ਫਲੋਰ ਟੈਸਟ ਤੋਂ ਪਹਿਲਾਂ ਹੀ ਅਸਤੀਫ਼ੇ ਦਾ ਐਲਾਨ ਕਰ ਸਕਦੇ ਹਨ ਕਮਲਨਾਥ

ਏਜੰਸੀ

ਖ਼ਬਰਾਂ, ਰਾਜਨੀਤੀ

ਦਿਗਵਿਜੈ ਸਿੰਘ ਬੋਲੇ, ‘ਸਰਕਾਰ ਕੋਲ ਬਹੁਮਤ ਦਾ ਅੰਕੜਾ ਨਹੀਂ’

Photo

ਨਵੀਂ ਦਿੱਲੀ: ਮੱਧ ਪ੍ਰਦੇਸ਼ ਵਿਚ ਜਾਰੀ ਸਿਆਸੀ ਸੰਕਟ ਵਿਚ ਸ਼ੁੱਕਰਵਾਰ ਨੂੰ ਵਿਧਾਨ ਸਭਾ ਵਿਚ ਕਮਲਨਾਥ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦਾ ਬਹੁਮਤ ਪਰੀਖਣ ਹੋਣਾ ਹੈ। ਸੁਪਰੀਮ ਕੋਰਟ ਨੇ ਇਕ ਦਿਨ ਪਹਿਲਾਂ ਹੀ ਫਲੋਰ ਟੈਸਟ ਦੇ ਨਿਯਮ-ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਸੀ ਕਿ ਅਦਾਲਤ ਜਲਦ ਤੋਂ ਜਲਦ ਬਹੁਮਤ ਪਰੀਖਣ ਚਾਹੁੰਦੀ ਹੈ।

 ਅੱਜ ਸ਼ਾਮ ਨੂੰ ਹੋਣ ਵਾਲੇ ਫਲੋਰ ਟੈਸਟ ਤੋਂ ਪਹਿਲਾਂ ਹੀ ਕਮਲਨਾਥ ਅਸਤੀਫਾ ਦੇ ਸਕਦੇ ਹਨ। ਇਸ ਦਾ ਐਲਾਨ ਉਹ ਦੁਪਹਿਰ ਨੂੰ ਬੁਲਾਈ ਗਈ ਪ੍ਰੈੱਸ ਕਾਨਫਰੰਸ ਵਿਚ ਕਰ ਸਕਦੇ ਹਨ। ਕਾਂਗਰਸ ਆਗੂ ਦਿਗਵਿਜੈ ਸਿੰਘ ਦਾ ਕਹਿਣਾ ਹੈ ਕਿ 22 ਵਿਧਾਇਕਾਂ ਦੇ ਅਸਤੀਫ਼ੇ ਤੋਂ ਬਾਅਦ ਕਮਲਨਾਥ ਸਰਕਾਰ ਕੋਲ ਬਹੁਮਤ ਦਾ ਅੰਕੜਾ ਨਹੀਂ ਹੈ, ਅਜਿਹੇ ਵਿਚ ਦੇਖਣਾ ਹੋਵੇਗਾ ਕਿ ਹੁਣ ਕੀ ਹੋ ਸਕਦਾ ਹੈ।

ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ ਸ਼ੁੱਕਰਵਾਰ ਸ਼ਾਮ 5 ਵਜੇ ਤੱਕ ਕਮਲਨਾਥ ਸਰਕਾਰ ਨੂੰ ਬਹੁਮਤ ਸਾਬਿਤ ਕਰਨੀ ਹੈ ਪਰ ਇਸ ਤੋਂ ਪਹਿਲਾਂ ਦਿਗਵਿਜੈ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹਨਾਂ ਨੂੰ ਬਹੁਮਤ ਦੇ ਅੰਕੜੇ ‘ਤੇ ਸ਼ੱਕ ਹੈ। ਉਹਨਾਂ ਕਿਹਾ ਕਿ ਪੈਸੇ ਅਤੇ ਸੱਤਾ ਦੇ ਦਮ ‘ਤੇ ਬਹੁਮਤ ਵਾਲੀ ਸਰਕਾਰ ਨੂੰ ਘੱਟਗਿਣਤੀ ਵਿਚ ਲਿਆਂਦਾ ਗਿਆ ਹੈ।

