ਸੁਖਬੀਰ ਨੂੰ ਸਚਮੁਚ ਕਿਸਾਨਾਂ ਦਾ ਫ਼ਿਕਰ ਹੈ ਤਾਂ ਸੰਸਦ ਦਾ ਘਿਰਾਉ ਕਰੇ : ਕੈਪਟਨ
ਕੈਪਟਨ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ 10 ਸਾਲਾਂ ਦੇ ਸ਼ਾਸਨਕਾਲ ਦੌਰਾਨ ਕਿਸਾਨਾਂ ਦੀ ਭਲਾਈ ਦਾ ਇਕ ਵੀ ਕਦਮ ਚੁੱਕਣ ਵਿਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦੇ ਮੁੱਦੇ 'ਤੇ ਵਿਧਾਨ ਸਭਾ ਦੇ ਬਾਹਰ ਢਕਵੰਜ ਕਰਨ ਦੀ ਬਜਾਏ ਇਸ ਗੰਭੀਰ ਮੁੱਦੇ 'ਤੇ ਕੇਂਦਰ ਵਿਚ ਅਕਾਲੀ ਦਲ ਦੀ ਭਾਈਵਾਲ ਸਰਕਾਰ 'ਤੇ ਦਬਾਅ ਪਾਉਣ ਲਈ ਸੰਸਦ ਦਾ ਘਿਰਾਉ ਕਰਨ ਦੀ ਚੁਨੌਤੀ ਦਿਤੀ ਹੈ।ਕੈਪਟਨ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ 10 ਸਾਲਾਂ ਦੇ ਸ਼ਾਸਨਕਾਲ ਦੌਰਾਨ ਕਿਸਾਨਾਂ ਦੀ ਭਲਾਈ ਦਾ ਇਕ ਵੀ ਕਦਮ ਚੁੱਕਣ ਵਿਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਅਪਣੀ ਸਰਕਾਰ ਵੇਲੇ ਕਰਜ਼ੇ ਨਾਲ ਜੂਝ ਰਹੀ ਕਿਸਾਨੀ ਵਲ ਕਦੇ ਮੂੰਹ ਨਹੀਂ ਕੀਤਾ ਜਦਕਿ ਹੁਣ ਕਿਸਾਨਾਂ ਦੇ ਮੁਦਈ ਹੋਣ ਦਾ ਢਿੰਡੋਰਾ ਪਿੱਟਿਆ ਜਾ ਰਿਹਾ ਹੈ।
ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਮੁੱਦੇ 'ਤੇ ਸੁਖਬੀਰ ਦਾ ਸਟੈਂਡ ਬੇਤੁਕਾ ਹੈ ਕਿਉਂਕਿ ਕੇਂਦਰੀ ਕੈਬਨਿਟ ਵਿਚ ਉਸ ਦੀ ਪਤਨੀ ਮੈਂਬਰ ਅਤੇ ਉਸ ਦੀ ਪਾਰਟੀ ਭਾਜਪਾ ਦੀ ਸਹਿਯੋਗੀ ਹੋਣ ਦੇ ਬਾਵਜੂਦ ਅਕਾਲੀ ਦਲ ਦੇ ਪ੍ਰਧਾਨ ਨੇ ਕਰਜ਼ੇ ਦੇ ਬੋਝ ਹੇਠ ਦਬੇ ਪੰਜਾਬ ਦੇ ਕਿਸਾਨਾਂ ਵਾਸਤੇ ਕੇਂਦਰ ਦੀ ਸਹਾਇਤਾ ਲਈ ਕੋਈ ਚਾਰਾਜੋਈ ਨਹੀਂ ਕੀਤੀ।ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸੁਖਬੀਰ ਬਾਦਲ ਨੂੰ ਕਿਸਾਨਾਂ ਦੀ ਹਾਲਤ ਦੀ ਸੱਚਮੁੱਚ ਹੀ ਥੋੜੀ-ਬਹੁਤ ਚਿੰਤਾ ਹੈ ਤਾਂ ਉਸ ਨੂੰ ਪੰਜਾਬ ਵਿਚ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਇਸ ਮਸਲੇ 'ਤੇ ਫੋਕੀ ਵਾਹ-ਵਾਹ ਖੱਟਣ ਦੀ ਬਜਾਏ ਇਸ ਨੂੰ ਬੀਤੇ ਚਾਰ ਸਾਲਾਂ ਵਿਚ ਕੇਂਦਰ ਸਰਕਾਰ ਕੋਲ ਚੁਕਣਾ ਚਾਹੀਦਾ ਸੀ।