਧਾਰਮਕ ਭਾਵਨਾਵਾਂ ਨੂੰ ਭੜਕਾਅ ਕੇ ਸਰਹੱਦੀ ਸੂਬੇ ਵਿਚ ਸ਼ਾਂਤੀ ਭੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਸਿੱਖ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਜਾਰੀ ਰਹੀ ਤਾਂ ਪੰਜਾਬ ਨੂੰ ਫਿਰ ਕਾਲੇ ਦਿਨ ਵੇਖਣੇ ਪੈਣਗੇ।
ਅੱਜ ਇਥੇ ਸ਼੍ਰੋਮਣੀ ਕਮੇਟੀ ਦੇ ਸਬ ਆਫ਼ਿਸ ਵਿਚ ਪ੍ਰੈੱਸ ਕਾਨਫ਼ਰੰਸ ਕਰ ਕੇ ਸ. ਸੇਵਾ ਸਿੰਘ ਸੇਖਵਾਂ ਨੇ ਮੰਗ ਕੀਤੀ ਕਿ ਸ. ਬਾਜਵਾ ਸਮੇਤ ਉਸ ਦੇ ਸਾਥੀਆਂ ਤੇ ਬਦਮਾਸ਼ ਟੋਲੇ ਵਿਰੁਧ ਧਾਰਾ 295-ਏ ਤਹਿਤ ਪਰਚਾ ਦਰਜ ਕੀਤਾ ਜਾਵੇ ਕਿਉਂਕਿ ਅਕਾਲ ਤਖ਼ਤ ਦੇ ਜਥੇਦਾਰ ਦੇ ਹੁਕਮਾਂ ਦੀ ਉਲੰਘਣਾ ਕਰ ਕੇ 22 ਅਗੱਸਤ ਨੂੰ ਕਾਂਗਰਸੀ ਲੀਡਰਾਂ ਨੇ ਰੌਲ 'ਤੇ ਬੈਠਿਆਂ, ਅਖੰਡ ਪਾਠ ਕਰਦੇ ਹੋਏ ਪਾਠੀ ਸਿੰਘਾਂ ਨੂੰ ਘੜੀਸਿਆ, ਮਰਿਆਦਾ ਭੰਗ ਕੀਤੀ ਅਤੇ ਨਸ਼ੇ ਦੀ ਹਾਲਤ ਵਿਚ ਗੁਰਦਵਾਰੇ ਅੰਦਰ ਖ਼ਰੂਦ ਕੀਤਾ।
ਸ. ਸੇਖਵਾਂ ਨੇ ਕਿਹਾ ਕਿ ਸ. ਬਾਜਪਾ ਸਿੱਖ ਭਾਵਨਾਵਾਂ ਭੜਕਾਅ ਕੇ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਲਤ ਖ਼ਰਾਬ ਕਰਨੀ ਚਾਹੁੰਦਾ ਹੈ। ਸ਼੍ਰੋਮਣੀ ਕਮੇਟੀ ਦੇ ਇਸ ਸੀਨੀਅਰ ਮੈਂਬਰ ਦਾ ਕਹਿਣਾ ਹੈ ਕਿ ਕਾਂਗਰਸ ਦੇ ਇਹ ਗੁਰਦਾਸਪੁਰ ਨੇਤਾ 1982-83 ਵਾਲੀ ਸ਼ਰਾਰਤੀ ਖੇਡ ਖੇਡਣਾ ਚਾਹੁੰਦਾ ਹੈ ਜਦ ਕੇਂਦਰ ਵਿਚ ਬੈਠੇ ਗਿਆਨੀ ਜ਼ੈਲ ਸਿੰਘ ਨੇ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਵਿਰੁਧ ਸ਼ਰਾਰਤ ਰਚੀ ਸੀ, ਪੰਜਾਬ ਦਾ ਮਾਹੌਲ ਖ਼ਰਾਬ ਕੀਤਾ, ਦਹਿਸ਼ਤਗਰਦੀ ਦਾ ਸੰਤਾਪ ਸਾਰੇ ਸੂਬੇ ਨੇ ਭੋਗਿਆ।