ਦੱਸ ਦਈਏ ਕਿ 22 ਵਿਧਾਇਕਾਂ ਦੇ ਅਸਤੀਫੇ ਤੋਂ ਬਾਅਦ ਮੱਧ ਪ੍ਰਦੇਸ਼ ਵਿਚ ਕਾਂਗਰਸ ਗਠਜੋੜ ਕੋਲ ਸਿਰਫ਼ 99 ਵਿਧਾਇਕ ਬਚੇ ਹਨ ਜਦਕਿ ਬਹੁਮਤ ਲਈ 104 ਦਾ ਅੰਕੜਾ ਚਾਹੀਦਾ ਹੈ। ਉੱਥੇ ਹੀ ਭਾਜਪਾ ਕੋਲ 106 ਵਿਧਾਇਕ ਹਨ। ਅਜਿਹੇ ਵਿਚ ਮੁੱਖ ਮੰਤਰੀ ਕਮਲਨਾਥ ਫਲੋਰ ਟੈਸਟ ਵਿਚ ਜਾਣ ਦੀ ਬਜਾਏ, ਉਸ ਤੋਂ ਪਹਿਲਾਂ ਹੀ ਅਪਣਾ ਅਸਤੀਫ਼ਾ ਸੌਂਪ ਸਕਦੇ ਹਨ।

ਜ਼ਿਕਰਯੋਗ ਹੈ ਕਿ ਹਾਲੇ ਤੱਕ ਕਮਲਨਾਥ ਸਮੇਤ ਹੋਰ ਕਾਂਗਰਸ ਆਗੂ ਦਾਅਵਾ ਕਰ ਰਹੇ ਸੀ ਕਿ ਜੇਕਰ ਬਾਗੀ ਵਿਧਾਇਕਾਂ ਨਾਲ ਮੁਲਾਕਾਤ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ ਤਾਂ ਉਹ ਉਹਨਾਂ ਨੂੰ ਅਪਣੇ ਪੱਖ ਵਿਚ ਕਰ ਲੈਣਗੇ। ਇਸ ਸਬੰਧੀ ਖੁਦ ਦਿਗਵਿਜੈ ਸਿੰਘ ਬੰਗਲੁਰੂ ਪਹੁੰਚੇ ਸਨ ਪਰ ਉਹਨਾਂ ਦੀ ਮੁਲਾਕਾਤ ਨਹੀਂ ਹੋ ਸਕੀ ਸੀ।

ਦੂਜੇ ਪਾਸੇ ਸੁਪਰੀਮ ਕੋਰਟ ਵੱਲੋਂ ਵਿਧਾਨ ਸਭਾ ਸਪੀਕਰ ਨੂੰ ਵੀਰਵਾਰ ਨੂੰ ਫਟਕਾਰ ਲਗਾਈ ਗਈ। ਸਪੀਕਰ ਨੇ ਸਿਰਫ਼ 6 ਵਿਧਾਇਕਾਂ ਦਾ ਅਸਤੀਫ਼ਾ ਸਵਿਕਾਰ ਕੀਤਾ ਸੀ ਜਦਕਿ 16 ਵਿਧਾਇਕਾਂ ਦਾ ਅਸਤੀਫ਼ਾ ਉਹਨਾਂ ਨੇ ਅਸਵਿਕਾਰ ਕੀਤਾ ਸੀ। ਪਰ ਦੇਰ ਸ਼ਾਮ ਨੂੰ ਵਿਧਾਨ ਸਭਾ ਸਪੀਕਰ ਨੇ ਸਾਰੇ 16 ਵਿਧਾਇਕਾਂ ਦੇ ਅਸਤੀਫਿਆਂ ਨੂੰ ਵੀ ਸਵਿਕਾਰ ਕਰ ਲਿਆ ਸੀ।