ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿਚ ਰਾਖੀ ਸਾਵੰਤ ਨੂੰ ਜ਼ਮਾਨਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਲੀਵੁਡ ਫ਼ਿਲਮ ਅਦਾਕਾਰਾ ਰਾਖੀ ਸਾਵੰਤ ਵਲੋਂ ਵਾਲਮੀਕੀ ਭਾਈਚਾਰੇ ਦੀਆਂ ਧਾਰਮਕ ਭਾਵਨਾਵਾਂ ਨੂੰ ਕਥਿਤ ਠੇਸ ਪਹੁੰਚਾਉਣ ਦੇ ਦੋਸ਼ ਹੇਠ ਅਦਾਲਤ ਵਿਚ ਚੱਲ ਰਹੇ ਮਾਮਲੇ ਵਿਚ..

Rakhi Sawant

ਲੁਧਿਆਣਾ, 23 ਅਗੱਸਤ (ਗੁਰਮਿੰਦਰ ਗਰੇਵਾਲ): ਬਾਲੀਵੁਡ ਫ਼ਿਲਮ ਅਦਾਕਾਰਾ ਰਾਖੀ ਸਾਵੰਤ ਵਲੋਂ ਵਾਲਮੀਕੀ ਭਾਈਚਾਰੇ ਦੀਆਂ ਧਾਰਮਕ ਭਾਵਨਾਵਾਂ ਨੂੰ ਕਥਿਤ ਠੇਸ ਪਹੁੰਚਾਉਣ ਦੇ ਦੋਸ਼ ਹੇਠ ਅਦਾਲਤ ਵਿਚ ਚੱਲ ਰਹੇ ਮਾਮਲੇ ਵਿਚ ਅਦਾਲਤ ਵਲੋਂ ਵਾਰ ਵਾਰ ਤਲਬ ਕਰਨ ਅਤੇ ਵਾਰੰਟ ਜਾਰੀ ਹੋਣ ਦੇ ਬਾਵਜੂਦ ਪੇਸ਼ੀ ਤੋਂ ਗ਼ੈਰ ਹਾਜ਼ਰ ਰਹਿਣ 'ਤੇ ਉਕਤ ਅਦਾਕਾਰਾ ਨੂੰ ਆਖ਼ਰ ਅੱਜ ਇਥੋਂ ਦੀ ਅਦਾਲਤ ਵਿਚ ਪੇਸ਼ ਹੋਣਾ ਪੈ ਹੀ ਗਿਆ।
ਜ਼ਮਾਨਤ ਦੀ ਅਰਜ਼ੀ 'ਤੇ ਮਾਨਯੋਗ ਜੱਜ ਵਿਸ਼ਵ ਗੁਪਤਾ ਦੀ ਕੋਰਟ ਨੇ ਰਾਖੀ ਸਾਵੰਤ ਨੂੰ ਇਕ ਲੱਖ ਰੁਪਏ ਦੇ ਲੋਕਲ ਜ਼ਮਾਨਤੀ 'ਤੇ ਜ਼ਮਾਨਤ ਦੇ ਦਿਤੀ। ਕੋਰਟ ਨੇ ਉਸ ਨੂੰ ਸੁਣਵਾਈ ਲਈ 19 ਸਤੰਬਰ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਹੈ।  ਅਦਾਕਾਰਾ ਰਾਖੀ ਸਵੰਤ ਦੀ ਜ਼ਮਾਨਤ ਲੁਧਿਆਣਾ ਦੇ ਇਕ ਹਰਚੰਦ ਨਾਂਅ ਦੇ ਵਿਅਕਤੀ ਨੇ ਦਿਤੀ ਹੈ। ਰਾਖੀ ਸਾਵੰਤ ਬਾਅਦ ਦੁਪਹਿਰ 3.15 ਦੇ ਕਰੀਬ ਅਦਾਲਤ ਵਿਚ ਪੰਜਾਬੀ ਸੂਟ 'ਚ ਪੇਸ਼ ਹੋਈ। ਲੋਕਾਂ ਦੀ ਭੀੜ ਅਤੇ ਮੀਡੀਆ ਦੇ ਇਕੱਠ ਨੂੰ ਵੇਖ ਕੇ ਰਾਖੀ ਨੇ ਛੇਤੀ ਹੀ ਕੋਰਟ ਵਿਚ ਜਾਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਲੋਕਾਂ ਦੀ ਭਾਰੀ ਭੀੜ ਕਾਰਨ ਉਹ ਕੋਰਟ ਵਿਚ ਨਾ ਜਾ ਸਕੀ। ਬੜੀ ਮੁਸ਼ੱਕਤ ਤੋਂ ਬਾਅਦ ਕਿਧਰੇ ਜਾ ਕੇ ਉਹ ਕੋਰਟ 'ਚ ਦਾਖ਼ਲ ਹੋ ਸਕੀ। ਜਿਸ 'ਤੇ ਕੋਰਟ ਦੇ ਦਖ਼ਲ ਤੇ ਪੁਲਿਸ ਨੇ ਮੀਡੀਆ ਅਤੇ ਲੋਕਾਂ ਨੂੰ ਬਾਹਰ ਭੇਜ ਦਿਤਾ।
ਇਸ ਤੋਂ ਪਹਿਲਾਂ ਵੀ ਉਹ ਅਦਾਲਤ 'ਚ ਕੁੱਝ ਅਰਸਾ ਪਹਿਲਾਂ ਪੇਸ਼ ਹੋਈ ਸੀ। ਲੋਕਲ ਜ਼ਮਾਨਤੀ ਨਾ ਦੇਣ ਅਤੇ ਅਦਾਲਤ ਵਿਚ ਪੇਸ਼ ਨਾ ਹੋਣ ਕਾਰਨ ਅਦਾਲਤ ਨੇ ਉਸ ਦੀ ਜ਼ਮਾਨਤ ਰੱਦ ਕਰ ਕੇ ਵਾਰੰਟ ਜਾਰੀ ਕਰ ਦਿਤੇ ਸਨ।
ਰਾਖੀ ਸਾਵੰਤ ਨੇ ਸੈਸ਼ਨ ਕੋਰਟ ਵਿਚ ਅੰਤਰਿਮ ਜ਼ਮਾਨਤ ਦੀ ਅਰਜ਼ੀ ਦਿਤੀ ਸੀ ਜਿਸ 'ਤੇ ਸੈਸ਼ਨ ਕੋਰਟ ਨੇ ਉਸ ਦੀ ਅੰਤਰਿਮ ਜ਼ਮਾਨਤ ਮਨਜ਼ੂਰ ਕਰਦੇ ਹੋਏ ਉਸ ਨੂੰ ਹੇਠਲੀ ਅਦਾਲਤ ਵਿਚ ਪੇਸ਼ ਹੋਣ ਦੇ ਆਦੇਸ਼ ਦਿਤੇ ਸਨ ਪਰ ਉਹ ਕਿਸੇ ਕਾਰਨ ਹੇਠਲੀ ਅਦਾਲਤ ਵਿਚ ਪੇਸ਼ ਨਾ ਹੋ ਸਕੀ।
ਅਦਾਲਤ ਨੇ ਮੁੜ ਤੋਂ ਉਸ ਦੇ 5 ਸਤੰਬਰ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿਤੇ ਸਨ। ਦੁਬਾਰਾ ਸੈਸ਼ਨ ਕੋਰਟ ਵਿਚ ਜ਼ਮਾਨਤ ਦਾ ਸਮਾਂ ਵਧਾਉਣ ਲਈ ਦਿਤੀ ਅਰਜ਼ੀ ਤੇ ਸੈਸ਼ਨ ਕੋਰਟ ਨੇ ਉਸ ਨੂੰ ਹੇਠਲੀ ਅਦਾਲਤ ਵਿਚ 25 ਅਗੱਸਤ ਤਕ ਪੇਸ਼ ਹੋਣ ਦੇ ਹੁਕਮ ਦਿਤੇ ਸਨ। ਉਸੇ ਤਹਿਤ ਰਾਖੀ ਸਾਵੰਤ ਨੇ ਅੱਜ ਅਦਾਲਤ ਵਿਚ ਪੇਸ਼ ਹੋ ਕੇ ਜ਼ਮਾਨਤ ਲੈ ਲਈ। ਕੋਰਟ 'ਚੋਂ ਬਾਹਰ ਆਉਣ 'ਤੇ ਮੀਡੀਆ ਵਲੋਂ ਵਾਰ ਵਾਰ ਪੇਸ਼ ਨਾ ਹੋਣ ਦੇ ਸਵਾਲ 'ਤੇ ਉਸ ਨੇ ਕਿਹਾ ਕਿ ਉਹ ਮੁਲਕ ਤੋਂ ਬਾਹਰ ਅਪਣੀ ਕਿਸੇ ਫ਼ਿਲਮ ਦੀ ਸ਼ੂਟਿੰਗ 'ਚ ਕਾਫ਼ੀ ਅਰਸਾ ਮਸਰੂਫ਼ ਰਹੀ ਸੀ।