ਸ. ਸੇਖਵਾਂ ਨੇ ਤਾੜਨਾ ਕੀਤੀ ਕਿ ਜੇ ਬਾਜਵਾ ਵਰਗੇ ਕਾਂਗਰਸੀ ਨੇਤਾ ਅਤੇ ਹੋਰ ਸ਼ਰਾਰਤੀ ਸਾਥੀਆਂ ਨੇ ਸਿੱਖ ਮਰਿਆਦਾ ਭੰਗ ਕਰਨ, ਧਾਰਮਕ ਭਾਵਨਾਵਾਂ ਤੇ ਸਿੱਖ ਮਸਲਿਆਂ ਵਿਚ ਦਖ਼ਲਅੰਦਾਜ਼ੀ ਕਰਨੀ ਬੰਦ ਨਾ ਕੀਤੀ ਤਾਂ ਪੰਜਾਬ ਦੇ ਲੋਕਾਂ ਨੂੰ ਮੁੜ ਕਾਲੇ ਦਿਨ ਵੇਖਣੇ ਪੈਣਗੇ। ਉਨ੍ਹਾਂ ਕਾਦੀਆਂ ਹਲਕੇ ਦੇ ਕਾਂਗਰਸੀ ਵਿਧਾਇਕ ਅਤੇ ਬਾਜਵਾ ਦੇ ਭਰਾ ਸ. ਫ਼ਤਿਹਜੰਗ ਬਾਜਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨਾ ਸਿੱਖ ਧਰਮ ਤੇ ਨਾ ਹੀ ਗੁਰਦਵਾਰੇ ਦੇ ਕੰਮਕਾਜ ਵਿਚ ਕੋਈ ਦਖ਼ਲ ਦਿਤਾ ਹੈ।
ਜ਼ਿਕਰਯੋਗ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਕਾਹਨੂੰਵਾਨ ਪਹੁੰਚ ਕੇ 20 ਅਗੱਸਤ ਨੂੰ ਪਸ਼ਚਾਤਾਪ ਇਕੱਠ ਵਿਚ ਮਤਾ ਪਾਸ ਕਰਨ ਦੇ ਬਾਵਜੂਦ ਵੀ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਤੇ ਸੇਵਾ ਸਿੰਘ ਸੇਖਵਾਂ ਸਮੇਤ 27 ਸਿੱਖਾਂ ਵਿਰੁਧ ਭੈਣੀ ਮੀਆਂ ਖਾਨ ਤੇ ਤਿੱਬਰ ਥਾਣੇ ਵਿਚ 21 ਅਗੱਸਤ ਨੂੰ ਪੁਲਿਸ ਨੇ ਪਰਚੇ ਦਰਜ ਕੀਤੇ ਹਨ। ਉਨ੍ਹਾਂ ਇਨ੍ਹਾਂ ਝੂਠੇ ਪਰਚਿਆਂ ਨੂੰ ਰੱਦ ਕਰਨ ਦੀ ਮੰਗ ਕੀਤੀ।
ਅਤੇ ਨਵੀਂ ਕਮੇਟੀ ਬਣਾਉਣ ਦੀ ਮੰਗ ਕਰਦਿਆਂ ਸ. ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਗੁਰਦਵਾਰਾ ਘੱਲੂਘਾਰਾ ਕਾਹਨੂੰਵਾਨ ਦੀ ਪਵਿੱਤਰਤਾ ਕਾਇਮ ਰਖਣਾ, ਮਰਿਆਦਾ ਬਚਾਉਣਾ ਅਤੇ ਧਾਰਮਕ ਰਵਾਇਤਾਂ ਕਾਇਮ ਰਖਣਾ ਸਾਡਾ ਅਪਣਾ ਫ਼ਰਜ਼ ਹੈ, ਕਾਂਗਰਸ ਨੂੰ ਇਸ ਵਿਚ ਦਖ਼ਲ ਨਹੀਂ ਦੇਣਾ ਚਾਹੀਦਾ।